ਮਿਸਾਲੀ ਪੱਤਰਕਾਰੀ ਅਤੇ ਵਧੀਆ ਕਹਾਣੀ ਲਈ ਦਿੱਤੇ ਜਾਣਗੇ ਪੁਰਸਕਾਰ
ਲੁਧਿਆਣਾ: 21 ਮਾਰਚ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਜ਼ਿੰਦਗੀ ਦੇ ਝਮੇਲੇ ਅਤੇ ਦੁਨੀਆਦਾਰੀ ਬਹੁਤ ਕੁਝ ਭੁਲਾ ਦੇਂਦੀ ਹੈ। ਅਕਸਰ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਬਹੁਤ ਕੁਝ ਅਜਿਹਾ ਭੁੱਲ ਜਾਂਦੇ ਹਾਂ ਜਿਸਨੂੰ ਯਾਦ ਰੱਖਣਾ ਸਾਡੇ ਹੀ ਭਲੇ ਵਿਚ ਵੀ ਹੁੰਦਾ ਹੈ ਅਤੇ ਜ਼ਰੂਰੀ ਵੀ। ਘਟਨਾਵਾਂ ਦੀ ਭੀੜ ਅਤੇ ਸਮੇਂ ਦੀ ਧੁੰਦ ਵਿੱਚ ਆਮ ਤੌਰ ਤੇ ਬਹੁਤ ਕੀਮਤੀ ਗੱਲਾਂ ਗੁਆਚ ਜਾਂਦੀਆਂ ਹਨ। ਕਿਸੇ ਨ ਕਿਸੇ ਦੀਆਂ ਯਾਦਾਂ ਵਿੱਚ ਹੁੰਦੇ ਸਮਾਗਮ ਸਾਨੂੰ ਬਹੁਤ ਕੁਝ ਯਾਦ ਕਰਾਉਂਦੇ ਰਹਿੰਦੇ ਹਨ। ਇੱਕ ਅਜਿਹਾ ਹੀ ਸਮਾਗਮ ਹੋਣ ਵਾਲਾ ਹੈ 24 ਮਾਰਚ ਨੂੰ ਪ੍ਰੀਤ ਨਗਰ ਵਿਖੇ। ਅੰਮ੍ਰਿਤਸਰ ਨੇੜੇ ਪ੍ਰੀਤ ਨਗਰ ਇੱਕ ਅਜਿਹਾ ਸੁਪਨਾ ਸੀ ਜਿਹੜਾ ਪ੍ਰੀਤਲੜੀ ਦੇ ਸੰਸਥਾਪਕ ਸਰਦਾਰ ਗੁਰਬਖਸ਼ ਸਿੰਘ ਹੁਰਾਂ ਨੇ ਦੇਖਿਆ ਸੀ। ਲੋਕ ਉਹਨਾਂ ਨੂੰ ਦਰ ਜੀ ਆਖ ਕੇ ਬੁਲਾਉਂਦੇ। ਉਹਨਾਂ ਨਾਲ ਮਿਲਣਾ ਕਿਸੇ ਫਰਿਸ਼ਤੇ ਨਾਲ ਮਿਲਣ ਵਾਂਗ ਸੀ। ਇੱਕ ਅਜਿਹਾ ਅਹਿਸਾਸ ਜਿਸ ਵਿੱਚ ਵਡੱਪਣ ਵਾਲੀ ਝਿਜਕ ਵੀ ਕਾਇਮ ਰਹਿੰਦੀ ਸੀ ਪਰ ਵਿਚਾਰਕ ਨੇੜਤਾ ਵਾਲਾ ਅਪਣਾਪਨ ਵੀ ਮਹਿਸੂਸ ਹੁੰਦਾ ਰਹਿੰਦਾ। ਉਹਨਾਂ ਦੀ ਨਜ਼ਰ ਪਲਾਂ ਛਿਣਾਂ ਵਿੱਚ ਹੀ ਦਿਲ ਅਤੇ ਦਿਮਾਗ ਵਿਚਲੀਆਂ ਅੰਦਰਲੀਆਂ ਗੱਲਾਂ ਨੂੰ ਦੇਖ ਲੈਂਦੀ। ਉਹਨਾਂ ਦੇ ਮਿੱਠੇ ਜਿਹੇ ਪਰ ਸਿਧੇ ਸਾਧੇ ਜਿਹੇ ਸ਼ਬਦਾਂ ਵਾਲੇ ਸੁਆਲ ਹਲੂਣਾ ਜਿਹਾ ਦੇਂਦੇ। ਐਵੇਂ ਰਸਮੀ ਟਾਲਮਟੋਲ ਵਾਲਾ ਜੁਆਬ ਤਾਂ ਦਿੱਤਾ ਹੀ ਨਹੀਂ ਸੀ ਜਾ ਸਕਦਾ। ਅਜਿਹੇ ਪਰਿਵਾਰ ਨਾਲ ਜਗਜੀਤ ਸਿੰਘ ਆਨੰਦ ਹੁਰਾਂ ਦਾ ਸਬੰਧ ਜੁੜਣਾ ਕਿਸੇ ਰੱਬੀ ਯੋਜਨਾ ਵਾਂਗ ਸੀ। ਕਾਮਰੇਡ ਰੱਬ ਨੂੰ ਨਹੀਂ ਮੰਨਦੇ ਪਰ ਉਹਨਾਂ ਨੂੰ ਬਹੁਤ ਸਾਰੇ ਲੋਕ ਰੱਬ ਵਾਂਗ ਹੀ ਮੰਨਦੇ ਹਨ। ਜਗਜੀਤ ਸਿੰਘ ਆਨੰਦ ਪ੍ਰੀਤਲੜੀ ਦੇ ਸੰਸਥਾਪਕ ਸੰਪਾਦਕ ਸਰਦਾਰ ਗੁਰਬਖਸ਼ ਸਿੰਘ ਹੁਰਾਂ ਦੇ ਬੇਟੀ ਉਰਮਿਲਾ ਆਨੰਦ ਦੇ ਪਤੀ ਸਨ।
ਇਸ ਆਨੰਦ ਜੋੜੀ ਨੇ ਜੇ ਕੋਈ ਚਾਰ ਦਿਨ ਸੁੱਖ ਦੇ ਕੱਟੇ ਵੀ ਹੋਣਗੇ ਤਾਂ ਓਹ ਦਿਨ ਵੀ ਸੰਘਰਸ਼ਾਂ ਦੇ ਪਰਛਾਵਿਆਂ ਹੇਠ ਹੀ ਲੰਘੇ ਹੋਣਗੇ। ਕਦੇ ਸਰਕਾਰਾਂ ਦੇ ਖਿਲਾਫ਼ ਕਦੇ ਵਕ਼ਤ ਵਕ਼ਤ ਤੇ ਉੱਠੀਆਂ ਲਹਿਰਾਂ ਦੇ ਖਿਲਾਫ਼। ਹਵਾ ਦੇ ਰੁਖ ਦੇ ਖਿਲਾਫ਼ ਚੱਲਣਾ ਜਗਜੀਤ ਸਿੰਘ ਆਨੰਦ ਦਾ ਸੁਭਾਅ ਬਣ ਚੁੱਕਿਆ ਸੀ। ਹਨੇਰੀਆਂ ਰਾਤਾਂ ਦੀਆਂ ਹਵਾਵਾਂ ਵਿੱਚ ਵਿੱਚ ਵੀ ਚਿਰਾਗਾਂ ਨੂੰ ਬੁਝਣ ਨਾ ਦੇਣਾ ਉਰਮਿਲਾ ਆਨੰਦ ਨੂੰ ਆਉਂਦਾ ਸੀ। ਜਗਜੀਤ ਸਿੰਘ ਆਨੰਦ ਹੁਰਾਂ ਦੇ ਸੁਭਾਅ ਵਿੱਚ ਜਿਹੜਾ ਅੱਖੜਪੁਣਾ ਜਾਂ ਕੱਬਾਪਨ ਕਦੇ ਕਦੇ ਝਲਕਦਾ ਸੀ ਉਸਦੇ ਅਹਿਸਾਸ ਨੂੰ ਮਿਠਾਸ ਵਿਚ ਬਦਲ ਕੇ ਸਾਰੀ ਕੁੜੱਤਣ ਭੁਲਾ ਦੇਣਾ ਦਾ ਜਾਦੂ ਉਰਮਿਲਾ ਜੀ ਨੂੰ ਆਉਂਦਾ ਸੀ। ਅਸੀਂ ਸਾਰੇ ਉਹਨਾਂ ਨੂੰ ਮੀਲ੍ਹਾ ਜੀ ਕਹਿ ਕੇ ਬੁਲਾਉਂਦੇ।
ਇਸ ਜੋੜੀ ਨੇ ਬਹੁਤ ਸਾਰੇ ਵਿਵਾਦਾਂ ਅਤੇ ਅਸਹਿਮਤੀਆਂ ਦੇ ਬਾਵਜੂਦ ਪੰਜਾਬੀ ਪੱਤਰਕਾਰੀ ਅਤੇ ਸਾਹਿਤ ਨੂੰ ਬਹੁਤ ਕੁਝ ਦਿੱਤਾ। ਨਵੇਂ ਸ਼ਬਦਜੋੜ, ਨਵੇਂ ਅੰਦਾਜ਼ ਅਤੇ ਨਵਾਂ ਉਤਸ਼ਾਹ ਵੀ। ਇਹ ਅਫਸੋਸਨਾਕ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਬਹੁਤ ਛੇਤੀ ਇਹ ਸਭ ਕੁਝ ਭੁੱਲਣ ਲੱਗ ਪਏ। ਇਸ ਜੋੜੀ ਦੇ ਸਪੁੱਤਰ ਸੁਕੀਰਤ ਆਨੰਦ ਵੱਲੋਂ 24 ਮਾਰਚ ਨੂੰ ਕਰਵਾਇਆ ਜਾ ਰਿਹਾ ਸਮਾਗਮ ਸਾਡੀ ਇਸ ਭੁੱਲ ਨੂੰ ਸੁਧਾਰੇਗਾ। ਇੱਕ ਗੁਸਤਾਖੀ ਵਰਗੀ ਭੁੱਲ। ਜਿਸ ਨੂੰ ਬਖਸ਼ਾਉਣਾ ਵੀ ਜ਼ਰੂਰੀ ਹੈ।
ਸਮਾਗਮ 24 ਮਾਰਚ ਨੂੰ ਸਵੇਰੇ ਠੀਕ 11 ਵਜੇ ਸ਼ੁਰੂ ਹੋ ਜਾਏਗਾ ਅਤੇ ਬਾਅਦ ਦੁਪਹਿਰ ਤਿੰਨ ਵਜੇ ਤਕ ਚੱਲੇਗਾ। ਇਸ ਮਕਸਦ ਲਈ ਪ੍ਰੀਤ ਨਗਰ ਵਰਗੇ ਅਸਥਾਨ ਦੀ ਚੋਣ ਬਹੁਤ ਹੀ ਸ਼ਲਾਘਾਯੋਗ ਹੈ।
ਉਸ ਦਿਨ ਪੱਤਰਕਾਰੀ ਵਿੱਚ ਸ਼ਲਾਘਾਯੋਗ ਦੇਣ ਲਈ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2018 ਦਿੱਤਾ ਜਾਏਗਾ। ਚੋਣ ਕਿਸਦੀ ਕੀਤੀ ਗਈ ਇਹ ਰਾਜ਼ ਸਮਾਗਮ ਵਿੱਚ ਹੀ ਖੁੱਲੇਗਾ। ਇਸਸੇ ਤਰਾਂ ਸਾਲ ਦੀ ਬੇਹਤਰੀਨ ਕਹਾਣੀ ਲਈ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ-2018 ਦਿੱਤਾ ਜਾਏਗਾ। ਇਸ ਮਕਸਦ ਲਈ ਚੁਣੇ ਗਏ ਨਾਮ ਦਾ ਪਤਾ ਵੀ ਸਮਾਗਮ ਵਿੱਚ ਹੀ ਲੱਗੇਗਾ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭਨਾਂ ਨੂੰ ਖੁੱਲਾ ਸੱਦਾ ਹੈ।
No comments:
Post a Comment