SCD ਕਾਲਜ ਵਿੱਚ ਖੇਡੇ ਗਏ ਨਾਟਕ ਦਾ ਵਿਵਾਦ ਹੋਇਆ ਹੋਰ ਗੰਭੀਰ
ਲੁਧਿਆਣਾ: 6 ਮਈ 2019: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਦੇ ਮੰਨੇ ਪ੍ਰਮੰਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਖੇਡੇ ਗਏ ਬਹੁ ਚਰਚਿਤ ਨਾਟਕ "ਮਿਊਜ਼ੀਅਮ....." ਦਾ ਵਿਵਾਦ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਨਾਟਕ ਦੇ ਹੱਕ ਅਤੇ ਵਿਰੋਧ ਵਿੱਚ ਹੋਏ ਧਰਨਿਆਂ ਮੁਜ਼ਾਹਰਿਆਂ ਤੋਂ ਬਾਅਦ ਹੁਣ ਗੱਲ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਪੁੱਜ ਗਈ ਹੈ।
ਬਜਰੰਗ ਦਲ ਦੇ ਸਥਾਨਕ ਆਗੂ ਚੇਤਨ ਮਲਹੋਤਰਾ ਨੇ ਇੱਕ ਟੈਲੀਫ਼ੋਨਿਕ ਗੱਲਬਾਤ ਦੌਰਾਨ ਅੱਜ ਦੁਪਹਿਰੇ ਦੱਸਿਆ ਕਿ ਉਹਨਾਂ ਨੂੰ ਇੰਗਲੈਂਡ ਵਾਲੇ ਕਿਸੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਆਈ ਹੈ। ਧਮਕੀ ਦੇਣ ਵਾਲੇ ਨੇ ਆਪਣੇ ਬਾਰੇ ਕਿਹਾ ਕਿ ਮੈਂ ਪੱਕਾ ਨਕਸਲੀ ਬੋਲਦਾ ਹਾਂ। ਨਾਮ ਪੁੱਛਣ 'ਤੇ ਉਸ ਨੇ ਕਿਹਾ ਕਿ ਜੇ ਮੈਂ ਤੈਨੂੰ ਆਪਣਾ ਨਾਮ ਦਸ ਦਿੱਤਾ ਤਾਂ ਹੁਣੇ ਖੜਾ ਖੜੋਤਾ ਹੀ ਡਿੱਗ ਪਵੇਂਗਾ। ਇਸ ਲਈ ਭਲੇ ਦੀ ਗੱਲ ਇਹੀ ਹੈ ਕਿ ਤੂੰ ਨਾਟਕ ਦੇ ਮਾਮਲੇ ਨੂੰ ਲੈ ਕਾਲਜ ਦੇ ਛੋਟੇ ਛੋਟੇ ਬੱਚਿਆਂ ਨਾਲ ਨਾ ਉਲਝ। ਗੱਲ ਕਰਨੀ ਹੈ ਤਾਂ ਸਾਡੇ ਨਾਲ ਕਰ।
ਕਾਬਿਲ-ਏ-ਜ਼ਿਕਰ ਹੈ ਕਿ ਮਰਾਠੀ ਲੇਖਿਕਾ ਅਤੇ ਸਟੇਜ ਨੂੰ ਸਮਰਪਿਤ ਸ਼ਖ਼ਸੀਅਤ ਰਸਿਕਾ ਆਗਾਸ਼ੇ ਦੇ ਬਹੁ ਚਰਚਿਤ ਨਾਟਕ "ਮਿਊਜ਼ੀਅਮ" ਦੇ ਮੰਚਨ ਨੂੰ ਲੈ ਕੇ ਇਤਰਾਜ਼ ਕੀਤਾ ਸੀ ਅਤੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਕਾਲਜ ਦੇ ਪ੍ਰਿੰਸੀਪਲ, ਨਿਰਦੇਸ਼ਕਾ ਨੀਲਮ ਭਾਰਦਵਾਜ ਅਤੇ ਦਸ ਬਾਰਾਂ ਹੋਰਨਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮੁੱਦੇ ਨੂੰ ਲੈ ਕੇ ਖੱਬੀਆਂ ਧਿਰਾਂ ਅਤੇ ਹਿੰਦੂਤਵੀ ਧਿਰਾਂ ਆਹਮੋ ਸਾਹਮਣੇ ਆ ਗਈਆਂ ਹਨ। ਇਸ ਸਬੰਧੀ ਦੋਹਾਂ ਧਿਰਾਂ ਵੱਲੋਂ ਐਕਸ਼ਨਾਂ ਦਾ ਸਿਲਸਿਲਾ ਜਾਰੀ ਹੈ। ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਮੁੱਦੇ ਨੂੰ ਲੈ ਕੇ ਦੋ ਘੰਟਿਆਂ ਤੱਕ ਲੁਧਿਆਣਾ ਦਾ ਪ੍ਰਸਿੱਧ ਭਾਰਤ ਨਗਰ ਚੋਂਕ ਸਾਰੀਆਂ ਸੜਕਾਂ 'ਤੇ ਰੱਸੀਆਂ ਬਣਨ ਕੇ ਜਾਮ ਕੀਤਾ ਸੀ ਅਤੇ ਇਸਦਾ ਜੁਆਬ ਦੇਂਦਿਆਂ ਤਰਕਸ਼ੀਲਾਂ ਨੇ ਕਈ ਹੋਰਨਾਂ ਲੋਕ ਪੱਖੀ ਜਮਹੂਰੀ ਧਿਰਾਂ ਨੂੰ ਨਾਲ ਲੈ ਕੇ ਦੋ ਮਈ ਨੂੰ ਜੁਆਬੀ ਰੋਸ ਵਿਖਾਵਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਅਸੀਂ ਇਹ ਨਾਟਕ ਪੰਜਾਬ ਭਰ ਵਿੱਚ ਥਾਂ ਥਾਂ 'ਤੇ ਖੇਡਾਂਗੇ ਕਿਓਂਕਿ ਇਹ ਨਾਟਕ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ।
ਚੇਤਨ ਮਲਹੋਤਰਾ ਨੇ ਖੁਦ ਨੂੰ ਮਿਲੀ ਧਮਕੀ ਬਾਰੇ ਹੋਰ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਬਾਅਦ ਵਿੱਚ ਕਿਸੇ ਸਥਾਨਕ ਮੋਬਾਈਲ ਨੰਬਰ ਤੋਂ ਵੀ ਆਪਣੀ ਧਮਕੀ ਦੁਹਰਾਈ। ਚੇਤਨ ਮਲਹੋਤਰਾ ਨੇ ਕਿਹਾ ਕਿ ਮੈਂ ਇਹ ਨੰਬਰ ਜਾਂਚ ਪੜਤਾਲ ਲਈ ਇੰਟੈਲੀਜੈਂਸ ਨੂੰ ਦੇ ਦਿੱਤਾ ਹੈ।
ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਸ਼ਨੀਵਾਰ ਚਾਰ ਮਈ 2019 ਨੂੰ ਸਮਿਤੀ ਕੇਂਦਰ ਲੁਧਿਆਣਾ ਵਿੱਚ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਿਹਾ ਕਿ ਇਹ ਨਾਟਕ "ਨਕਸਲੀਆਂ" ਵੱਲੋਂ ਖੇਡਿਆ ਗਿਆ ਸੀ। ਇਸ ਨਾਟਕ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਹੋਣ ਦੇ ਬਾਵਜੂਦ ਪੁਲਿਸ ਨੇ ਅਜੇ ਤਕ ਕਾਲਜ ਦੇ ਸਬੰਧਤ ਸਟਾਫ ਅਤੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਨਾਮਧਾਰੀ ਸੰਪਰਦਾ ਨੇ ਇਸ ਮੁੱਦੇ ਨੂੰ ਲੈ ਕੇ ਭਾਰਤ ਨਗਰ ਚੌਂਕ ਵਿੱਚ ਧਰਨਾ ਵੀ ਦਿੱਤੋ ਸੀ। ਉਦੋਂ ਪੁਲਿਸ ਨੇ ਇਹਨਾਂ ਗ੍ਰਿਫਤਾਰੀਆਂ ਲਈ ਹੋਰ ਸਮਾਂ ਲਿਆ ਸੀ ਪਰ ਉਹ ਸਮਾਂ ਵੀ ਲੰਘ ਗਿਆ। ਗ੍ਰਿਫਤਾਰੀਆਂ ਨਾ ਹੋਣ ਦੇ ਕਾਰਨ ਹਿੰਦੂ ਸੰਗਠਨ ਰੋਸ ਅਤੇ ਗੁੱਸੇ ਵਿੱਚ ਹਨ। ਕਿਸੇ ਵੀ ਵੇਲੇ ਪੰਜਾਬ ਭਰ ਵਿੱਚ ਰੋਸ ਵਖਾਵਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹੁਣ ਇਸ ਧਮਕੀ ਦਾ ਸਚ ਕੀ ਹੈ ਇਸਦਾ ਪਤਾ ਕਿਸੇ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ ਪਰ ਪੰਜਾਬ ਦੇ ਇਤਿਹਾਸ ਵਿੱਚ ਨਕਸਲੀਆਂ ਨੇ ਆਪਣੀ ਚੜ੍ਹਤ ਵੇਲੇ ਵੀ ਸ਼ਾਇਦ ਕਿਸੇ ਨੂੰ ਵਿਚਾਰਧਾਰਕ ਵਿਰੋਧ ਕਰਨ ਧਮਕੀ ਨਹੀਂ ਸੀ ਦਿੱਤੀ। ਖੱਬੇਪੱਖੀਆਂ ਦੇ ਬਹੁਤ ਹੀ ਨੇੜਲੇ ਸਹਿਯੋਗੀ ਰਹੇ ਨਾਮਧਾਰੀਆਂ ਦਾ ਇਸ ਤਰਾਂ ਹਿੰਦੂਤਵੀ ਸੰਗਠਨਾਂ ਨਾਲ ਖੁੱਲ ਕੇ ਆਉਣਾ ਵੀ ਪੰਜਾਬ ਦੀ ਸਿਆਸਤ ਵਿੱਚ ਆ ਰਹੀਆਂ ਤਬਦੀਲੀਆਂ ਦੀ ਇੱਕ ਨਵੀਂ ਤਸਵੀਰ ਪੇਸ਼ ਕਰਦਾ ਹੈ।
ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ
No comments:
Post a Comment