Sep 29, 2018, 7:18 PM
ਨਾਮਧਾਰੀ ਸੰਗਤ ਵੱਲੋਂ ਗਰੀਬ ਬੱਚਿਆਂ ਨੂੰ ਕਛਹਿਰੇ ਵੰਡੇ ਗਏ
ਕਛਹਿਰੇ ਵੰਡਣ ਨਾਲ ਸਿੱਖੀ ਦਾ ਪ੍ਰਚਾਰ ਵੀ ਵਧੇਗਾ-ਗੋਸ਼ਾ
ਲੁਧਿਆਣਾ: 29 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਦੀ ਦੁਨੀਆ ਵਿੱਚ ਬਹੁਤ ਵੱਡਾ ਸੰਕਟ ਹੈ ਅਨੈਤਿਕ ਸਬੰਧਾਂ ਦਾ। ਇਹਨਾਂ ਸਬੰਧਾਂ ਕਾਰਨ ਨਿੱਤ ਦਿਹਾੜੀ ਝਗੜੇ ਝੇੜੇ ਹੁੰਦੇ ਹਨ ਜਿਹਨਾਂ ਦੀ ਨੌਬਤ ਖੂਨ ਖਰਾਬੇ ਤੱਕ ਜਾਂਦੀ ਹੈ। ਧਾਰਮਿਕ ਗੁਰੂਆਂ-ਪੀਰਾਂ ਪੈਗੰਬਰਾਂ ਅਤੇ ਹੋਰ ਮਹਾਂਪੁਰਸ਼ਾਂ ਨੇ ਇਸ ਸੰਕਟ ਨੂੰ ਬਹੁਤ ਪਹਿਲਾਂ ਹੀ ਪਛਾਣ ਲਿਆ ਸੀ। ਜੇ ਹਿੰਦੂਆਂ ਵਿੱਚ ਲੰਗੋਟ ਨਾਲ ਸੰਜਮ ਅਤੇ ਸ਼ੀਲ ਦਾ ਸੁਨੇਹਾ ਦਿੱਤਾ ਗਿਆ ਤਾਂ ਸਿੱਖ ਧਰਮ ਵਿੱਚ ਗੋਡਿਆਂ ਤੱਕ ਆਉਂਦੇ ਕਛਹਿਰੇ ਨਾਲ ਇਹੀ ਸੁਨੇਹਾ ਦੁਹਰਾਇਆ ਗਿਆ। ਕਛਹਿਰਾ ਜੰਗਾਂ ਯੁੱਧਾਂ ਵਾਲੀ ਹੰਗਾਮੀ ਸਥਿਤੀ ਵਿੱਚ ਵੀ ਸਿੱਖ ਨੂੰ ਕਦੇ ਸ਼ੀਲ ਅਤੇ ਸੰਜਮ ਤੋਂ ਦੂਰ ਨਾ ਹੋਣ ਦੇਂਦਾ।
ਹੁਣ ਜਦੋਂ ਕਿ ਦੁਨੀਆ ਭਰ ਦੇ ਮੀਡੀਆ ਦਾ ਵੱਡਾ ਹਿੱਸਾ ਹਰ ਪਲ ਕਾਮ ਉਕਸਾਉ ਪਰਚਾਰ ਨਾਲ ਪੈਸੇ ਕਮਾ ਕੇ ਸਮਾਜ ਨੂੰ ਪੱਤਨ ਦੀਆਂ ਖੱਡਾਂ ਵਿੱਚ ਸੁੱਟਣ ਲੱਗਾ ਹੋਇਆ ਹੈਂ ਉਦੋਂ ਨਾਮਧਾਰੀ ਸਤਿਗੁਰੂ ਮਹਾਰਾਜਾ ਦਲੀਪ ਸਿੰਘ ਜੀ ਨੇ ਇੱਕ ਵਾਰ ਫੇਰ ਮਹਿਸੂਸ ਕੀਤਾ ਹੈ ਕਿ ਇਸ ਨਾਜ਼ੁਕ ਸਥਿਤੀ ਵਿੱਚ ਕਛਹਿਰਾ ਹੀ ਸਾਨੂੰ ਬਚਾ ਸਕਦਾ ਹੈ।
ਮਹਾਂਪੁਰਸ਼ਾਂ ਦੀਆਂ ਛੋਟੀਆਂ ਛੋਟੀਆਂ ਨਜ਼ਰ ਆਉਂਦੀਆਂ ਗੱਲਾਂ ਵਿੱਚ ਬੜੀਆਂ ਵੱਡਿਆਂ ਰਮਜ਼ਾਂ ਲੁੱਕੀਆਂ ਹੁੰਦੀਆਂ ਹਨ। ਇਹਨਾਂ ਨੂੰ ਦੇਖਣਾ ਅਤੇ ਸਮਝਣਾ ਆਸਾਨ ਨਹੀਂ ਹੁੰਦਾ ਹੁੰਦਾ। ਮਹਾਂਪੁਰਸ਼ਾਂ ਦੀ ਕਿਰਪਾ ਨਾਲ ਹੀ ਇਹਨਾਂ ਦੀ ਸੋਝੀ ਪੈਂਦੀ ਹੈ।
ਅੱਜ ਜਦੋਂ ਸਾਰੀ ਦੁਨੀਆ ਔਰਤਾਂ, ਕੁੜੀਆਂ ਅਤੇ ਬੱਚੀਆਂ ਤੱਕ ਲਈ ਅਸੁਰੱਖਿਅਤ ਹੁੰਦੀ ਜਾ ਰਹੀ ਹੈ ਉਦੋਂ ਮਹਾਂਪੁਰਸ਼ਾਂ ਨੇ ਕਛਹਿਰੇ ਦੀ ਜੁਗਤ ਨਾਲ ਗੁਰੂ ਦੇ ਉਹਨਾਂ ਪੁਰਾਤਨ ਸਿੱਖਾਂ ਵਾਲਾ ਸਮਾਜ ਸਿਰਜਣ ਦਾ ਫੈਸਲਾ ਕੀਤਾ ਹੈ ਜਿਹਨਾਂ ਬਾਰੇ ਉਸ ਵੇਲੇ ਦੀਆਂ ਅਣਜਾਣ ਬੀਬੀਆਂ ਵੱਲੋਂ ਵੀ ਕਿਹਾ ਜਾਂਦਾ ਸੀ-
ਆ ਗਏ ਨਿਹੰਗ-ਬੂਹੇ ਖੋਲ ਦਿਓ ਨਿਸੰਗ---
ਉਸ ਉੱਚ ਦਰਜੇ ਦੇ ਚਰਿੱਤਰ ਵਾਲੇ ਪੁਰਸ਼ਾਂ ਵਾਲਾ ਸਮਾਜ ਸਿਰਜਣ ਲਈ ਸਤਿਗੁਰਾਂ ਨੇ ਆਪਣੇ ਸੇਵਕਾਂ ਨੂੰ ਕਛਹਿਰੇ ਦਾਨ ਕਰਨ ਦਾ ਹੁਕਮ ਕੀਤਾ ਹੈ।
ਇਹਨਾਂ ਕਛਹਿਰਿਆਂ ਨਾਲ ਜਿੱਥੇ ਕੱਪੜੇ ਦਾ ਦਾਨ ਚੰਗੇ ਲੇਖੇ ਲੱਗੇਗਾ--ਸ਼ੀਲ ਅਤੇ ਸੰਜਮ ਵਾਲਾ ਸਮਾਜ ਸਿਰਜੇਗਾ ਉੱਥੇ ਇਹਨਾਂ ਨੂੰ ਸਿੱਖੀ ਵਾਲੇ ਪਾਸੇ ਵੀ ਲਿਆਵੇਗਾ। ਇਹੀ ਹਿੰਦੂ ਅਤੇ ਹੋਰ ਗੈਰ ਸਿੱਖ ਬਾਅਦ ਵਿੱਚ ਬਾਕੀ ਕਕਾਰਾਂ ਨੂੰ ਵੀ ਧਾਰਨ ਕਰਨਗੇ।
ਇਸ ਲਈ ਆਓ ਇਸ ਉੱਦਮ ਉਪਰਾਲੇ ਦੀ ਅਹਿਮੀਅਤ ਨੂੰ ਸਮਝੀਏ ਅਤੇ ਇਸ ਵਿੱਚ ਸਰਗਰਮ ਯੋਗਦਾਨ ਪਾਈਐ।
ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਧਾਰੀ ਸੰਗਤ ਵੱਲੋਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਜਿੱਥੇ ਵਿੱਦਿਆ ਦਾਨ ਦੇਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਹੁਣ ਅੱਤ ਦੀ ਗਰੀਬੀ ਨਾਲ ਲਤਾੜੇ ਇਹਨਾਂ ਬੱਚਿਆਂ ਨੂੰ ਕੱਪੜਾ ਦਾਨ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਮੁਹਿੰਮ ਦੇ ਤਹਿਤ ਅੱਜ 29 ਸਤੰਬਰ ਨੂੰ ਸਥਾਨਕ ਕੇਂਦਰੀ ਜੇਲ ਤਾਜਪੁਰ ਰੋਡ, ਦੇ ਆਸ-ਪਾਸ ਰਹਿੰਦੇ ਗਰੀਬ ਬੱਚਿਆਂ ਨੂੰ ਕਛਹਿਰੇ ਵੰਡੇ ਗਏ। ਗਰੀਬ ਬੱਚਿਆਂ ਅਤੇ ਨੌਜਵਾਨਾਂ ਨੂੰ ਕਛਹਿਰੇ ਵੰਡਣ ਦੀ ਇਸ ਮੁਹਿੰਮ ਵਿੱਚ ਨਾਮਧਾਰੀ ਸੰਗਤ ਦੇ ਨਾਲ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ। ਸ਼੍ਰੀ ਠਾਕੁਰ ਦਲੀਪ ਸਿੰਘ ਹੋਰਾਂ ਇਸ ਕਾਰਜ ਦੇ ਮੰਤਵ ਬਾਰੇ ਆਪਣੇ ਸੁਨੇਹੇ ਵਿੱਚ ਕਹਿਾ ਕਿ ਜਿੱਥੇ ਇਸ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕੱਪੜਾ ਦਾਨ ਮਿਲੇਗਾ, ਉੱਥੇ ਇਹ ਪਰਿਵਾਰ ਸਿੱਖੀ ਦੀ ਸ਼ਾਨ ਕਛਹਿਰਾ ਪਾ ਕੇ ਕੱਕਾਰਾਂ ਦੇ ਮਹੱਤਵ ਤੋਂ ਵੀ ਜਾਣੂ ਹੋਣਗੇ ਅਤੇ ਸਿੱਖ ਧਰਮ ਵੱਲ ਖਿੱਚੇ ਜਾਣਗੇ, ਜੋ ਕਿ ਮੌਜੂਦਾ ਸਮੇਂ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਅਤਿ ਜ਼ਰੂਰੀ ਹੈ। ਗੁਰੂ ਦੀ ਬਖਸ਼ਿਸ਼ ਬਾਣਾ ਪਹਿਨਣ ਨਾਲ ਉਹਨਾਂ ਅੰਦਰ ਵਿਕਾਰਾਂ ਤੋਂ ਦੂਰ ਰਹਿਣ ਦੀ ਭਾਵਨਾਂ ਪਰਬਲ ਹੋਵੇਗੀ ਅਤੇ ਸਮਾਜ ਵਿੱਚ ਉੱਚ ਕਦਰਾਂ-ਕੀਮਤਾਂ ਵਾਲੇ ਪੁਰਸ਼ਾਂ ਦੀ ਗਿਣਤੀ ਵਧੇਗੀ। ਇਸ ਮੁਹਿੰਮ ਦਾ ਹਿੱਸਾ ਬਣਨ ਤੇ ਖੁਸ਼ੀ ਅਤੇ ਗੌਰਵ ਮਹਿਸੂਸ ਕਰਦਿਆਂ ਸ. ਗੋਸ਼ਾ ਨੇ ਕਿਹਾ ਕਿ ਵਰਤਮਾਨ ਵਿੱਚ ਸਮਾਜ ਅੰਦਰ ਵੱਧ ਰਹੀ ਅਨੈਤਿਕਤਾ ਨੂੰ ਠਲ੍ਹਣ ਲਈ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਜੀ ਦੀ ਇਹ ਪਹਿਲ ਸਮੇਂ ਦੀ ਵੱਡੀ ਲੋੜ ਸੀ। ਇਸ ਮੌਕੇ ਨਾਮਧਾਰੀ ਪੰਥ ਦੇ ਆਗੂ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਛਹਿਰੇ ਵੰਡਣ ਨਾਲ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਚਲਾਈ ਗਈ ਸਵਦੇਸ਼ੀ ਲਹਿਰ ਨੂੰ ਵੀ ਬਲ ਮਿਲੇਗਾ, ਕਿਉਂਕਿ ਕਛਹਿਰਾ ਹੀ ਸ਼ੁੱਧ ਸਵਦੇਸ਼ੀ ਪਹਿਰਾਵਾ ਹੈ। ਇਸ ਮੌਕੇ ਬਲਵਿੰਦਰ ਸਿੰਘ ਪਨੇਸਰ, ਨਵੇਤਜ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਹਰਭਜਨ ਸਿੰਘ ਫੋਰਮੈਨ, ਹਰਪਾਲ ਕੌਰ, ਹਰਪ੍ਰੀਤ ਕੌਰ, ਹਰੀ ਸਿੰਘ, ਮਨਿੰਦਰ ਸਿੰਘ, ਜਸਵੀਰ ਸਿੰਘ ਪਾਇਲ, ਰਾਜੇਸ਼ ਮਿਸ਼ਰਾ, ਜਸਵੰਤ ਸਿੰਘ ਸੋਨੂੰ ਅਤੇ ਅਰਵਿੰਦਰ ਸਿੰਘ ਲਾਡੀ ਹਾਜ਼ਰ ਸਨ।



No comments:
Post a Comment