Sunday, December 02, 2018

ਰਿਸ਼ੀ ਨਗਰ: ਵਾਅਦੇ ਭੁੱਲ ਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਚਲਵਾਇਆ ਬੁਲਡੋਜ਼ਰ

ਕਾਂਗਰਸ ਵੀ ਜੁਮਲੇਬਾਜ਼ੀਆਂ ਕਰਨ ਵਾਲਿਆਂ ਦੇ ਰਾਹ
ਲੁਧਿਆਣਾ: 2 ਦਸੰਬਰ 2018:  (ਪੰਜਾਬ ਸਕਰੀਨ ਟੀਮ)::
ਰਿਸ਼ੀ ਨਗਰ ਲੁਧਿਆਣਾ ਦੇ ਗਰੀਬ ਲੋਕਾਂ ਲਈ ਪਹਿਲੀ ਦਸੰਬਰ ਦਾ ਦਿਨ ਤਬਾਹੀ ਲੈ ਕੇ ਆਇਆ। ਬੱਚਿਆਂ ਦੇ ਇਮਤਿਹਾਨਾਂ ਵਾਲੇ ਦਿਨ, ਰਾਤਾਂ ਨੂੰ  ਤੇਜ਼ੀ ਨਾਲ ਵੱਧ ਰਹੀ ਸਰਦੀ, ਪਹਿਲੀ ਦਸੰਬਰ ਨੂੰ ਆਈ ਬੁਲਡੋਜ਼ਰ ਵਾਲੀ ਕਰੋਪੀ ਅਤੇ ਮਲਬਾ ਬਣ ਚੁੱਕੇ ਵੱਸਦੇ ਰੱਸਦੇ ਘਰ।  ਤਕਰੀਬਨ ਤਿੰਨ ਦਹਾਕਿਆਂ ਤੋਂ ਵੀ ਵਧ ਸਮੇਂ ਤੋਂ ਇਥੇ ਰਹਿ ਰਹੇ ਇਹਨਾਂ ਗਰੀਬ ਲੋਕਾਂ ਨੂੰ ਫਿਰ ਉਜਾੜ ਦਿੱਤਾ ਗਿਆ। ਨਾ ਇਹਨਾਂ ਦੇ ਛੋਟੇ ਛੋਟੇ ਬੱਚਿਆਂ ਵੱਲ ਦੇਖਿਆ ਗਿਆ ਤੇ ਨਾ ਹੀ ਇਹਨਾਂ ਦੇ ਛੋਟੇ ਛੋਟੇ ਕਾਰੋਬਾਰੀ ਧੰਦਿਆਂ ਜਾਂ ਦੁਕਾਨਾਂ ਵੱਲ। ਕੱਲ ਵੀ ਇਹਨਾਂ ਦੀ ਸਾਰ ਲੈਣ ਲਈ ਸਿਰਫ ਸੀਪੀਆਈ ਦੇ ਆਗੂ ਅਤੇ ਵਰਕਰ ਹੀ ਇਥੇ ਪੁੱਜੇ ਸਨ ਜਿਹੜੇ ਸਾਰੀ ਰਾਤ ਇਹਨਾਂ ਦੇ ਨਾਲ ਰਹੇ। ਅੱਜ ਫਿਰ ਸੀਪੀਆਈ ਆਗੂ ਹੀ ਇਹਨਾਂ ਦੇ ਨਾਲ ਆ ਕੇ ਡਟੇ ਰਹੇ। 
ਸਰਕਾਰ ਅਤੇ ਪਰਸ਼ਾਸਨ ਵੱਲੋਂ ਦਿੱਤੇ ਹੁਕਮਾਂ ਮਗਰੋਂ ਉਜਾੜੇ ਗਏ ਇਹਨਾਂ ਸਾਰਿਆਂ ਲੋਕਾਂ ਲਈ ਚਾਹ ਪਾਣੀ ਅਤੇ ਤਿੰਨ ਸਮਿਆਂ ਦੀ ਰੋਟੀ ਦਾ ਪਰਬੰਧ ਸੀਪੀਆਈ ਆਗੂ ਕਾਮਰੇਡ ਗੁਰਨਾਮ ਸਿੰਘ ਸਿੱਧੂ ਦੇ ਘਰ ਵਿਖੇ ਕੀਤਾ ਗਿਆ ਹੈ। ਹੋਰ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਨੇ ਇਥੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਮੇਅਰ ਬਲਕਾਰ ਸਿੰਘ ਸੰਧੂ ਦੇ ਵਾਰਡ ਨੰਬਰ 78 ਵਿੱਚ ਪੈਂਦਾ ਹੈ। ਅਕਾਲੀ ਦਲ ਅਤੇ ਸੀਪੀਆਈ ਦੇ ਉਮੀਦਵਾਰ ਕਾਰਪੋਰਸ਼ਨ ਚੋਣਾਂ ਵਿੱਚ ਇਹ ਚੋਣ ਹਾਰ ਗਏ ਸਨ। ਜਿੱਤ ਬਲਕਾਰ ਸਿੰਘ ਸੰਧੂ ਦੀ ਹੋਈ ਸੀ। ਜਿੱਤਣ ਮਗਰੋਂ ਉਹਨਾਂ ਨੂੰ ਮੇਅਰ ਬਣਾਇਆ ਗਿਆ ਅਤੇ ਸ਼ਾਮ ਸੁੰਦਰ ਮਲਹੋਤਰਾ ਨੂੰ ਸੀਨੀਅਰ ਡਿਪਟੀ ਮੇਅਰ। ਸ਼ਹੀਦ ਰਾਧੇ ਸ਼ਾਮ ਮਲਹੋਤਰਾ ਦੇ ਪਰਿਵਾਰ ਨਾਲ ਸਬੰਧਤ ਸ਼ਾਮ ਸੁੰਦਰ ਮਲਹੋਤਰਾ ਵੀ ਲੋਕਾਂ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ। ਲੋਕਾਂ ਦੇ ਦੁੱਖ ਸੁੱਖ ਵਿੱਚ ਕੰਮ ਵੀ ਆਉਂਦੇ ਹਨ ਪਰ ਇਸ ਮਾਮਲੇ ਵਿੱਚ ਉਹ ਵੀ ਖਾਮੋਸ਼ ਹਨ। 
ਚੋਣਾਂ ਦੇ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਬਲਕਾਰ ਸਿੰਘ ਸੰਧੂ ਨੇ ਆਪਣੇ ਇਹਨਾਂ ਵੋਟਰਾਂ ਅਤੇ ਸਮਰਥਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਜਿੱਤ ਗਏ ਤਾਂ ਇਹਨਾਂ ਨੂੰ ਇਥੇ ਪਬਲਿਕ ਬਾਥਰੂਮ ਅਤੇ ਪਖ਼ਾਨੇ ਬਣਵਾ ਕੇ ਦੇਣਗੇ। ਆਪਣੇ ਇਹਨਾਂ ਸਾਰੇ ਭਰੋਸਿਆਂ ਨੂੰ ਦੂਜੀਆਂ ਪਾਰਟੀਆਂ ਵਾਂਗ ਜੁਮਲੇਬਾਜ਼ੀ ਸਾਬਿਤ ਕਰਦਿਆਂ ਮੇਅਰ ਬਲਕਾਰ ਸਿੰਘ ਸੰਧੂ ਨੇ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ 'ਤੇ ਇਥੇ ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਰਿਹਾਇਸ਼ਗਾਹਾਂ ਉੱਤੇ ਬੁਲਡੋਜ਼ਰ ਚਲਵਾਇਆ। ਜ਼ਿਕਰਯੋਗ ਹੈ ਕਿ ਚਾਰ ਵਾਰ ਕੌਂਸਲਰ ਰਹਿ ਚੁੱਕੇ 63 ਸਾਲਾਂ ਦੇ ਬਲਕਾਰ ਸਿੰਘ ਸੰਧੂ ਬੜੀ ਸਾਫ ਸਵੱਛ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਰਹੇ। ਇਸ ਲਈ ਗਰੀਬ ਅਤੇ ਸਾਧਾਰਨ ਲੋਕਾਂ ਨੂੰ ਇਸ ਵਾਰ ਬਲਕਾਰ ਸਿੰਘ ਸੰਧੂ ਕੋਲੋਂ ਉਮੀਦਾਂ ਵੀ ਜ਼ਿਆਦਾ ਸਨ।  ਬਲਕਾਰ ਸੰਧੂ ਨੂੰ ਗਰੀਬੀ ਅਤੇ ਬੇਬਸੀ ਦੀਆਂ ਸਾਰੀਆਂ ਹਾਲਤਾਂ ਦਾ ਪਤਾ ਹੈ। ਬਲਕਾਰ ਸਿੰਘ ਸੰਧੂ ਨੇ ਕਈ ਵਾਰ ਇਹਨਾਂ ਲੋਕਾਂ ਦੀ ਮਦਦ ਵੀ ਕੀਤੀ ਪਰ ਹੁਣ ਅਚਾਨਕ ਕੀ ਹੋਇਆ? ਇਹ ਗੱਲ ਬਹੁਤ ਸਾਰੇ ਲੋਕਾਂ ਲਈ ਇੱਕ ਬੁਝਾਰਤ ਬਣੀ ਹੋਈ ਹੈ। 
ਕਿਸੇ ਵੀ ਅਫਸਰ ਜਾਂ ਸਰਕਾਰੀ ਅਧਿਕਾਰੀ ਨੇ ਇਹਨਾਂ ਗਰੀਬ ਲੋਕਾਂ ਦੀ ਇੱਕ ਨਾ ਸੁਣੀ। ਇਹ ਸਭ ਕੁਝ ਉਦੋਂ ਕੀਤਾ ਗਿਆ ਜਦੋਂ ਇਹਨਾਂ ਦੇ ਸਕੂਲਾਂ ਵਿੱਚ ਪੜਦੇ ਛੋਟੇ ਛੋਟੇ ਬੱਚਿਆਂ ਦੇ ਪੱਕੇ ਇਮਤਿਹਾਨਾਂ ਦੇ ਦਿਨ ਹਨ। ਸਰਦੀਆਂ ਦਾ ਮਹੀਨਾ ਅਤੇ ਇਹਨਾਂ ਦੇ ਸਿਰ ਦੀ ਛੱਤ ਖੋਹ ਲਈ ਗਈ। ਆਪਣੇ ਇਸ ਲੋਕ ਵਿਰੋਧੀ ਐਕਸ਼ਨ ਨੂੰ ਆਪਣੀ ਇੱਕ ਜਿੱਤ ਅਤੇ ਪਰਾਪਤੀ ਵਾਂਗ ਪੇਸ਼ ਕਰਦਿਆਂ ਪਰਸ਼ਾਸਨ ਨੇ ਬਿਆਨ ਦਿੱਤਾ ਕਿ ਅਸੀਂ 100 ਕਰੋੜ ਰੁਪਏ ਦੀ ਜ਼ਮੀਨ ਖਾਲੀ ਕਰਵਾ ਲਈ ਹੈ। 
ਪੂੰਜੀਵਾਦ ਦੇ ਜਾਲ ਵਿੱਚ ਫਸ ਚੁੱਕੀਆਂ ਸਰਕਾਰਾਂ ਦੇ ਇਸ ਐਕਸ਼ਨ ਦੀ ਨਿਖੇਧੀ ਕਰਦਿਆਂ ਸੀਪੀਆਈ ਆਗੂ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਇਹ 100 ਕਰੋੜ ਰੁਪਏ ਦੀ ਜ਼ਮੀਨ ਆਨੇ ਬਹਾਨੇ ਲੈਂਡ ਮਾਫੀਆ ਦੇ ਹਵਾਲੇ ਕਰਕੇ ਕਈ ਗੁਣਾ ਵੱਧ ਪੈਸੇ ਕਮਾਏ ਜਾਣਗੇ ਅਤੇ ਇਸ ਕਮਾਈ ਵਿਚ ਬਾਹੂਬਲੀਆਂ ਸਮੇਤ ਕਈ ਲੀਡਰਾਂ ਅਤੇ ਅਫਸਰਾਂ ਦਾ ਹਿੱਸਾ ਹੋਵੇਗਾ। ਕਾਮਰੇਡ ਸਿੱਧੂ ਨੇ ਸੰਭਾਵਤ ਨਵਾਂ ਦਾ ਜ਼ਿਕਰ ਵੀ ਕੀਤਾ ਜਿਹਨਾਂ ਨੂੰ ਅਸੀਂ ਫਿਲਹਾਲ ਉਜਾਗਰ ਨਹੀਂ ਕਰ ਰਹੇ। 
ਉਜਾੜੇ ਗਏ ਇਹਨਾਂ ਬੇਬਸ ਅਤੇ ਗਰੀਬ ਲੋਕਾਂ ਨੂੰ ਦਿਲਾਸਾ ਦੇਂਦਿਆਂ ਸੀਪੀਆਈ ਆਗੂ ਕਾਮਰੇਡ ਸਿੱਧੂ ਨੇ ਕਿਹਾ ਕਿ ਅਸੀਂ ਇਸ ਲੜਾਈ ਨੂੰ ਜਾਰੀ ਰੱਖਾਂਗੇ ਅਤੇ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਹਰ ਹਾਲਤ ਵਿੱਚ ਦੁਆਵਾਂਗੇ। ਨਾ ਅਸੀਂ ਜੇਹਲਾਂ ਵਿਚ ਜਾਣ ਤੋਂ ਡਰਦੇ ਹਨ, ਨਾ ਹੀ ਪੁਲਿਸ ਦੀਆਂ ਗੋਲੀਆਂ ਤੂੰ ਅਤੇ ਨਾ ਹੀ ਇਹਨਾਂ ਵੱਲੋਂ ਪਾਲੇ ਬਾਹੂਬਲਿਆਂ ਦੇ ਗੁੰਡਿਆਂ ਤੋਂ। 
ਕਾਮਰੇਡ ਸਿੱਧੂ ਨੇ ਪਰਸ਼ਾਸਨ ਦੇ ਦਾਅਵਿਆਂ ਨੂੰ ਝੂਠਲਾਉਂਦਿਆਂ ਕਿਹਾ ਕਿ ਕਿਸੇ ਨੂੰ ਵੀ ਕੋਈ ਫਲੈਟ ਅਲਾਟ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਅਸੀਂ ਬੁਲਡੋਜ਼ਰ ਚਲਾਉਣ ਤੋਂ ਪਹਿਲਾਂ ਨੋਟਿਸ ਵੀ ਭੇਜੇ, ਚੇਤਾਵਨੀਆਂ ਵੀ ਦਿੱਤੀਆਂ ਅਤੇ ਮੌਕੇ ਤੇ ਫਲੈਟ ਵੀ ਅਲਾਟ ਕੀਤੇ। ਕਾਮਰੇਡ ਸਿੱਧੂ ਨੇ ਕਿਹਾ ਜਦੋਂ ਬੁਲਡੋਜ਼ਰ ਚੱਲਿਆ ਉਸ ਸਮੇਂ ਇਥੇ ਰਹਿਣ ਵਾਲੇ ਇਹਨਾਂ ਗਰੀਬਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਸੀ ਅਤੇ ਪਰਸ਼ਾਸਨ ਫਲੈਟ ਅਲਾਟ ਕਰਨ ਦੇ ਦਾਅਵੇ ਕਰ ਰਿਹਾ ਹੈ। ਅਸਲ ਵਿੱਚ ਇਹ ਸਭ ਕੁਝ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਝੂਠ ਦਾ ਪੁਲੰਦਾ ਹੈ। ਜਨਤਾ ਨੂੰ  ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਬਾਕੀ ਸਿਆਸੀ ਪਾਰਟੀਆਂ ਨੂੰ ਇਹਨਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ। 
ਇਸ ਮੌਕੇ ਕਾਮਰੇਡ ਸਿੱਧੂ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮੂਹ ਜਨਤਾ ਨੂੰ ਸੱਦਾ ਦਿੱਤਾ ਕਿ ਉਹਨਾਂ ਨੂੰ ਖੁਦ ਇਥੇ ਮੌਕੇ 'ਤੇ ਆ ਕੇ ਇਹਨਾਂ ਗਰੀਬ ਲੋਕਾਂ ਦਾ ਹਾਲ ਦੇਖਣਾ ਚਾਹੀਦਾ ਹੈ ਅਤੇ ਇਹਨਾਂ ਦਾ ਸੱਚ ਇਹਨਾਂ ਦੇ ਹੀ ਮੂੰਹੋਂ ਸੁਣਨਾ ਚਾਹੀਦਾ ਹੈ।
ਇਥੇ ਰਹਿੰਦੇ ਇਹਨਾਂ ਬੇਘਰ ਹੋਏ ਲੋਕਾਂ ਨੇ ਦੱਸਿਆ ਕਿ ਇਥੇ ਆ ਕੇ ਅਫਸਰਾਂ ਨੇ ਸਭ ਤੋਂ ਪਹਿਲਾਂ ਸਾਡਾ ਬਿਜਲੀ ਪਾਣੀ ਬੰਦ ਕਰਵਾ ਦਿੱਤਾ ਜੋ ਕਿ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ। ਇਸਤੋਂ ਬਾਅਦ ਧਮਕੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਫਿਰ ਬੁਲਡੋਜ਼ਰ ਨਾਲ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ। ਵੱਡੇ ਮਗਰਮੱਛਾਂ ਸਾਹਮਣੇ ਡੰਡਾਉਤਾਂ ਕਰਨ ਵਾਲਾ ਵਾਲਾ ਸਿਸਟਮ ਇਥੇ ਆ ਕੇ ਇਹਨਾਂ ਕਿਰਤੀ ਲੋਕਾਂ ਉੱਤੇ ਆਪਣਾ ਜ਼ੋਰ  ਦਿਖਾਉਣ ਲੱਗ ਪਿਆ।
ਬੁਲਡੋਜ਼ਰ ਚਲਾਏ ਜਾਣ ਦੀ ਇਸ ਕਾਰਵਾਈ ਦੇ ਖਿਲਾਫ ਲੋਕਾਂ ਵਿੱਚ ਤਿੱਖਾ ਰੋਹ ਹੈ। ਇਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਕਦੇ ਵੀ ਇਹਨਾਂ ਲੀਡਰਾਂ ਦਾ ਇਤਬਾਰ ਨਹੀਂ ਕਰਨਗੇ। ਜੇ ਇਹ ਵੋਟਾਂ ਮੰਗਣ ਆਏ ਤਾਂ ਅਸੀਂ ਇਹਨਾਂ ਦੇ ਗੱਲ ਜੁੱਤੀਆਂ ਦੇ ਹਰ ਪਾਵਾਂਗੇ। ਜਿਹਨਾਂ ਨੇ ਸਾਨੂੰ ਉਜਾੜਿਆ ਹੈ ਅਸੀਂ ਉਹਨਾਂ ਨੂੰ ਉਜਾੜੇ ਬਿਨਾ ਹੁਣ ਚੈਨ ਨਾਲ ਨਹੀਂ ਬੈਠਾਂਗੇ। 
ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਲੋਕ ਸੀਪੀਆਈ ਦੇ ਸਮਰਥਕ ਜਾਂ ਵੋਟਰ ਹਨ। ਸੀਪੀਆਈ ਨੇ ਨਗਰਨਿਗਮ ਚੋਣਾਂ ਵਿੱਚ ਬਲਕਾਰ ਸੰਧੂ ਦੇ ਖਿਲਾਫ ਆਪਣਾ ਉਮੀਦਵਾਰ ਵੀ ਖੜਾ ਕੀਤਾ ਸੀ। ਹੁਣ ਮੇਅਰ ਬਣ ਚੁੱਕੇ ਬਲਕਾਰ ਸਿੰਘ ਸੰਧੂ ਉਹਨਾਂ ਵੋਟਰਾਂ ਨੂੰ ਸਬਕ ਸਿਖਾਉਣ ਵਾਲੇ ਰਸਤੇ ਤੇ ਚੱਲ ਰਹੇ ਲੱਗਦੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ਐਕਸ਼ਨ ਦਾ ਅਸਰ ਉਲਟਾ ਹੁੰਦਾ ਮਹਿਸੂਸ ਹੋ ਰਿਹਾ ਹੈ।  ਲੋਕ ਸੀਪੀਆਈ ਦੇ ਜ਼ਿਆਦਾ ਨੇੜੇ ਆ ਰਹੇ ਹਨ। 
ਇਥੇ ਵਰਨਣਯੋਗ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਬਹੁਤ ਸਾਰੇ ਆਗੂ ਤਾਂ ਬੁਲਡੋਜ਼ਰ ਵਾਲੀ ਕਾਰਵਾਈ ਦਾ ਪਤਾ ਲੱਗਦੀਆਂ ਹੀ ਮੌਕੇ ਤੇ ਪੁੱਜ ਗਏ ਸਨ ਪਰ ਹੁਣ ਦੇਖਣਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਆਪਣੇ ਇਹਨਾਂ ਗਰੀਬ ਅਤੇ ਬੇਬਸ ਬਣਾਏ ਗਏ ਵੋਟਰਾਂ ਦੀ ਯਾਦ ਕਦੋਂ ਆਉਂਦੀ ਹੈ? ਇਸ ਯਾਦ ਨਾਲ ਹੀ ਜੁੜਿਆ ਹੈ ਸਿਆਸੀ ਪਾਰਟੀਆਂ ਦਾ ਲੋਕ ਆਧਾਰ। 

No comments: