Tuesday, March 19, 2019

ਪੰਜਾਬ ਚ ਖੇਡ ਸਭਿਆਚਾਰ ਹੀ ਚੜਦੀ ਜਵਾਨੀ ਨੂੰ ਬਚਾਅ ਸਕਦੈ- ਹਰਜਿੰਦਰ ਥਿੰਦ

Mar 19, 2019, 4:50 PM
ਹਰਜਿੰਦਰ ਥਿੰਦ ਕੈਨੇਡਾ 'ਚ ਮੀਡੀਆ ਦਾ ਥੰਮ ਹੈ
ਲੁਧਿਆਣਾ: 19 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਕੈਨੇਡਾ ਦੇ ਸਿਰਕੱਢ ਮੀਡੀਆ ਕਰਮੀ ਤੇ ਲੁਧਿਆਣਾ ਜ਼ਿਲਾ ਦੇ ਇਨਕਲਾਬੀ ਪਿੰਡ ਰਛੀਨ ਦੇ ਜੰਮਪਲ ਹਰਜਿੰਦਰ ਸਿੰਘ ਥਿੰਦ ਨੇ ਬੀਤੀ ਸ਼ਾਮ ਲੁਧਿਆਣਾ ਦੇ ਬਿਸਤਰੋ ਰੈਸਟੋਰੈਂਟ ਚ ਚੋਣਵੇਂ ਖਿਡਾਰੀਆਂ, ਲਿਖਾਰੀਆਂ, ਸਮਾਜਿਕ ਕਾਰਕੁਨਾਂ, ਸਿਰਕੱਢ ਪਰਵਾਸੀ ਪੰਜਾਬੀਆਂ ਤੇ ਲੋਕ ਗਾਇਕਾਂ ਦੇ ਭਰਵੇਂ ਇਕੱਠ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਚੁੰਗਲ ਚੋਂ ਕੱਢਣ ਲਈ ਖੇਡ ਸਭਿਆਚਾਰ ਦੀ ਉਸਾਰੀ ਬਹੁਤ ਜ਼ਰੂਰੀ  ਹੈ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕ ਦਾਨਵੀਰ ਬਣ ਕੇ ਖੇਡ ਮੇਲਿਆਂ ਦੀ ਸਰਦਾਰੀ ਨਾ ਕਰਨ ਅਤੇ ਨਾ ਹੀ ਖਿਡਾਰੀਆਂ ਨੂੰ ਵੰਨ ਸੁਵੰਨੇ ਨਸ਼ੇ ਕਰਕੇ ਖੇਡਣ ਦੀ ਇਜ਼ਾਜਤ ਦਿੱਤੀ ਜਾਵੇ। ਸ: ਥਿੰਦ ਸਰੀ(ਕੈਨੇਡਾ) ਦੇ ਰੇਡੀਓ ਰੈੱਡ ਐੱਮ ਤੇ ਟੀ ਵੀ ਚੈਨਲ ਦੇਸ ਪਰਦੇਸ ਦੇ ਪਰਮੁੱਖ ਪੇਸ਼ਕਾਰ ਹਨ।
ਸ: ਥਿੰਦ ਨੇ ਗੌਰਮਿੰਟ ਕਾਲਿਜ ਲੁਧਿਆਣਾ ਪੜ੍ਹਨ ਵੇਲੇ ਦੀਆਂ ਯਾਦਾਂ ਮਿੱਤਰਾਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ 1974-75 ਚ ਮੁਕਾਬਲੇਬਾਜ਼ੀ ਖੇਡ ਮੈਦਾਨ ਜਾਂ ਇਨਾਮ ਜਿੱਤਣ ਦੀ ਹੁੰਦੀ ਸੀ ਪਰ ਹੁਣ ਹਾਲਾਤ ਫ਼ਿਕਰਮੰਦੀ ਵਾਲੇ ਹਨ। 
ਭਾਰਤੀ ਵਾਲੀਬਾਲ ਟੀਮ ਦੇ ਚਾਰ ਸਾਲ ਕਪਤਾਨ ਰਹੇ ਅਰਜੁਨਾ ਐਵਾਰਡੀ ਖਿਡਾਰੀ ਸੁਖਪਾਲ ਸਿੰਘ ਪਾਲੀ ਬਰਾੜ ਨੇ ਕਿਹਾ ਕਿ ਇਸ ਗੱਲ ਚ ਕੋਈ ਏਹਲਾ ਨਹੀਂ ਕਿ ਉਲੰਪਿਕ ਚਾਰਟਰ ਤੋਂ ਬਾਹਰਲੀਆਂ ਖੇਡਾਂ ਚ ਬਹੁਤ ਕੁਝ ਇਤਰਾਜ਼ਯੋਗ ਹੋ ਰਿਹੈ ਪਰ ਇਸ ਨੂੰ ਹੁਣ ਵੀ ਸਹੀ ਨੀਤੀ ਨਿਰਧਾਰਨ ਤੇ ਸਾਫ਼ ਨੀਅਤ ਨਾਲ ਰਾਹ ਸਿਰ ਲਿਆਂਦਾ ਜਾ ਸਕਦਾ ਹੈ। 
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਉੱਚ ਅਧਿਕਾਰੀ ਰਹੇ ਸ: ਇਕਬਾਲ ਸਿੰਘ ਸਿੱਧੂ ਆਈ ਏ ਐੱਸ ਨੇ ਕਿਹਾ ਕਿ ਪਰਵਾਸੀ ਪੰਜਾਬੀ ਵਿਕਸਤ ਮੁਲਕਾਂ ਦੀਆਂ ਮਿਸਾਲਾਂ ਦੱਸ ਕੇ ਪੰਜਾਬ ਨੂੰ ਬੁਰਾਈ ਮੁਕਤ ਕਰ ਸਕਦੇ ਹਨ। 
 ਹਰਜਿੰਦਰ ਥਿੰਦ ਦੇ ਸਹਿਪਾਠੀ ਤੇ ਲਾਸ ਐਂਜਲਸ ਤੋਂ ਆਏ ਸਮਾਜਿਕ ਕਾਰਕੁਨ ਗੈਰੀ ਗਰੇਵਾਲ ਤੇ ਗੁਰਸ਼ਰਨ ਸਿੰਘ ਨੱਤ ਨੇ ਕਿਹਾ ਕਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਵਿੱਚੋਂ ਬੈਲ ਗੱਡੀਆਂ ਦੀ ਦੌੜ ਨੂੰ ਪੰਜ ਸਾਲਾਂ ਬਾਅਦ ਮੁੜ ਸੁਰਜੀਤ ਕਰਨ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਵਿਧਾਨ ਸਭਾ ਦਾ ਸ਼ੁਕਰਾਨਾ ਕਰਨ ਆਏ ਹਨ ਕਿਉਂਕਿ ਉਹਨਾਂ ਨੇ ਹੀ ਇਸ ਕਾਰਜ ਨੂੰ ਸਿਰੇ ਚਾੜਨ ਦਾ ਇਕਰਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਅਮਰੀਕਾ ਚ ਕੈਪਟਨ ਸਾਹਿਬ ਤੋਂ ਲੈ ਲਿਆ ਸੀ। 
ਲੁਧਿਆਣਾ ਜ਼ਿਲਾ ਦੇ ਪਿੰਡ ਫੱਲੇਵਾਲ ਦੇ ਜੰਮਪਲ ਸ਼੍ਰੀ ਗੈਰੀ ਗਰੇਵਾਲ ਨੇ  ਕਿਹਾ ਕਿ ਸ਼ੱਕੀ ਕਿਰਦਾਰ ਵਾਲੇ ਸਿਆਸਤਦਾਨਾਂ ਤੇ ਕਾਰਕੁਨਾਂ ਨੂੰ ਪਰਵਾਸੀ ਪੰਜਾਬੀ ਹੁਣ ਪਛਾਨਣ ਲੱਗ ਪਏ ਹਨ। 
 ਟੋਰੰਟੋ ਤੋਂ ਆਏ ਪੰਜਾਬੀ ਲੇਖਕ ਤੇ ਕੈਨੇਡਾ ਚ ਪੰਜਾਬੀ ਮੀਡੀਆ ਜਗਤ ਦੇ ਮੋਢੀ ਇਕਬਾਲ ਮਾਹਲ ਤੇ ਡਾ: ਭਾਗ ਸਿੰਘ ਚਾਹਲ ਨੇ ਆਪਣੇ ਪੁਰਾਣੇ ਸੱਜਣ ਹਰਜਿੰਦਰ ਥਿੰਦ ਨੂੰ ਸ਼ਬਦ ਭੰਡਾਰੀ, ਸਲੀਕੇਵਾਨ ਸੁਚੇਤ ਮੀਡੀਆ ਕਰਮੀ ਕਹਿ ਕੇ ਵਡਿਆਇਆ। 
ਪੰਜਾਬੀ ਸਾਹਿੱਤਕਾਰ ਸਤੀਸ਼ ਗੁਲਾਟੀ ਤੇ ਸਹਿਜਪ੍ਰੀਤ ਮਾਂਗਟ ਨੇ ਵੀ ਹਰਜਿੰਦਰ ਥਿੰਦ ਦੀ ਪੰਜਾਬੀ ਭਾਸ਼ਾ ਤੇ ਸੰਚਾਰ ਨੂੰ ਦੇਣ ਦੀ ਸ਼ਲਾਘਾ ਕੀਤੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਡ ਮੈਡਲਾਂ ਲਈ ਅਲੱਗ ਕੇ ਖੇਡ ਸਭਿਆਚਾਰ ਲਈ ਵੱਖ ਨੀਤੀ ਬਣਾਉਣੀ ਚਾਹੀਦੀ ਹੈ। ਵਿਸ਼ੇਸ਼ ਮੁਹਾਰਤ ਵਾਲੇ ਕੋਚਿੰਗ ਕੇਂਦਰ ਸ਼ਹਿਰਾਂ ਚ ਹੋਸਟਲ ਸਹੂਲਤਾਂ ਸਮੇਤ ਉਸਾਰਨੇ ਪੈਣਗੇ ਜਦ ਕਿ ਖੇਡ ਸਭਿਆਚਾਰ ਲਈ ਸਾਬਕਾ ਸੈਨਿਕ ਪੁਰਾਣੇ ਖਿਡਾਰੀ ਤੇ ਖੇਡ ਅਧਿਆਪਕ ਇਸ ਕੰਮ ਤੇ ਲਾਉਣੇ ਪੈਣਗੇ। 
ਉੱਘੇ ਹਾਕੀ ਖਿਡਾਰੀ ਤੇ ਖੇਡ ਪ੍ਰਬੰਧਕ ਜਗਬੀਰ ਸਿੰਘ ਗਰੇਵਾਲ ਨੇ ਸਮਾਂ ਬੱਧ ਨਤੀਜਾ ਆਧਾਰਿਤ ਖੇਡ ਨੀਤੀ ਦੀ ਵਕਾਲਤ ਕੀਤੀ।
ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਜਸਵੰਤ ਸੰਦੀਲਾ ਤੇ ਮ ਸ ਸੇਠੀ ਨੇ ਪਿਆਰੇ ਮਿੱਤਰ ਹਰਜਿੰਦਰ ਥਿੰਦ ਦੇ ਸਵਾਗਤ ਤੇ ਮਾਣ ਵਿੱਚ ਗੀਤਾਂ ਦੀ ਝੜੀ ਲਾ ਦਿੱਤੀ। ਨਗਰ ਨਿਗਮ ਲੁਧਿਆਣਾ ਦੇ ਕੌਸਲਰ ਬਲਜਿੰਦਰ ਸਿੰਘ ਬੰਟੀ, ਜੱਗੀ ਸਾਹਿਬਆਣਾ, ਰੁਪਿੰਦਰ ਸਿੰਘ ਚਾਹਲ ਵੀ ਇਸ ਮੌਕੇ ਹਾਜ਼ਰ ਸਨ। ਬਿਸਤਰੋ ਦੇ ਮੈਨੇਜਿੰਗ ਡਾਇਰੈਕਟਰ  ਬ੍ਰਿਗੇਡੀਅਰ ਸੁਰਿੰਦਰ ਸਿੰਘ ਗਿੱਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਹਰਜਿੰਦਰ ਥਿੰਦ ਦੇ ਸਵਾਗਤ ਚ ਏਨੇ ਖੇਤਰਾਂ ਦੇ ਸਿਰਕੱਢ ਵਿਅਕਤੀਆਂ ਦਾ ਜੁੜਨਾ ਸੁਭਾਗਾ ਹੈ। ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਹਰਜਿੰਦਰ ਥਿੰਦ ਮੇਰਾ ਨਿੱਕਾ ਵੀਰ ਤੇ ਕੈਨੇਡਾ ਚ ਮੀਡੀਆ ਦਾ ਥੰਮ ਹੈ।

No comments: