Friday, January 18, 2019

ਸੋਸ਼ਲ ਥਿੰਕਰਜ਼ ਫੋਰਮ ਨੇ ਬੇਨਕਾਬ ਕੀਤੀ ਅੰਧਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼

ਵਿਗਿਆਨ ਕਾਂਗਰਸ 'ਚ ਹੋਈਆਂ ਤਰਕਹੀਨ ਗੱਲਾਂ ਦੇ ਜੁਆਬ ਵਿੱਚ ਸੈਮੀਨਾਰ 
ਲੁੁਧਿਆਣਾ: 18 ਜਨਵਰੀ 2019: (ਪੰਜਾਬ ਸਕਰੀਨ ਟੀਮ)::
ਵਿਗਿਆਨ ਨੂੰ ਤੋੜ ਮਰੋੜ ਕੇ ਰੂੜ੍ਹੀਵਾਦ ਫੈਲਾਉਣ ਦੀ ਸਾਜ਼ਿਸ਼ ਨੂੰ ਅੱਜ ਬੇਨਕਾਬ ਕੀਤਾ ਸੋਸ਼ਲ ਥਿੰਕਰਜ਼ ਫੋਰਮ ਨੇ। ਇਸ ਮਕਸਦ ਲਈ ਅੱਜ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪਰੋਫ਼ੈਸਰ ਜਗਮੋਹਨ ਸਿੰਘ ਹੁਰਾਂ ਦੇ ਹਾਲ ਵਿੱਚ ਇੱਕ ਸੈਮੀਨਾਰ ਕੀਤਾ ਗਿਆ। ਇਹ ਹਾਲ ਪ੍ਰੋਫੈਸਰ ਸਾਹਿਬ ਦੀ ਧਰਮਪਤਨੀ ਡਾਕਟਰ ਅਮਰਜੀਤ ਕੌਰ ਹੁਰਾਂ ਦੀ ਯਾਦ ਵਿੱਚ  ਹੈ। ਇਸ ਸੈਮੀਨਾਰ ਵਿੱਚ ਕਿਹਾ ਗਿਆ ਕਿ ਅੰਧ ਵਿਸ਼ਵਾਸ ਫੈਲਾਉਣ ਦੀ ਕੋਝੀ ਸਾਜ਼ਿਸ਼ ਨੂੰ ਰੋਕਣਾ ਹੁਣ ਹਰ ਤਰਕਸ਼ੀਲ ਵਿਅਕਤੀ ਮੁਢਲੇ ਕੰਮਾਂ ਵਿੱਚੋਂ ਇੱਕ ਹੈ। ਵਿਗਿਆਨ ਤੇ ਤਰਕਰਹਿਤ ਵਿਗਿਆਨ ਵਿਸ਼ੇ ਤੇ ਹੋਈ ਇਸ ਗੋਸ਼ਟੀ ਦੌਰਾਨ ਜਿੱਥੇ ਡੇਰਾ ਸੱਚ ਸੌਦਾ ਸਿਰਸਾ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਿਲੀ ਸਜ਼ਾ ਦੀ ਚਰਚਾ ਹੋਈ ਉੱਥੇ ਜੋਤਸ਼ੀਆਂ ਵੱਲੋਂ ਫੈਲਾਏ ਜਾ ਰਹੇ ਭਰਮਾਂ ਦੇ ਜਾਲ ਬਾਰੇ ਵੀ ਗੱਲਾਂ ਹੋਈਆਂ। ਇਸ ਮਕਸਦ ਲਾਇ ਲੁਧਿਆਣਾ ਦੇ ਇੱਕ ਪ੍ਰਸਿੱਧ ਜੋਤਿਸ਼ੀ ਦਾ ਹਵਾਲਾ ਵੀ ਦਿੱਤਾ ਗਿਆ ਕਿ ਕਿਵੇਂ ਉਸਨੇ ਭਰਮਾਂ ਦਾ ਜਾਲ ਫੈਲਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ। 
ਇਸ ਸੈਮੀਨਾਰ ਵਿੱਚ ਵਿਗਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਰੂੜ੍ਹੀਵਾਦ ਫੈਲਾਉਣ ਦੀ ਕੋਝੀ ਸਾਜ਼ਿਸ਼ ਦੀ ਨਿਖੇਧੀ ਕਰਦੇ ਹੋਏ  ਇੱਕ ਵਿਚਾਰ ਗੋਸ਼ਟੀ ਵਿੱਚ ਜੁੜੇ ਲੋਕਾਂ ਨੇ ਇਸ ਵਰਤਾਰੇ ਨੂੰ ਰੋਕਣ ਲਈ ਡਟਵਾਂ ਸਟੈਂਡ ਲਿਆ। ਸੈਮੀਨਾਰ ਵਿੱਚ ਕਿਹਾ ਗਿਆ ਕਿ ਹਰ ਤਰਕਸ਼ੀਲ ਵਿਅਕਤੀ ਨੂੰ ਇਸ ਨੇਕ ਮਕਸਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਵਿਚਾਰ ਗੋਸ਼ਟੀ ਦਾ ਆਯੋਜਨ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵਲੋਂ ਪਿੱਛੇ ਜਿਹੇ ਜਲੰਧਰ ਵਿੱਚ ਹੋਈ ਭਾਰਤੀ ਵਿਗਿਆਨ ਕਾਂਗਰਸ ਦੇ ਜੁਆਬ ਵਿੱਚ ਕੀਤਾ ਗਿਆ। ਅਸਲ ਵਿੱਚ ਜਲੰਧਰ ਵਾਲੀ ਇਸ ਵਿਗਿਆਨ ਕਾਂਗਰਸ ਵਿੱਚ ਕੁੱਝ ਉੱਚ ਅਹੁਦਿਆਂ ਤੇ ਵਿਰਾਜਮਾਨ ਵਿਅਕਤੀਆਂ ਵਲੋਂ ਬਹੁਤ ਹੀ ਤਰਕਹੀਨ ਅਤੇ ਗੈਰ ਵਿਗਿਆਨਿਕ ਬਿਆਨ ਦਿੱਤੇ ਗਏ ਸਨ। 
ਅੱਜ ਦੇ ਇਸ ਜੁਆਬੀ ਸੈਮੀਨਾਰ ਵਿੱਚ ਬੋਲਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਮੁਖੀ  ਪਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਬਾਕਾਇਦਾ ਇੱਥ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਆਂਧਰਾ ਪਰਦੇਸ਼ ਯੂਨੀਵਰਸਿਟੀ ਦੇ ਉਪਕੁਲਪਤੀ ਨੇ ਇਸ ਕਿਸਮ ਦਾ ਬਿਆਨ ਦਿੱਤਾ ਹੈ ਕਿ ਹਜ਼ਾਰਾਂ ਸਾਲ ਪਹਿਲੇ ਸਾਡੇ ਦੇਸ਼ ਵਿੱਚ ਸਟੈਮ ਸੈਲ ਵਰਗੀ ਅਤੀਆਧੁਨਿਕ ਤਕਨੀਕ ਮੌਜੂਦ ਸੀ। ਇਸਤੋਂ ਪਹਿਲਾਂ ਸਾਡੇ ਪਰਧਾਨ ਮੰਤਰੀ ਨੇ, ਤਿ੍ਰਪੁਰਾ ਦੇ ਮੁੱਖ ਮੰਤਰੀ ਨੇ ਤੇ ਰਾਜਸਥਾਨ ਦੇ ਰਿਟਾਇਰ ਜੱਜ ਨੇ ਵੀ ਇਸ ਕਿਸਮ ਦੇ ਬੇਤੁਕੇ ਬਿਆਨ ਦਿੱਤੇੇ ਹਨ। ਵਿਗਿਆਨ ਤੱਥਾਂ ਤੇ ਅਧਾਰਿਤ ਹੈ ਤੇ ਲਗਾਤਾਰ ਗਤੀਸ਼ੀਲ ਹੈ।ਵਿਗਿਆਨਿਕ ਖੋਜਾਂ ਮੁਤਾਬਿਕ ਸਮਾਜ ਲਗਾਤਾਰ ਵਿਕਾਸਸ਼ੀਲ ਹੈ। ਪਰੋਫ਼ੈਸਰ ਜਗਮੋਹਨ ਸਿੰਘ ਨੇ ਪੁੱਛਿਆ ਕਿ ਜੇਕਰ ਹਜ਼ਾਰਾਂ ਸਾਲ ਪਹਿਲੇ ਸਟੈਮ ਸੈਲ ਦੀ ਖੋਜ ਹੋ ਚੁੱਕੀ ਸੀ ਤੇ ਫਿਰ ਉਸਦੇ ਪਰਮਾਣ ਕਿੱਥੇ ਹਨ?  
ਇਸੇ ਸੈਮੀਨਾਰ ਦੌਰਾਨ ਸੋਸ਼ਲ ਥਿੰਕਰਜ਼ ਫ਼ੋਰਮ  ਦੇ ਕਨਵੀਨਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਵਿਗਿਆਨ ਖੋਜ ਤੇ ਪਰਮਾਣ ਤੇ ਅਧਾਰਿਤ ਹੈ ਇਸ ਲਈ ਇਹ ਗਤੀਸ਼ੀਲ ਹੈ ਤੇ ਸਮਾਜ ਵਿੱਚ ਵਿਕਾਸ ਮੱਨੁਖੀ ਮਿਹਨਤ ਸਦਕਾ ਹੋਇਆ ਹੈ ਨਾ ਕਿ ਕਿਸੇ ਦੈਵੀ ਸ਼ਕਤੀ ਦੇ ਕਾਰਨ। ਅਸਲ ਵਿੱਚ ਉਪਰੋਕਤ ਕਿਸਮ ਦੀ ਬਿਆਨਬਾਜ਼ੀ ਇਹ ਇਸ ਗੱਲ ਨੂੰ ਸਾਬਤ ਕਰਨ ਦੀ ਚਾਲ ਹੈ ਕਿ ਕੇਵਲ ਭਾਰਤ ਹੀ ਅਸਲੀ ਗਿਆਨ ਦਾ ਸੋਮਾਂ ਹੈ ਤੇ ਬਾਕੀ ਸਾਰੇ ਜਾਹਿਲ ਹਨ। ਇਸ ਗੱਲ ਨੂੰ ਅੱਗੇ ਵਧਾ ਕੇ ਅਖੰਡ ਭਾਰਤ ਦੀ ਗੱਲ ਨੂੰ ਹੋਰ ਵਧਾਇਆ ਜਾਏਗਾ। ਇਹੋ ਆਰ ਐਸ ਐਸ ਦੀ ਸਥਾਪਨਾ ਦਾ ਆਧਾਰ ਹੈ।  ਸਾਰੀਆਂ ਰੂੜ੍ਹੀਵਾਦੀ ਸ਼ਕਤੀਆਂ ਆਪਣੇ ਆਪ ਨੂੰ ਉੱਚਾ ਤੇ ਦੂਜੇ ਸਭ ਨੂੰ ਨੀਵਾਂ ਆਖ ਕੇ ਪਲਦੀਆਂ ਹਨ। ਭੀੜਾਂ ਵਲੋਂ ਗਾਵਾਂ ਦੇ ਨਾਮ ਤੇ ਬੰਦਿਆਂ ਦੇ ਕਤਲ ਇਸੇ ਸਾਜ਼ਿਸ਼ ਦਾ ਹਿੱਸਾ ਹੈ।
ਫ਼ੋਰਮ ਦੇ ਸਹਿ ਕਨਵੀਨਰ ਐਮ ਐਸ ਭਾਟੀਆ ਨੇ ਕਿਹਾ ਕਿ ਅੱਜ ਸਮੂਹ ਤਰਕਸ਼ੀਲ ਸ਼ਕਤੀਆਂ ਨੂੰ ਇਸ ਕਿਸਮ ਦੇ ਪਿਛਾਂਹ ਖਿੱਚੂ ਵਿਚਾਰਾਂ ਦੇ ਖ਼ਿਲਾਫ਼ ਇੱਕਠੇ ਹੋ ਕੇ ਅਵਾਜ਼ ਚੁੱਕਣ ਦੀ ਲੋੜ ਹੈ।
ਇਹਨਾਂ ਤੋਂ ਇਲਾਵਾ ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਡਾ: ਬਲਬੀਰ ਸ਼ਾਹ, ਲੜਕੀਆਂ ਦੇ ਸਰਕਾਰੀ ਕਾਲਜ ਵਿੱਚੋਂ ਰਿਟਾਰਿਡਰਿਟਾਇਰ ਹੋ ਚੁੱਕੇ ਪਰਿੰਸੀਪਲ ਮਹਿੰਦਰ ਕੌਰ ਗਰੇਵਾਲ, ਡਾ: ਗਗਨਦੀਪ, ਡਾ: ਮੋਨਿਕਾ ਧਵਨ, ਡਾ: ਪਰਮ ਸੈਣੀ, ਪਰੋਫ਼ੈਸਰ ਏ ਕੇ ਮਲੇਰੀ, ਕਾਮਰੇਡ ਰਮੇਸ਼ ਰਤਨ, ਮੈਡਮ ਕੁਸੁਮ ਲਤਾ, ਕਾਮਰੇਡ ਰਘਬੀਰ ਸਿੰਘ, ਦੀਪਕ ਕੁਮਾਰ, ਕੁਮਾਰੀ ਅਨਮੋਲ, ਡਾ: ਰਾਜਿੰਦਰ ਪਾਲ, ਡਾ: ਸਿੱਧਾਰਥ ਮੁੱਖੋਪਾਧਿਆਇਆ, ਕੁਲਦੀਪ ਬਿੰਦਰ, ਸ: ਪਰਭਦਿਆਲ ਸੈਣੀ, ਸ: ਰਣਜੀਤ ਸਿੰਘ, ਸਵਰੂਪ ਸਿੰਘ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। 
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਵਿਚਾਰ ਗੋਸ਼ਟੀ ਵਿਗਿਆਨ ਅਤੇ ਗੈਰ ਵਿਗਿਆਨ ਵਾਲੇ ਮੁੱਦੇ ਤੋਂ ਹਟਦੀ ਹੋਈ ਆਸਤਕ ਨਾਸਤਿਕ ਵਾਲੇ ਝਗੜੇ ਦਾ ਰੰਗ ਲੈਣ ਲੱਗੀ। ਇਸ ਤਰਾਂ ਇਹ ਬਹਿਸ ਕਾਫੀ ਦਿਲਚਸਪ ਵੀ ਬਣੀ। ਇਸ ਨਾਜ਼ੁਕ ਸਥਿਤੀ ਨੂੰ ਸੰਭਾਲਦਿਆਂ ਮੰਚ ਸੰਚਾਲਕ ਅਤੇ ਫਾਰਮ ਦੇ ਉੱਘੇ ਕਾਰਕੁੰਨ ਐਮ ਐਸ ਭਾਟੀਆ ਨੇ ਕਿਹਾ ਕਿ ਰਹਿੰਦੇ ਮੁੱਦਿਆਂ ਉੱਤੇ ਸੋਸ਼ਲ ਥਿੰਕਰਸ ਫਾਰਮ ਵੱਲੋਂ ਇਸੀ ਸੈਮੀਨਾਰ ਦਾ ਦੂਜਾ ਭਾਗ ਵੀ ਜਲਦੀ ਆਯੋਜਿਤ ਕਰਾਇਆ ਜਾਏਗਾ। 


No comments: