Thursday, December 06, 2018

ਬਾਬਰੀ ਮਸਜਿਦ ਦੀ ਬਰਸੀ ਮੌਕੇ CPI ਤੇ CPM ਵਲੋਂ ਭਰਵੀਂ ਕਨਵੈਨਸ਼ਨ

ਆਰ ਐਸ ਐਸ ਤੇ ਭਾਜਪਾ ਸਰਕਾਰ ਦੇ ਮਨਸੂਬੇ ਦੇਸ਼ ਦੇ ਲਈ ਗੰਭੀਰ ਖ਼ਤਰਾ
ਲੁਧਿਆਣਾ: 6 ਦਸੰਬਰ 2018:(ਪੰਜਾਬ ਸਕਰੀਨ ਟੀਮ)::
ਅਜ਼ਾਦੀ ਦੇ ਕੁਰਬਾਨੀਆਂ ਭਰੇ ਸੰਘਰਸ਼ ਤੋ ਉਪਰੰਤ ਦੇਸ਼ ਦੇੇ ਸੰਵਿਧਾਨ, ਦੇਸ਼ ਦੀ ਏਕਤਾ ਅਖੰਡਤਾ, ਫ਼ਿਰਕੂ ਤੇ ਸਮਾਜਿਕ ਸਦਭਾਵਨਾ ਦੀ ਰਾਖੀ ਦੇ ਲਈ ਅਤੇ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖਾ ਕਰਨ ਤੇ ਗੱਦੀਓਂ ਲਾਹੁਣ ਦਾ ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਸੱਦਾ ਦਿੱਤਾ। ਦੋਨਾਂ ਪਾਰਟੀਆਂ ਵਲੋ ਦੇਸ਼ ਵਿਆਪੀ ਸੱਦੇ ਦੇ ਤਹਿਤ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਕੀਤੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਾ ਕ ਪਾ ਦੇ ਜ਼ਿਲਾ ਸਕੱਤਰ ਕਾ: ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਥਾਪੜੀ  ਭਾ ਜ ਪਾ ਦੀ ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਨਾਂ ਤਾਂ 15 ਲੱਖ ਰੁਪਏ ਲੋਕਾਂ ਦੀ ਜੇਬ ਵਿੱਚ ਆਏ ਤੇ ਨਾਂ ਹੀ  ਹਰ ਸਾਲ ਦੋ ਕਰੋੜ ਨੌਕਰੀਆਂ ਮਿਲੀਆਂ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਹੋਏ ਵੱਡੇ ਵੱਡੇ ਘੋਟਾਲੇ ਇਤਹਾਸ ਵਿੱਚ ਮਿਸਾਲ ਹਨ। 
ਰਫਾਇਲ ਜਹਾਜ਼ ਸਮਝੌਤੇ ਵਿੱਚ ਤਾਂ ਸਾਫ ਤੌਰ ਤੇ ਪਰਧਾਨ ਮੰਤਰੀ ਦੀ ਭਿ੍ਰਸ਼ਟ ਭੂਮਿਕਾ ਸਾ੍ਹਮਣੇ ਆਗਈ ਹੈ। ਮਧਿਆ ਪਰਦੇਸ਼ ਵਿੱਚ ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲਾ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਭਖਦੀਆਂ ਮਿਸਾਲਾਂ ਹਨ। ਅਮਿਤ ਸ਼ਾਹ ਦੇ ਲੜਕੇ ਨੇ ਚੰਦ ਦਿਨਾ ਵਿੱਚ ਹੀ ਕਰੋੜਾਂ ਰੁਪਏ ਜਮਾਂ ਕਰ ਲਏ। ਨੋਟਬੰਦੀ ਦੇ ਕਾਰਨ ਆਪਣੇ ਹੀ ਪੈਸ ਲੈਣ ਲਈ 100 ਤੋਂ ਵੱਧ ਲੋਕਾਂ ਦੀਆਂ ਲਾਈਨਾ ਵਿੱਚ ਖੜੇ ਹੋਣ ਕਰਕੇ ਜਾਨਾ ਗਈਆਂ। ਦੋ ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 70 ਲੱਖ ਤੋਂ ਵੀ ਵੱਧ ਰੋਜਗਾਰ ਖ਼ਤਮ ਹੋ ਗਏ। ਜੀ ਐਸ ਟੀ ਨੇ ਤਾਂ ਬਿਲਕੁਲ ਤਬਾਹੀ ਲਿਆ ਦਿੱਤੀ ਹੈ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। 
ਕਾਮਰੇਡ ਸੁਖਵਿੰਦਰ ਲੋਟੇ - ਸ਼ਹਿਰੀ  ਸਕੱਤਰ ਸੀ ਪੀ ਐਮ ਨੇ ਬੋਲਦਿਆਂ ਕਿਹਾ ਕਿ ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਪੈਟ੍ਰੋਲ 85 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਹੈ।  ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਦੇ ਨਾਮ ਤੇ ਹਮਲੇ ਅਤੇ ਕਤਲ ਪਰਧਾਨ ਮੰਤਰੀ ਦੇ ਨੱਕ ਥੱਲੇ ਹੋ ਰਹੇ ਹਨ। ਗੈਰ ਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਤਰਕਸ਼ੀਲ ਸੋਚ ਰੱਖਣ ਵਾਲਿਆਂ ਜਿਵੇਂ ਕਿ ਗੌਰੀ ਲੰਕੇਸ਼, ਕਲਬੁਰਗੀ ਤੇ ਪੰਸਾਰੇ ਵਰਗਿਆਂ ਦੇ ਕਤਲ ਕੀਤੇ ਗਏੇ ਹਨ। ਹਿੰਸਾ ਦੀ ਸੋਚ ਸਮਾਜ ਵਿੱਚ ਵਧਾਈ ਜਾ ਰਹੀ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਤੇ ਝੂਠ ਬੋਲ ਕੇ ਤੇ ਮਨਘੜੰਤ ਗੱਲਾਂ ਕਰਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਕੁੱਝ ਫ਼ੇਲ ਹੋਣ ਤੇ ਹੁਣ ਆਸਥਾ ਦੀ ਦੁਹਾਈ ਦੇ ਕੇ ਸੁਪਰੀਮ ਕੋਰਟ ਦੀ ਪਰਵਾਹ ਕੀਤੇ ਬਿਨਾ ਰਾਮ ਮੰਦਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। 
ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੇ ਲਈ ਸ਼ਹਿਰਾਂ ਦੇ ਨਾਮ ਬਦਲਣ ਦੀਆਂ ਬੇਲੋੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਇਹ ਗੱਲ ਪਰਤੱਖ ਹੈ ਕਿ ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ, ਤਿਰੰਗੇ ਸਾੜੇ ਤੇ ਭਾਰਤ ਛੱਡੋ ਅੰਦੋਲਨ ਅਤੇ ਡੰਡੀ ਮਾਰਚ ਦਾ ਵਿਰੋਧ ਕੀਤਾ।  ਹਿੰਦੂ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਨੇ ਹੁਣ ਪਛਾਣ ਲਿਆ ਹੈ ਤੇ ਇਸਨੂੰ ਪਛਾੜ ਦੇਣਗੇ। ਕਾ: ਰਮੇਸ਼ ਰਤਨ- ਸ਼ਹਿਰੀ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਕਿਹਾ ਕਿ ਅਮਿ੍ਰਤਸਰ ਵਿਖੇ ਨਿਰੰਕਾਰੀਆਂ ਦੇ ਧਾਰਮਿਕ ਸਥਲ ਤੇ ਬੰਬ ਸੁੱਟਣ ਦੀ ਅਤੀ ਨਿਖੇਧੀਯੋਗ ਘਟਨਾ ਹਾਲਾਤ ਖਰਾਬ ਕਰਨ ਦੀ ਸਾਜਿਸ਼ ਹੈ। ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਲੋੜ ਹੈ। ਕਰਤਾਰਪੁਰ ਦੇ ਲਾਂਘੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਅਮਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹੈ। ਕਾਮਰੇਡਐਮ ਐਸ ਭਾਟੀਆ ਨੇ ਬਖੂਬੀ ਸਟੇਜ ਦਾ ਸੰਚਾਲਨ ਕੀਤਾ। ਇਸ ਕਨਵੈਨਸ਼ਨ ਦੀ ਪਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਨਾਮ ਸਿੱਧੂ ਤੇ ਕਾਮਰੇਡ ਦੇਵ ਰਾਜ ਨੇ ਕੀਤੀ। ਹੋਰ ਬੁਲਾਰਿਆਂ ਜਿਹਨਾਂ ਨੇ ਵਿਚਾਰ ਦਿੱਤੇ ਹਨ  ਕਾਮਰੇਡ ਚਰਨ ਸਿੰਘ ਸਰਾਭਾ, ਕਾਮਰੇਡ ਗੁਰਨਾਮ ਸਿੰਘ ਗਿੱਲ, ਕਾਮਰੇਡ  ਬਾਬੀ ਤੇ ਰਵੀ ਕਾਂਤਾ ਮਾਛੀਵਾੜਾ।

No comments: