Saturday, September 29, 2018

ਗ਼ੈਰਕਾਨੂੰਨੀ ਸਬੰਧਾਂ ਦੀ ਇਜਾਜਤ ਦੇਣਾ ਖਤਰਨਾਕ : ਸ਼ਾਹੀ ਇਮਾਮ ਪੰਜਾਬ

Sep 29, 2018, 12:43 PM
ਭਾਰਤੀ ਸੱਭਿਅਤਾ ਅਤੇ ਧਰਮ ਹਰਗਿਜ਼ ਇਸਦੀ ਇਜਾਜਤ ਨਹੀਂ ਦਿੰਦੇ
ਜਾਮਾ ਮਸਜਿਦ ਨੇ ਖੁੱਲ ਕੇ ਲਿਆ ਸਟੈਂਡ:ਪਤੀ-ਪਤਨੀ ਇੱਕ ਦੂਜੇ ਦੇ ਸਾਰਥੀ

ਲੁਧਿਆਣਾ: 29 ਸਤੰਬਰ 2018:  (ਪੰਜਾਬ ਸਕਰੀਨ ਬਿਊਰੋ)::
ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੁਸਲਿਮ ਸਮਾਜ ਨੇ ਅੱਜ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਬੇਹੱਦ ਖਤਰਨਾਕ ਦੱਸਿਆ। ਇਸ ਸਬੰਧੀ ਜਾਮਾ ਮਸਜਿਦ ਵਿਖੇ ਬੁਲਾਈ ਗਈ ਪਰੈਸ ਕਾਨਫਰੰਸ ਵਿੱਚ ਵਿਸਥਾਰ ਨਾਲ ਚਰਚਾ ਹੋਈ। 
ਸੁਪਰੀਮ ਕੋਰਟ ਨੇ ਧਾਰਾ 497 ਨੂੰ ਗੈਰਸੰਵਿਧਾਨਿਕ ਦੱਸਦੇ ਹੋਏ ਪਤੀ-ਪਤਨੀ  ਦੇ ਰਿਸ਼ਤੇ ਦੀ ਵਿਆਖਿਆ ਕਰਦੇ ਹੋਏ ਜੋ ਕਿਹਾ ਹੈ ਕਿ ਪਤਨੀ ਪਤੀ ਦੀ ਜਾਇਦਾਦ ਨਹੀਂ,  ਇਹ ਵਿਆਖਿਆ ਭਾਰਤੀ ਸੱਭਅਤਾ ਨਾਲ ਮੇਲ ਨਹੀਂ ਖਾਂਦੀ, ਇਹ ਗੱਲ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਪਤੀ ਪਤਨੀ ਇੱਕ ਦੂਜੇ ਦੇ ਸਾਰਥੀ ਹਨ ਦੋਨਾਂ ਦਾ ਇੱਕ ਦੂਜੇ 'ਤੇ ਵਿਸ਼ਵਾਸ ਹੀ ਘਰ ਦੀ ਸ਼ਾਂਤੀ ਅਤੇ ਪੂੰਜੀ ਹੈ ਜਿਸਦੇ ਨਾਲ ਇਹ ਦੋਨੋ ਹਰ ਮੁਸ਼ਕਲ ਦਾ ਮੁਕਾਬਲਾ ਮਜ਼ਬੂਤੀ ਨਾਲ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤੀ ਸੱਭਿਅਤਾ ਅਤੇ ਧਰਮ ਹਰਗਿਜ਼ ਇਸਦੀ ਇਜਾਜਤ ਨਹੀਂ ਦਿੰਦੇ, ਇਸ ਲਈ ਸੁਪਰੀਮ ਕੋਰਟ ਨੂੰ ਇਸ 'ਤੇ ਦੁਬਾਰਾ ਵਿਚਾਰ ਕਰਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਦੇਸ਼ 'ਚ ਔਰਤਾਂ ਦੀ ਪੀੜਾ ਹੋਰ ਵਧਣ ਵਾਲੀ ਹੈ, ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਦੀ ਗੁਲਾਮੀ ਤੋ ਦੇਸ਼ ਨੂੰ ਆਜਾਦ ਕਰਾਉਣ ਲਈ ਕੁਰਬਾਨੀ ਇਸ ਲਈ ਨਹੀਂ ਦਿੱਤੀ ਸੀ ਕਿ ਪੱਛਮ ਦੀ ਸੱਭਅਤਾ ਨੂੰ ਹੁਕਮਾਂ ਦੇ ਜਰੀਏ ਥੋਪਣ ਦੀ ਕੋਸ਼ਿਸ਼ ਕੀਤੀ ਜਾਵੇ। ਸ਼ਾਹੀ ਇਮਾਮ ਨੇ ਸਾਰੇ ਧਰਮਾਂ  ਦੇ ਆਗੂਆ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਬਦਲਣ ਲਈ ਸਰਕਾਰ ਨੂੰ ਕਹਿਣ।  ਸ਼ਾਹੀ ਇਮਾਮ ਨੇ ਕਿਹਾ ਦੀ ਦੇਸ਼ 'ਚ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਹੈ ਸੁਪਰੀਮ ਕੋਰਟ ਨੂੰ ਤਿੰਨ ਤਲਾਕ ਦੇ ਕਨੂੰਨ ਦੀ ਤਰਾਂ ਇਸਨੂੰ  ਵੀ ਸੰਸਦ 'ਚ ਵਿਚਾਰ  ਤੋ ਬਾਅਦ ਕਾਨੂੰਨ ਬਣਾਉਣ ਲਈ ਕਹਿਣਾ ਚਾਹੀਦਾ ਸੀ।  ਉਹਨਾਂ ਕਿਹਾ ਕਿ ਅਜਿਹੀਆਂ ਸਾਰੀਆਂ ਧਾਰਾਵਾਂ ਨੂੰ ਬਦਲਣ ਤੋਂ ਪਹਿਲਾਂ ਕੌਮੀ ਪੱਧਰ 'ਤੇ ਜਨਤਾ ਦੀ ਵੀ ਰਾਏ ਲੈਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਹੈਰਤ ਹੈ ਕਿ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਤਿੰਨ ਤਲਾਕਾਂ ਨਹੀਂ ਦਿੱਤੀਆਂ ਜਾ ਸਕਦੀਆਂ ਅਤੇ ਦੂਜੇ ਪਾਸੇ ਸ਼ਾਦੀਸ਼ੁਦਾ ਜੋੜਿਆਂ ਨੂੰ ਗ਼ੈਰਕਾਨੂੰਨੀ ਸੰਬੰਧ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦ ਅਤੇ ਨਮਾਜੀਆਂ ਦਾ ਰਿਸ਼ਤਾ ਅਟੂਟ ਹੈ ਇਸ 'ਤੇ ਬਹਿਸ ਦੀ ਕੋਈ ਲੋੜ ਨਹੀਂ। ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਮੁਫਤੀ ਜਮਾਲੁਦੀਨ,  ਕਾਰੀ ਇਬਰਾਹੀਮ,  ਮੌਲਾਨਾ ਮਹਿਬੂਬ ਆਲਮ, ਸ਼ਾਹ ਨਵਾਜ ਅਹਿਮਦ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਆਦਿ ਮੌਜੂਦ ਸਨ।

No comments: