Wednesday, March 27, 2019

ਪੰਜਾਬੀ ਨਾਟਕਾਂ ਨੂੰ ਲੈ ਕੇ ਰੰਗਕਰਮੀ ਸੰਜੀਵਨ ਦਾ ਦਰਦ

 27 March  2019: 10: 37 AM  Whatsapp 
ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾ ਹੀ ਨਿਰਦੇਸ਼ਕ 
ਦੋਸਤੋ,
ਅੱਜ ਸੰਸਾਰ ਭਰ ਦੇ ਨਾਟ-ਕਰਮੀਆਂ ਦਾ ਦਿਹਾੜਾ ਮਨਾਇਆਂ ਜਾ ਰਿਹਾ ਹੈ। ਮੇਰੇ ਵੱਲੋਂ ਆਪਣੇ ਰੰਗਕਰਮੀ ਭਾਈਚਾਰੇ ਨੂੰ ਮੁਬਾਰਕਬਾਦ। ਜਿਹੜੇ ਸਿਰੜੀ, ਸਿਦਕੀ ਅਤੇ ਆਪਣੀ ਲਗਨ ਵਿਚ ਮਗਨ ਨਾਟ-ਕਰਮੀ ਮਹੀਨੇ ਦੇ ਵੀਹ-ਪੰਚੀ ਦਿਨ ਪੰਜਾਬ ਦੇ ਕੋਨੋ ਕੋਨੇ ਵਿਚ ਰੰਗਮੰਚ  ਦੇ ਜ਼ਰੀਏ ਲੋਕਾਈ ਦੀ ਬਾਤ ਪਾਉਂਦੇ ਹਨ।ਉਨਾਂ ਲਈ ਦਾ ਹਰ ਵਰ੍ਹੇ ਦਾ ਹਰ ਦਿਨ ਹੀ ਰੰਗਮੰਚ ਦਿਵਸ ਹੈ।ਉਨਾਂ ਦਾ ਦਿੱਲੋਂ ਸਤਿਕਾਰ।
ਵਿਸ਼ਵ, ਖਾਸ ਕਰਕੇ ਯੂਰਪ ਦੇ ਮੁਕਾਬਲੇ, ਭਾਰਤ ਵਿਚ ਨਾਟਕ ਦੀ ਸਥਿਤੀ, ਭਾਰਤੀ ਨਾਟਕ ਦੇ ਮੁਕਾਬਲੇ ਪੰਜਾਬੀ ਨਾਟਕ ਦੀ ਸਥਿਤੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।ਸਾਡਾ ਪੰਜਾਬੀ ਨਾਟਕ /ਰੰਮਮੰਚ ਰੋਟੀ ਰੋਜ਼ੀ ਦਾ ਵਸੀਲਾ ਨਹੀਂ ਬਣ ਸਕਿਆ। ਜਦ ਕਿ ਯੂਰਪੀ ਮੁਲਕਾਂ ਵਿਚ ਨਾਟਕ ਰਾਂਹੀ ਖੁਸ਼ਹਾਲ ਅਤੇ ਸਨਮਾਨਯੋਗ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ। ਉਥੇ ਨਾਟਕਾਂ ਦੇ ਮੰਚਣ ਪੰਝੀ-ਤੀਹ ਸਾਲ ਲਗਾਤਾਰ ਚੱਲ ਸਕਦੇ ਹਨ।
ਪੰਜਾਬੀ ਨਾਟਕ ਬਾਰੇ ਕਈ ਵਿਦਵਾਨ ਦੋਸਤਾਂ ਦੀ ਰਾਏ ਹੈ ਕਿ ਪੰਜਾਬੀ ਨਾਟਕ/ਰੰਗਮੰਚ ਭਾਰਤ ਦੀਆਂ ਹੋਰਾਂ ਜ਼ੁਬਾਨਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗਰੀਬ ਹੈ। ਹੈਰਾਨੀ ਦੀ ਹੱਦ ਓਦੋਂ ਨਹੀਂ ਰਹਿੰਦੀ ਜਦੋਂ ਇਹ ਵਿਚਾਰ ਉਨਾਂ ਵਿਦਵਾਨਾਂ ਦੀ ਹੁੰਦੀ ਹੈ ਜਿਨਾਂ ਹਿੰਦੋਸਤਾਨ ਦੇ ਵਿਕਸਤ ਅਤੇ ਅਮੀਰ ਜ਼ੁਬਾਨਾਂ ਦੇ ਰੰਗਮੰਚ ਦੀਆਂ ਜ਼ੁਬਾਨਾਂ ਤਾਂ ਕੀ ਕਦੇ ਪੰਜਾਬੀ ਨਾਟਕਾਂ ਨੂੰ ਵੀ ਗੰਭੀਰਤਾ ਨਾਲ ਪੜਿਆ/ਦੇਖਿਆ ਹੁੰਦਾ।
 ਪੰਜਾਬੀ ਨਾਟਕ ਗਿੱਧੇ, ਸੁਆਂਗ, ਬਾਜ਼ੀਆਂ,ਨਕਲਾਂ ਦੇ ਜ਼ਰੀਏ ਇਕ ਸਦੀ ਤੋਂ ਵੱਧ ਦਾ ਸਫਰ ਤਹਿ ਕਰ ਚੁੱਕਾ ਹੈ। ਆਈ.ਸੀ. ਨੰਦਾ ਦੇ ਪਹਿਲੇ ਨਾਟਕ ‘ਦੁਲਹਨ’ ਤੋਂ ਲੈ ਕੇ ਹੁਣ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦੀ ਕਲਮ ਨਾਟਕ-ਲੇਖਣੀ ਦੇ ਖੇਤਰ ਵਿਚ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਜੁੱਟੀ ਹੋਈ। ਕਈ ਨਾਟਕਕਾਰਾਂ ਨੇ ਅੰਤਰਰਾਸ਼ਟਰੀ/ਰਾਸ਼ਟਰੀ ਪੱਧਰ ਦੇ ਨਾਟਕ ਰਚੇ ਹਨ। ਪਰ ਤ੍ਰਾਸਦੀ ਦੇਖੋ ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾਹੀ ਨਿਰਦੇਸ਼ਕ ਨਸੀਬ ਹੋਇਆ ਹੈ। ਨਾਟਕਕਾਰ ਨੂੰ ਪਹਿਲਾਂ ਤਾਂ ਨਾਟਕ ਲਿਖਣ ਪੈਂਦਾ ਹੈ। ਫੇਰ ਨਿਰਮਾਤਾ ਬਣਕੇ ਖੁੱਦ ਵਿੱਤੀ ਅਤੇ ਹੋਰ ਵਸੀਲੇ ਜਟਾਉਂਣੇ ਪੈਂਦੇ ਹਨ।ਕਈ ਵਾਰ ਤਾਂ ਨਾਟਕ ਵਿਚ ਕੋਈ ਰੋਲ ਵੀ ਕਰਨਾ ਪੈਂਦਾ ਹੈ। ਪਰ ਫੇਰ ਵੀ ਪੰਜਾਬ ਵਿਚ 100 ਦੇ ਕਰੀਬ ਨਾਟ-ਮੰਡਲੀਆਂ ਆਪਣੇ ਪ੍ਰੀਵਾਰਾਂ ਸਮੇਤ ਨਿੱਤ ਦਿਨ ਲੋਕਾਂ ਦੇ ਮਸਲੇ ਉੱਭਰਾਦੇ ਨਾਟਕਾਂ ਦੇ ਮੰਚਣ ਕਰ ਰਹੇ ਹਨ।ਆਪਣੀ ਲਗਨ ਵਿਚ ਮਗਨ ਇਨਾਂ ਸਿਰੜੀ, ਸਿਦਕੀ ਅਤੇ ਨਾਟ-ਕਰਮੀਆਂ ਦੇ ਹੁੰਦੇ-ਸੁੰਦੇ ਜੇ ਅਸੀਂ ਹਾਲੇ ਵਿਦਵਾਨ ਦੋਸਤ ਪੰਜਾਬੀ ਨਾਟਕ/ਰੰਗਮੰਚ ਨੂੰ ਪੱਛੜਿਆ, ਗਰੀਬ, ਨਿਤਾਣਾ ਸਮਝੀ ਜਾਣ ਫੇਰ ਤਾਂ ਨਾ ਕੁੱਝ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਕਿਹਾ ਜਾ ਸਕਦਾ ਹੈ। 1943 ਤੋਂ ਹੌਂਦ ਵਿਚ ਆਈ ਇਪਟਾ ਦਾ ਵੀ ਭਾਰਤੀ ਅਤੇ ਪੰਜਾਬੀ ਨਾਟ-ਖੇਤਰ ਵਿਚ ਜ਼ਿਕਰਯੋਗ ਅਤੇ ਅਹਿਮ ਸਥਾਨ ਹੈ। --ਸੰਜੀਵਨ

No comments: