Tuesday, December 04, 2018

ਮੈਡੀਵੇਜ਼ ਵੱਲੋਂ ਗਰੀਬ ਅਤੇ ਮੱਧਵਰਗੀ ਲੋਕਾਂ ਲਈ ਇੱਕ ਵਾਰ ਫੇਰ ਵਿਸ਼ੇਸ਼ ਮੈਡੀਕਲ ਕੈਂਪ

ਬਰੇਨ ਕੋਆਇਲਿੰਗ ਅਤੇ ਐਂਜੀਉਗਰਾਫੀ ਦੀਆਂ ਸਹੂਲਤਾਂ ਵੀ ਮੁਫ਼ਤ ਦਿੱਤੀਆਂ  
ਲੁਧਿਆਣਾ4 ਦਸੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਨੌਜਵਾਨ ਪੁੱਤਰ ਦਾ ਵਿਛੋੜਾ ਇੱਕ ਅਸਹਿ ਦਰਦ ਸੀ। ਜ਼ਿੰਦਗੀ ਦਾ ਇੱਕ ਇੱਕ ਪਲ ਭਾਰੂ ਹੋ ਗਿਆ ਸੀ। ਨਿਰਾਸ਼ਾ ਦਾ ਹਨੇਰਾ ਹਰ ਪਲ ਘਿਰਨ ਲੱਗ ਪਿਆ। ਉਹ ਸਮਾਂ ਸਚਮੁਚ ਹੀ ਬੜਾ ਮੁਸ਼ਕਿਲ ਸਮਾਂ ਸੀ। ਉਸ ਵੇਲੇ ਭਾਊ ਭਗਵਾਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਇਸ ਦਰਦ ਨੂੰ ਹੀ ਆਪਣੀ ਦਵਾ ਬਣਾਉਣਗੇ। ਉਹਨਾਂ ਪੂਰੇ ਸਮਾਜ ਲਈ ਬਹੁਤ ਸਾਰੇ ਅਜਿਹੇ ਕੰਮ ਅਰੰਭੇ ਜਿਹਨਾਂ ਨਾਲ ਆਮ ਗਰੀਬ ਲੋਕਾਂ ਨੂੰ ਰਾਹਤ ਮਿਲਦੀ ਸੀ। ਕਿਤੇ ਮੈਡੀਕਲ ਕੈਂਪ ਲਗਵਾਏ, ਕਿਤੇ ਹਸਪਤਾਲ ਖੋਹਲੇ ਅਤੇ ਕਿਤੇ ਡਿਸਪੈਂਸਰੀਆਂ ਖੋਹਲੀਆਂ। ਗੁਰਮੇਲ ਮੈਡੀਕਲ ਹਾਲ ਵਾਲੇ ਪਰਿਵਾਰ ਵੱਜੋਂ ਜਾਣੇ ਜਾਂਦੇ ਇਸ ਪਰਿਵਾਰ ਨੇ ਲੁਧਿਆਣਾ ਦੀ ਹਰ ਨੁੱਕਰ ਵਿੱਚ ਰਾਹਤ ਦੇ ਇਸ ਮਿਸ਼ਨ ਨੂੰ ਲਿਜਾਣ ਦਾ ਇਹ ਬੇਹੱਦ ਔਖਾ ਕੰਮ ਅਰੰਭਿਆ। ਅੱਜ ਲੁਧਿਆਣਾ ਦੀ ਫਿਰੋਜ਼ਪੁਰ ਰੋਡ 'ਤੇ ਸਥਿਤ ਮੈਡੀਵੇਜ਼ ਹਸਪਤਾਲ ਵਿੱਚ ਵੀ ਇੱਕ ਵਿਸ਼ੇਸ਼ ਮੈਡੀਕਲ ਕੈਂਪ ਸੀ। 
ਵਿਸ਼ੇਸ਼ ਇਸ ਲਈ ਕਿ ਇਸ ਵਿੱਚ ਬਰੇਨ ਕੋਆਇਲਿੰਗ ਅਤੇ ਐਂਜੀਉਗਰਾਫੀ ਵਰਗੇ ਮਹਿੰਗੇ ਟੈਸਟਾਂ ਦੀਆਂ ਸਹੂਲਤਾਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ ਸਨ। ਇਕੱਲੇ ਐਂਜੀਉਗਰਾਫੀ ਟੈਸਟ ਦੀ ਕੀਮਤ ਹੀ ਬਾਜ਼ਾਰ ਵਿੱਚ ਘਟੋਘੱਟ ਦਸ ਹਜ਼ਾਰ ਰੁਪਏ ਹੈ। ਇਸ ਤਰਾਂ ਬਰੇਨ ਕੋਇਲਿੰਗ ਦੇ ਸਬੰਧ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਸਹੂਲਤ ਲੁਧਿਆਣਾ ਵਿੱਚ ਕਿਸੇ ਵੀ ਹਸਪਤਾਲ ਕੋਲ ਨਹੀਂ। ਇਸ ਬਾਰੇ ਗੱਲਬਾਤ ਕਰਦਿਆਂ ਡਾਕਟਰ ਸੰਜੀਵ ਰਾਜਪੂਤ ਨੇ ਦੱਸਿਆ ਕਿ ਜੇ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਮਰੀਜ਼ ਬੜੀ ਜਲਦੀ ਸਿਹਤਮੰਦ ਹੋ ਕੇ ਘਰ ਚਲਾ ਜਾਂਦਾ ਹੈ। ਇਸੇ ਤਰਾਂ ਡਾਕਟਰ ਵੀਨਾ ਜੈਨ ਨੇ ਬਰੈਸਟ ਕੈਂਸਰ ਬਾਰੇ ਦੱਸਿਆ ਕਿ ਲਾਈਫ ਸਟਾਈਲ ਸੁਧਾਰ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ  ਜੇ ਇਹ ਬਿਮਾਰੀ ਹੋ ਹੀ ਜਾਵੇ ਤਾਂ ਫਿਰ ਸਮੇਂ ਸਿਰ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਇਸਦੇ ਲੱਛਣ ਦਿਖਾਈ ਦੇਂਦਿਆਂ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 
ਇਸ ਮੈਡੀਕਲ ਕੈਂਪ ਬਾਰੇ ਜਾਣਕਾਰੀ ਦੇਂਦਿਆਂ ਡਾਕਟਰ ਕਰਮਵੀਰ ਗੋਇਲ ਨੇ ਦੱਸਿਆ ਕਿ ਅੱਜਕਲ ਸਾਵਧਾਨੀ ਵਾਲਾ ਮੌਸਮ ਹੈ ਇਸ ਲਈ ਕਿਸੇ ਵੀ ਬਿਮਾਰੀ ਦਾ ਕੋਈ ਸੰਕੇਤ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 
ਡਾਕਟਰ ਸਤੀਸ਼ ਜੈਨ ਹੁਰਾਂ ਨੇ ਵੀ ਕੈਂਸਰ ਦੀ ਭਿਆਨਕਤਾ ਅਤੇ ਇਸਦੇ ਖਤਰਿਆਂ ਬਾਰੇ ਅਗਾਹ ਕਰਦਿਆਂ ਕਿਹਾ ਕਿ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। 
ਜ਼ਿੰਦਗੀ ਵਿੱਚ ਬਹੁਤੀਆਂ ਬਿਮਾਰੀਆਂ ਕਿਸੇ ਕੁਦਰਤੀ ਕਰੋਪੀ ਕਰਕੇ ਨਹੀਂ ਬਲਕਿ ਗਲਤ ਲਾਈਫ ਸਟਾਈਲ ਜਾਂ ਗਲਤ ਖਾਣਪਾਣ ਨਾਲ ਹੁੰਦੀਆਂ ਹਨ। ਡਾਈਟੀਸ਼ੀਅਨ ਅਮਨਦੀਪ ਕੌਰ ਨੇ ਦੱਸਿਆ ਕਿ ਜੇ ਲਾਈਫ ਸਟਾਈਲ ਠੀਕ ਹੋਵੇ, ਖਾਣਪੀਣ ਅਤੇ ਪਹਿਰਾਵੇ ਦੇ ਮਾਮਲੇ ਵਿੱਚ ਸੁਚੇਤ ਰਿਹਾ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। 
ਜ਼ਿਕਰਯੋਗ ਹੈ ਕਿ ਇਹ ਹਸਪਤਾਲ ਵੀ ਰਵਿੰਦਰਪਾਲ ਸਿੰਘ ਮਿੰਕੂ ਦੀ ਯਾਦ ਵਿੱਚ ਹੀ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ ਹਰ ਮੰਗਲਵਾਰ ਮੁਫ਼ਤ ਮੈਡੀਕਲ ਕੈਂਪ ਲੱਗਦਾ ਹੈ। 

No comments: