Mar 4, 2019, 5:09 PM
ਔਰਤ ਲਗਾਤਾਰ ਦਬਾਅ ਥੱਲੇ ਹੈ--ਜੰਗ ਦਾ ਵੀ ਤਿੱਖਾ ਵਿਰੋਧ
ਲੁਧਿਆਣਾ: 4 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਆਜ਼ਾਦੀ ਆਉਣ ਦੇ ਸੱਤ ਦਹਾਕਿਆਂ ਬਾਅਦ ਵੀ ਅੱਜ ਔਰਤ ਦੀ ਹਾਲਤ ਕੋਈ ਬਹੁਤੀ ਸੁਰੱਖਿਅਤ ਨਹੀਂ। ਅਮਨ ਕਾਨੂੰਨ ਦੇ ਹਾਲਤ ਹੋਵੇ ਤੇ ਭਾਵੇਂ ਘਰੇਲੂ ਹਿੰਸਾ ਦਾ ਮਾਮਲਾ-ਔਰਤ ਲਗਾਤਾਰ ਦਬਾਅ ਥੱਲੇ ਹੈ। ਅਜਿਹੇ ਹਾਲਾਤ ਵਿੱਚ ਜੇ ਜੰਗ ਲੱਗਦੀ ਹੈ ਤਾਂ ਉਦੋਂ ਵੀ ਸਭ ਤੋਂ ਵੱਧ ਔਰਤ ਨੂੰ ਹੀ ਭੁਗਤਣਾ ਪੈਂਦਾ ਹੈ। ਇਹ ਸਾਰੇ ਇਥੋਂ ਦੇ ਸਰਕਟ ਹਾਉਸ ਵਿੱਚ ਹੋਏ ਇੱਕ ਸੈਮੀਨਾਰ ਵਿਚ ਉਠਾਏ ਗਏ। ਇਹ ਸੈਮੀਨਾਰ ਕਰਾਇਆ ਗਿਆ ਸੀ ਜਮਹੂਰੀ ਅਧਿਕਾਰ ਸਭਾ ਵੱਲੋਂ।
ਕਈ ਸ਼ਖਸੀਅਤਾਂ ਪੁੱਜੀਆਂ
ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ( ਜ਼ਿਲ੍ਹਾ ਲੁਧਿਆਣਾ ) ਵੱਲੋਂ ਸਥਾਨਿਕ ਸਰਕਟ ਹਾਊਸ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੈਡਮ ਸੁਰਿੰਦਰ ਕੌਰ, ਮਿਸਜ ਸੋਭਾ ਮਲੇਰੀ,ਕਮਲਜੀਤ ਕੌਰ, ਸੁਖਚਰਨ ਜੀਤ ਕੌਰ ਨੇ ਕੀਤੀ।ਅੱਜ ਜੰਗ ਅਤੇ ਗੁੰਡਾ ਗਰਦੀ ਵਾਲੇ ਮਹੌਲ ਦਾ ਸੰਤਾਪ ਸਭ ਤੋਂ ਵੱਧ ਔਰਤਾਂ ਨੂੰ ਭੋਗਣਾ ਪੈ ਰਿਹਾ ਹੈ। ਇਸ ਬਾਰੇ ਭੂਮਿਕਾ ਬੰਨ੍ਹਦਿਆਂ ਜਸਵੰਤ ਜੀਰਖ ਨੇ ਸਮਾਗਮ ਦੀ ਅਗਲੀ ਸਾਰੀ ਕਾਰਵਾਈ ਔਰਤਾਂ ਨੂੰ ਸੰਭਾਲੀ। ਮੁੱਖ ਬੁਲਾਰਿਆਂ ਡੀ ਐਸ ਓ (ਜ਼ਿਲ੍ਹਾ ਮੋਗਾ) ਦੀ ਪਰਧਾਨ ਕਮਲਜੀਤ ਕੌਰ ਅਤੇ ਸਮਾਜਿਕ ਚਿੰਤਕ ਮੈਡਮ ਸੁਰਿੰਦਰ ਕੌਰ ਲੁਧਿਆਣਾ ਨੇ “ ਮੌਜੂਦਾ ਹਾਲਤਾਂ ਵਿੱਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾ ਅਤੇ ਹੱਲ” ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤਾਂ ਨੂੰ ਜੱਥੇਬੰਦ ਹੋਕੇ ਅੱਗੇ ਆਣ ਤੇ ਜ਼ੋਰ ਦਿੱਤਾ। ਸੁਰਿੰਦਰ ਕੌਰ ਨੇ ਕਿਹਾ ਕਿ, ਔਰਤਾਂ ਨੂੰ ਰੇਪ ਕਰਨ ਦੀਆਂ ਧਮਕੀਆਂ ਦੇਣ ਵਾਲੇ ਦਰਿੰਦੇ ਅੱਜ ਸਮਾਜ ਵਿੱਚ ਦਨਦਨਾਉਂਦੇ ਫਿਰ ਰਹੇ ਹਨ। ਇਥੋਂ ਤੱਕ ਕਿ ਸੱਚ ਦੀ ਆਵਾਜ ਉਠਾਉਣ ਵਾਲ਼ੀਆਂ ਗੌਰੀ ਲੰਕੇਸ਼ ਵਰਗੀਆਂ ਲੜਕੀਆਂ ਨੂੰ ਭਾੜੇ ਦੇ ਗੁੰਡਿਆਂ ਦੀ ਗੋਲੀ ਦਾ ਨਿਸ਼ਾਨਾ ਬਣਾਕੇ ਕਤਲ ਕਰ ਦਿੱਤਾ ਜਾਂਦਾ ਹੈ। ਲੜਕੀਆਂ ਦੀ ਜ਼ਿੰਦਗੀ ਘਰ ਦੇ ਅੰਦਰ ਅਤੇ ਬਾਹਰ ਇਕ ਦਬਾਅ ਹੇਠ ਗੁਜ਼ਰ ਰਹੀ ਹੈ। ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਉਂਗਲ ਰੱਖਦਿਆਂ ਸਵਾਲ ਕੀਤਾ ਕਿ ਜੇ ਪੁਲਿਸ ਪੈਟਰੋਲਿੰਗ ਹੋ ਰਹੀ ਹੈ ਤਾਂ ਉਹ ਕਿੱਥੇ ਹੈ? ਗੁੰਡਾ ਗਰਦੀ ਦੀਆਂ ਘਟਨਾਵਾਂ ਤਾਂ ਲਗਾਤਾਰ ਵਧ ਰਹੀਆਂ ਹਨ।
ਵਿਦਿਆਰਥੀ ਆਗੂ ਕਮਲਜੀਤ ਕੌਰ ਨੇ ਔਰਤ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਦਿਨ ਦੀ ਸ਼ੁਰੂਆਤ ਔਰਤ ਨੂੰ ਵੰਗਾਰ ਦੇ ਰੂਪ ‘ਚ ਹੋਈ। ਇਹ ਵੰਗਾਰ ਅੱਜ ਦੀ ਔਰਤ ਨੂੰ ਵੀ ਸਵੀਕਾਰ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਅੱਜ ਵੀ ਜੋ ਵਿਤਕਰਾ ਔਰਤਾਂ ਨਾਲ ਹੋ ਰਿਹਾ ਹੈ ਉਸ ਦੀ ਉਦਾਹਰਣ ਸਭ ਤੋਂ ਪਹਿਲਾਂ ਸਾਰੇ ਧਾਰਮਿਕ ਅਸਥਾਨਾਂ ਵਿੱਚ ਲਈ ਜਾ ਸਕਦੀ ਹੈ।ਕਈ ਮੰਦਰ ਅੱਜ ਵੀ ਹਨ ਜਿੱਥੇ ਔਰਤਾਂ ਨੂੰ ਜਾਣ ਦੀ ਮਨਾਹੀ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਥਾਨ ਹਰਿਮੰਦਰ ਸਾਹਿਬ ਵਿੱਚ ਔਰਤਾਂ ਤੇ ਕੀਰਤਨ ਕਰਨ ਦੀ ਮਨਾਹੀ ਹੈ। ਪਰ ਕਿਤੇ ਵੀ ਔਰਤਾਂ ਨੂੰ ਗੋਲਕ ਵਿੱਚ ਪੈਸੇ ਪਾਉਣ ਲਈ ਪੂਰੀ ਖੁੱਲ੍ਹ ਹੈ, ਕੋਈ ਮਨਾਹੀ ਨਹੀਂ।ਉਹਨਾਂ ਔਰਤਾਂ ਨਾਲ ਹੋ ਰਹੇ ਛੇੜ ਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ ਕੇਸਾਂ ਬਾਰੇ ਕਿਹਾ ਕਿ ਦਿੱਲੀ ਵਰਗੇ ਸ਼ਹਿਰ ਵਿੱਚ ਹਰ ਰੋਜ਼ 6 ਔਰਤਾਂ ਨਾਲ ਬਲਾਤਕਾਰ ਦੀ ਘਟਨਾ ਵਾਪਰ ਰਹੀ ਹੈ। ਅੱਜ ਸਾਡੇ ਦੇਸ਼ ਵਿੱਚ 90% ਧਨ-ਦੌਲਤ ਦੇ ਮਾਲਕ ਮਰਦ ਹਨ, ਜਦੋਂਕਿ ਪੈਦਾਵਾਰ ਵਿੱਚ ਔਰਤ ਦਾ ਵੀ ਬਰਾਬਰ ਦਾ ਯੋਗਦਾਨ ਹੈ। ਉਹਨਾਂ ਅੱਜ ਦੀ ਔਰਤ ਨੂੰ ਸਮਾਜ ਦੇ ਦੋ ਪੁੜਾਂ, ਜਗੀਰੂ ਅਤੇ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਪਿਸ ਰਹੀ ਦੱਸਿਆ। ਇਸ ਦਾ ਹੱਲ ਸਿਰਫ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲਾ ਸਮਾਜ ਸਿਰਜਣ ਨਾਲ ਹੀ ਹੋ ਸਕਦਾ ਹੈ, ਉਹਨਾਂ ਸਪਸਟ ਕੀਤਾ।ਚਰਚਾ ਵਿੱਚ ਭਾਗ ਲੈਂਦਿਆਂ ਸੁਖਚਰਨ ਕੌਰ ਗਿੱਲ, ਮੈਡਮ ਮਧੂ, ਕਰਨਜੀਤ ਕੌਰ,ਜਸਵੰਤ ਸਿੰਘ ਵਿਰਦੀ, ਟੇਕ ਚੰਦ ਕਾਲੀਆ ਨੇ ਭਾਗ ਲੈਂਦਿਆਂ ਆਪਣੇ ਉਸਾਰੂ ਸੁਝਾਅ ਦਿੱਤੇ।
ਮੌਜੂਦਾ ਸਮੇਂ ਦੇਸ਼ ਵਿਚ ਪਨਪ ਰਹੇ ਜੰਗ ਦੇ ਮਹੌਲ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ
ਅੰਤ ਵਿੱਤ ਪ੍ਰੋ ਜਗਮੋਹਣ ਸਿੰਘ ਨੇ ਔਰਤਾਂ ਵੱਲੋਂ ਵੱਖ ਵੱਖ ਸਮਿਆਂ ਵਿੱਚ ਨਿਭਾਏ ਸ਼ਾਨਾਮੱਤੇ ਰੋਲ ਦੀ ਵਿਆਖਿਆ ਕਰਦਿਆਂ ਸਭ ਦਾ ਧੰਨਵਾਦ ਕੀਤਾ।ਉਹਨਾਂ ਹਰ ਤਰ੍ਹਾਂ ਦੀ ਗੁੰਡਾ ਗਰਦੀ ਵਿਰੁੱਧ ਇਕੱਠੇ ਹੋਕੇ ਪ੍ਰਸਾਸਨ ਦੀ ਜਵਾਬਦੇਹੀ ਸਥਾਪਤ ਕਰਨ ਲਈ ਅੱਗੇ ਆਣ ਦੀ ਅਪੀਲ ਕੀਤੀ। ਸਟੇਜ ਦਾ ਸੰਚਾਲਨ ਮੈਡਮ ਸੁਰਿੰਦਰ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ।ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ, ਸਤੀਸ਼ ਸੱਚਦੇਵਾ, ਮਾ ਜਰਨੈਲ ਸਿੰਘ, ਪ੍ਰੋ ਜੈਪਾਲ ਸਿੰਘ, ਡਾ ਹਰਬੰਸ ਗਰੇਵਾਲ ,ਮਾ ਚਰਨ ਸਿੰਘ ਨੂਰਪੁਰਾ, ਮਾ. ਕਰਨੈਲ ਸਿੰਘ ਸੁਧਾਰ, ਸੁਬੇਗ ਸਿੰਘ, ਬਲਵਿੰਦਰ ਸਿੰਘ, ਜਸਦੇਵ ਲਲਤੋਂ, ਉਜਾਗਰ ਬੱਦੋਵਾਲ, ਰਮਨਜੀਤ ਸੰਧੂ, ਸੁਭਾਸ਼ ਰਾਣੀ ਆਂਗਨਵਾੜੀ ਆਗੂ, ਪ੍ਰਮਜੀਤ ਕੌਰ, ਇਸ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ ਅਗਾਂਹ ਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੋਂ ਚੰਗੀ ਗਿਣਤੀ ਵਿੱਚ ਦਰਸ਼ਕਾਂ ਵੱਲੋਂ ਇਹ ਸਾਹਿਤ ਖਰੀਦਣ ਲਈ ਰੁੱਚੀ ਵਿਖਾਈ।
No comments:
Post a Comment