Wednesday, March 27, 2019

ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਇਆ ਗਿਆ ਵਿਸ਼ਵ ਰੰਗਮੰਚ ਦਿਹਾੜਾ

Mar 27, 2019, 6:45 PM
ਯਾਦਗਾਰੀ ਪੇਸ਼ਕਾਰੀ ਨਾਲ ਖੇਡੇ ਗਏ ‘ਸ਼ਿਲਪਕਾਰ’ ਅਤੇ ‘ਪਰਖ’ ਨਾਟਕ
ਜਲੰਧਰ: 27 ਮਾਰਚ 2019: (ਪੰਜਾਬ ਸਕਰੀਨ ਬਿਊਰੋ):: 
ਇਸ ਵਾਰ ਵੀ ਵਿਸ਼ਵ ਰੰਗਮੰਚ ਦਿਹਾੜਾ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਿਸ਼ਵ ਰੰਗ ਮੰਚ ਦਿਹਾੜਾ ਮਾਰਚ ਮਹੀਨੇ ਦੇ ਮਹਾਨ ਦੇਸ਼ ਭਗਤਾਂ ਅਤੇ ਜਲ੍ਹਿਆਂਵਾਲਾ ਬਾਗ਼ ਨੂੰ ਸਮਰਪਤ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਏ ਵਿਸ਼ਵ ਰੰਗ ਮੰਚ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਮਾਰਚ ਮਹੀਨੇ ਦੇ ਸ਼ਹੀਦਾਂ ਅਤੇ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਦੀ ਅਜੋਕੇ ਸਮੇਂ ਪਰਸੰਗਕਤਾ ਉਪਰ ਚਾਨਣਾ ਪਾਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਵਿਸ਼ਵ ਰੰਗ ਮੰਚ ਦਿਹਾੜੇ ਕੁੱਲ ਦੁਨੀਆਂ ਦੇ ਰੰਗਕਰਮੀਆਂ ਅਤੇ ਲੋਕਾਂ ਦੇ ਨਾਂਅ ਕਿਊਬਾ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਪ੍ਰੋ. ਕਾਰਲੋਸ ਸੈਲਦਰਾਂ ਦਾ ਸੁਨੇਹਾ ਸਾਂਝਾ ਕੀਤਾ। ਜਿਸ ’ਚ ਉਹਨਾਂ ਕਿਹਾ ਹੈ ਕਿ ਰੰਗਮੰਚੀ ਰਵਾਇਤਾਂ ਕਦੇ ਮਿਟਦੀਆਂ ਨਹੀਂ।
ਅਮੋਲਕ ਸਿੰਘ ਨੇ ਰੰਗ ਕਰਮੀ ਸਫ਼ਦਰ ਹਾਸ਼ਮੀ ਅਤੇ ਲੋਕ-ਕਲਾ ਮੰਚ ਮਾਨਸਾ ਦੇ ਅਦਾਕਾਰ ਸੁਹਜਦੀਪ ਦੇ ਰੰਗ ਮੰਚ ਤੋਂ ਸਦੀਵੀ ਵਿਛੋੜੇ ਬਾਰੇ ਭਾਵਪੂਰਤ ਸ਼ਬਦ ਕਹੇ। ਹਾਜ਼ਰੀਨ ਨੇ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਹਨੇਰੇ ਖਿਲਾਫ਼ ਲੋਕਾਂ ਅਤੇ ਕਲਾ ਦੀ ਗਲਵੱਕੜੀ ਮਜ਼ਬੂਤ ਕਰਨ ਦਾ ਅਹਿਦ ਲਿਆ।
ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ ਰਾਜੇਸ਼ ਕੌਲ ਦੀ ਕਹਾਣੀ ’ਤੇ ਅਧਾਰਤ ‘ਸ਼ਿਲਪਕਾਰ’ ਨਾਟਕ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ’ਚ ਖੇਡਿਆ ਗਿਆ। ਨਾਟਕ ਨੇ ਕਿ੍ਰਤ, ਕਲਾ ਦੀ ਸਮਾਜ ਅੰਦਰ ਭੂਮਿਕਾ ਦੇ ਅਨੇਕਾਂ ਰੰਗਾਂ ਦਾ ਮੰਚਣ ਕੀਤਾ।
ਨਾਟ ਕਲਾ ਕੇਂਦਰ, ਜਲੰਧਰ ਵੱਲੋਂ ਪਿ੍ਰਤਪਾਲ ਸਿੰਘ ਦੀ ਨਿਰਦੇਸ਼ਨਾ ’ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ‘ਪਰਖ’ ਖੇਡਿਆ ਗਿਆ।
ਸਮਾਗਮ ’ਚ ਪਰਮਜੀਤ ਸਿੰਘ ਨੇ ਵਿਗਿਆਨਕ ਸੋਚ ਬਾਰੇ ਕਵਿਤਾ ਪੇਸ਼ ਕੀਤੀ। ਸਮਾਗਮ ’ਚ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ, ਦੇਵ ਰਾਜ ਨਯੀਅਰ ਤੋਂ ਇਲਾਵਾ ਸਵਿਤਾ ਤਿਵਾੜੀ, ਪ੍ਰੋ. ਹਰਜਿੰਦਰ ਸਿੰਘ ਅਟਵਾਲ, ਪ੍ਰੋ. ਸੁਖਵਿੰਦਰ ਸੰਘਾ, ਸੁਮਲ ਲਤਾ, ਪ੍ਰੋ. ਗੋਪਾਲ ਬੁੱਟਰ ਹਾਜ਼ਰ ਸਨ। ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਪ੍ਰਧਾਨਗੀ ਸ਼ਬਦ ਕਹੇ। ਉਹਨਾਂ ਕਿਹਾ ਕਿ ਰੰਗ ਮੰਚ, ਜ਼ਿੰਦਗੀ ਦਾ ਮਾਰਗ-ਦਰਸ਼ਕ ਹੈ।

  

No comments: