Thursday, September 27, 2018

ਰੇਹੜੀਆਂ ਵਾਲਿਆਂ ਦਾ ਸ਼ੋਸ਼ਣ ਰੋਕਣ ਲਈ ਸਮਰਪਿਤ ਕਾਮਰੇਡ ਗੁਰਨਾਮ ਸਿੱਧੂ

ਬਹੁਤ ਸਾਰੀਆਂ ਵਗਾਰਾਂ ਝੱਲਦੇ ਹਨ ਰੇਹੜੀਆਂ ਵਾਲੇ ਕਿਰਤੀ 
ਲੁਧਿਆਣਾ: 26 ਸਤੰਬਰ 2018: (ਪੰਜਾਬ ਸਕਰੀਨ ਬਿਊਰੋ):: 
ਵਿਕਾਸ ਦੇ ਦਾਅਵੇ ਜਿੰਨੇ ਮਰਜ਼ੀ ਹੋਏ ਹੋਣ ਪਰ ਹਕੀਕਤ ਇਹੀ ਹੈ ਕਿ ਜਿਸ ਦਰ ਨਾਲ ਮਹਿੰਗਾਈ ਵਧੀ ਉਸ ਦਰ ਨਾਲ ਨਾ ਤਨਖਾਹਾਂ ਵਧੀਆਂ ਅਤੇ ਨਾ ਹੀ ਆਮਦਨ। ਇਸਦੇ ਬਾਵਜੂਦ ਨਾ ਦਿਲ ਮੰਨਦਾ ਹੈ ਅਤੇ ਨਾ ਹੀ ਭੁੱਖ ਦਾ ਸਤਾਇਆ ਪੇਟ। ਹਰ ਕਿਸੇ ਦਾ ਦਿਲ ਕਰਦਾ ਹੈ ਕੁਝ ਨ ਕੁਝ ਖਾਂ ਨੂੰ। ਗੋਲ ਗੱਪੇ ਹੋਣ ਜਾਂ ਛੋਲੇ ਭਟੂਰੇ, ਚਾਟ ਹੋਵੇ ਜਾਂ ਟਿੱਕੀ, ਡੋਸਾ ਹੋਵੇ ਜਾਂ ਪਾਵ ਭਾਜੀ-ਰੈਸਟੋਰੈਂਟ ਹੁਣ ਸਾਰਿਆਂ ਦੇ ਵੱਸ ਵਿੱਚ ਨਹੀਂ ਰਹੇ। ਮੱਧਵਰਗੀ ਲੋਕਾਂ ਦੀ ਭੁੱਖ ਅਤੇ ਸੁਆਦ ਦੀ ਮੰਗ ਪੂਰੀ ਕਰਦੇ ਹਨ ਰੇਹੜੀਆਂ ਵਾਲੇ। ਹਰ ਸ਼ਹਿਰ-ਹਰ ਪਿੰਡ-ਹਰ ਗਲੀ-ਹਰ ਮੁਹੱਲੇ ਪਹੁੰਚ ਕੇ ਲੋਕਾਂ ਨੂੰ ਸਸਤੀ ਜਿਹੀ ਕੀਮਤ ਤੇ ਤਰਾਂ ਤਰਾਂ ਦੀਆਂ ਚੀਜ਼ਾਂ ਦੇਣ ਵਾਲੇ ਇਹਨਾਂ ਕਿਰਤੀਆਂ ਦੀ ਆਪਣੀ ਜ਼ਿੰਦਗੀ ਵੀ ਆਸਾਨ ਨਹੀਂ ਹੁੰਦੀ। ਤੜਕਸਾਰ ਉੱਠਣਾ। ਮੰਡੀ ਜਾਣਾ। ਉੱਥੋਂ ਸਾਮਾਨ ਲਿਆ ਕੇ ਰੇਹੜੀ ਸੈਟ ਕਰਨਾ ਅਤੇ ਫਿਰ ਆਪਣਾ ਸਾਮਾਨ ਵੇਚ ਕੇ ਰੋਜ਼ੀ ਰੋਟੀ ਕਮਾਉਣਾ। ਜੇ ਕਿਸੇ ਸਰਕਾਰੀ ਮਹਿਕਮੇ ਦਾ ਬੰਦਾ ਆ ਗਿਆ ਤਾਂ ਉਸਦੀ ਵਗਾਰ ਵੀ ਪੂਰੀ ਕਰਨੀ। ਜੇ ਪੁਲਿਸ ਮਹਿਕਮੇ ਦੇ ਕਿਸੇ ਬੰਦੇ ਨੇ ਘੂਰੀ ਵੱਟ ਦਿੱਤੀ ਤਾਂ ਉਸਨੂੰ ਵੀ "ਸ਼ਾਂਤ" ਕਰਨਾ। ਜੇ ਕਿਸੇ ਨੇ ਆਪਣੇ ਆਪ ਨੂੰ "ਮੀਡੀਆ ਵਾਲਾ" ਦੱਸ ਕੇ ਅੱਖਾਂ ਦਿਖਾਈਆਂ ਤਾਂ ਉਸ ਅੱਗੇ ਵੀ ਹੱਥ ਜੋੜਣੇ। ਲਿਹਾਜ਼ਦਾਰੀਆਂ ਪਾਲਦਿਆਂ ਪਾਲਦਿਆਂ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਲਈ ਵੀ ਕਮਾਉਣਾ। ਕਦਮ ਕਦਮ 'ਤੇ ਸਮਝੌਤਾ। ਕਿਰਤ ਕਰਨੀ ਪਰ ਫਿਰ ਵੀ ਕਿਸੇ ਮੁਜਰਿਮ ਵਾਂਗ ਸਿਰ ਝੁਕਾਉਣਾ ਇਹ ਇਹਨਾਂ ਦੀ ਤਕਦੀਰ ਬਣ ਗਿਆ ਹੈ। ਇਹਨਾਂ ਦੀ ਇਸ ਹਾਲਤ ਨੂੰ ਦੇਖ ਕੇ ਹੀ ਖੂਨ ਖੌਲਿਆ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਦਾ। ਆਖਿਰ ਇਹ ਲੋਕ ਡਰ ਡਰ ਕੇ ਕਿਓਂ ਜਿਊਣ? ਸੁਆਲ ਸਾਰੇ ਸਮਾਜ ਨੂੰ ਪੁੱਛ ਰਹੇ ਹਨ ਕਾਮਰੇਡ ਗੁਰਨਾਮ ਸਿੱਧੂ। ਉਂਝ ਸੀਪੀਆਈ ਨਾਲ ਜੁੜੇ ਹਨ ਪਰ ਉਹਨਾਂ ਲਈ ਪਾਰਟੀ ਲਾਈਨ ਤੋਂ ਵੀ ਪਹਿਲਾਂ ਹੁੰਦੀ ਹੈ ਲੋਕਾਂ ਦੇ ਦੁੱਖ ਦਾ ਦਾਰੂ ਲੱਭਣ ਵਾਲੀ ਲਾਈਨ। ਬਹੁਤ ਸਾਰੇ ਲਾਲਚ-ਬਹੁਤ ਸਾਰੇ ਦਬਾਅ, ਕਈ ਕਈ ਵਾਰ ਧਮਕੀਆਂ ਵੀ ਮਿਲੀਆਂ।  ਪਰ ਕਾਮਰੇਡ ਗੁਰਨਾਮ ਸਿੱਧੂ ਦਾ ਜੁਝਾਰੂ ਸੁਭਾਅ ਨਹੀਂ ਬਦਲਿਆ। 
ਅੱਜਕਲ ਮੁੱਦਾ ਹੈ ਰੇਹੜੀਆਂ ਵਾਲਿਆਂ ਦਾ। ਮੱਧ ਵਰਗੀ ਲੋਕਾਂ ਨੂੰ ਬੜੇ ਹੀ ਸਸਤੇ ਭਾਵਾਂ 'ਤੇ ਖਾਣਪੀਣ ਦੀਆਂ ਤਰਾਂ ਤਰਾਂ ਦੀਆਂ ਆਈਟਮਾਂ ਹਰ ਗਲੀ ਮੋਹੱਲੇ ਵਿੱਚ ਜਾ ਕੇ ਮੁਹਈਆ ਕਰਨ ਵਾਲੇ ਰੇਹੜੀਆਂ ਵਾਲੇ ਅੱਜਕਲ ਬਹੁਤ ਪਰੇਸ਼ਾਨ ਹਨ। ਕਦੇ ਉਹਨਾਂ ਨੂੰ  ਨਗਰਨਿਗਮ ਦੇ ਸਰਕਾਰੀ ਅਧਿਕਾਰੀ ਵਗਾਰਾਂ ਪਾਉਂਦੇ ਹਨ, ਕਦੇ ਪੁਲਿਸ ਵਾਲੇ, ਕਦੇ ਅਖੌਤੀ ਪੱਤਰਕਾਰ ਅਤੇ ਹੁਣ ਨਕਲੀ ਸੀਆਈਏ ਵਾਲੇ। ਮਾਮਲਾ ਸਾਹਮਣੇ ਆਇਆ ਹੈ ਸ਼ਿਮਲਾਪੁਰੀ ਦਾ। ਇਸਦਾ ਬਿਰਵਾ ਦਿੱਤਾ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ।
ਇਥੇ ਨਕਲੀ ਸੀਆਈਏ ਅਧਿਕਾਰੀ ਬਣ ਕੇ ਰੇਹੜੀ ਵਾਲਿਆਂ ’ਤੇ ਰੋਹਬ ਝਾੜ ਕੇ ਪੈਸੇ ਠੱਗਣ ਵਾਲੇ ਇੱਕ ਵਿਅਕਤੀ ਨੂੰ ਸੀਆਈਏ-1 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸ਼ਿਮਲਾਪੁਰੀ ਵਿੱਚ ਪੁਲੀਸ ਨੇ ਇਸ ਸਬੰਧ ਵਿੱਚ ਪਿੰਡ ਲੰਮਾ ਜੱਟਪੁਰਾ ਵਾਸੀ ਰਣਜੀਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ। ਗਿੱਲ ਰੋਡ ਸਥਿਤ ਦਸਮੇਸ਼ ਨਗਰ ਦੇ ਰਹਿਣ ਵਾਲੇ ਮਨੀ ਕਪੂਰ ਨੇ ਦੱਸਿਆ ਕਿ ਉਸ ਦੀ ਦਸਮੇਸ਼ ਨਗਰ ਵਿੱਚ ਆਈਸਕ੍ਰੀਮ ਦੀ ਫੈਕਟਰੀ ਹੈ। ਉਸ ਦੇ ਕੋਲ ਕੁਆਲਿਟੀ ਕੰਪਨੀ ਦੀ ਡਿਸਟ੍ਰੀਬਿਊਟਰਸ਼ਿਪ ਹੈ ਤੇ ਉਸ ਦੀਆਂ ਕਈ ਰੇਹੜੀਆਂ ਸ਼ਹਿਰ ਵਿੱਚ ਆਈਸਕ੍ਰੀਮ ਵੇਚਦੀਆਂ ਹਨ। ਉਸ ਨੇ ਕਿਹਾ ਕਿ ਮੁਲਜ਼ਮ ਉਸ ਦੇ ਰੇਹੜੀ ਵਰਕਰਾਂ ਦੇ ਕੋਲ ਜਾਂਦਾ ਤੇ ਪੈਸੇ ਲੈ ਜਾਂਦਾ ਸੀ। ਉਸ ਦੇ ਵਰਕਰਾਂ ਨੇ ਉਸ ਨੂੰ ਸਾਰੀ ਗ਼ੱਲ ਦੱਸੀ। ਉਸ ਨੇ ਮੁਲਜ਼ਮ ਨਾਲ ਗ਼ੱਲ ਕੀਤੀ ਤਾਂ ਮੁਲਜ਼ਮ ਉਲਟਾ ਉਸ ਨੂੰ ਧਮਕਾਉਣ ਲੱਗਿਆ। ਮਨੀ ਨੇ ਕਿਹਾ ਕਿ ਮੁਲਜ਼ਮ ਉਸ ਨੂੰ ਝੂਠ ਕੇਸ ਦਰਜ ਕਰਵਾ ਕੇ ਜੇਲ੍ਹ ਭੇਜਣ ਦੀ ਧਮਕੀ ਦਿੰਦਾ ਰਿਹਾ। ਇਸ ’ਤੇ ਮਨੀ ਨੇ ਸੀਆਈਏ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।  ਇਸ ਤਰਾਂ ਜਾਂਚ ਦਾ ਘੇਰਾ ਵੀ ਵਧਦਾ ਗਿਆ ਅਤੇ ਰੇਹੜੀ ਵਾਲਿਆਂ ਦਾ ਸੰਘਰਸ਼ ਵੀ।
ਜਾਂਚ ਅੱਗੇ ਚੱਲੀ ਤਾਂ ਜਾ ਕੇ ਖੁਲਾਸਾ ਹੋਇਆ ਕਿ ਮੁਲਜ਼ਮ ਕੋਈ ਪੁਲੀਸ ਮੁਲਾਜ਼ਮ ਨਹੀਂ ਹੈ, ਉਹ ਤਾਂ ਪੁਲੀਸ ਦੇ ਨਾਮ ਤੋਂ ਪੈਸੇ ਹੜੱਪ ਰਿਹਾ ਹੈ। ਪੁਲੀਸ ਨੇ ਜਾਲ ਵਿਛਾ ਕੇ ਮੁਲਜ਼ਮ ਰਣਜੀਤ ਸਿੰਘ ਨੂੰ ਕਾਬੂ ਕਰ ਲਿਆ। ਮਨੀ ਕਪੂਰ ਨੇ ਦੱਸਿਆ ਕਿ ਸੀਆਈਏ ਵਿੱਚ ਰਣਜੀਤ ਸਿੰਘ ਨਾਮ ਦਾ ਇੱਕ ਏਐਸਆਈ ਹੈ। ਜਦੋਂ ਉਸ ਨੇ ਸੀਆਈਏ ਦੇ ਅਧਿਕਾਰੀਆਂ ਨਾਲ ਗ਼ੱਲ ਕੀਤੀ ਤਾਂ ਉਨ੍ਹਾਂ ਨੇ ਏਐਸਆਈ ਰਣਜੀਤ ਸਿੰਘ ਨੂੰ ਬੁਲਾਇਆ, ਪਰ ਉਹ ਰਣਜੀਤ ਸਿੰਘ, ਉਹ ਨਹੀਂ ਸੀ, ਜੋ ਕਿ ਪੈਸੇ ਹੜੱਪਦਾ ਦੀ। ਜਦੋਂ ਬਾਅਦ ’ਚ ਮੁਲਜ਼ਮ ਨੂੰ ਫੜਿਆ ਗਿਆ ਤਾਂ ਅਸਲੀਅਤ ਸਾਹਮਣੇ ਆਈ। ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਲੀਸ ਕਰਮੀ ਦੱਸ ਕੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਹੜੱਪਦਾ ਸੀ। ਇਸੇ ਤਰਾਂ ਡੀਐਮਸੀ ਹਸਪਤਾਲ ਨੇੜੇ ਖੜੇ ਹੁੰਦੇ ਰੇਹੜੀਆਂ ਵਾਲਿਆਂ ਨੇ ਦੱਸਿਆ ਕਿ ਉਹਨਾਂ ਇੱਕ ਅਜਿਹਾ ਵਿਅਕਤੀ  ਤੰਗ ਕਰਦਾ ਹੈ ਜਿਹੜਾ ਖੁਦ ਨੂੰ ਬਹੁਤ ਵੱਡਾ ਪੱਤਰਕਾਰ ਵੀ ਦੱਸਦਾ ਹੈ। ਇਹ ਵਿਅਕਤੀ ਉਹਨਾਂ ਕੋਲੋਂ ਹਰ ਰੋਜ਼ ਮੁਫ਼ਤ ਵਿੱਚ ਸਾਮਾਨ ਮੰਗਦਾ ਹੈ ਜਿਹੜਾ ਉਹਨਾਂ ਨੂੰ ਵਾਰ ਨਹੀਂ ਖਾਂਦਾ। ਨਾਂਹ ਨੁੱਕਰ ਕਰਨ ਤੇ ਸਰਕਾਰੀ ਵਿਭਾਗਾਂ ਕੋਲੋਂ ਉਹਨਾਂ ਦੇ ਖਿਲਾਫ ਕਾਰਵਾਈ ਦੀਆਂ ਧਮਕੀਆਂ ਦੇਂਦਾ ਹੈ ਅਤੇ  ਕਹਿੰਦਾ ਹੈ ਕਿ ਤੁਹਾਡੀਆਂ ਰੇਹੜੀਆਂ ਚੁਕਵਾ ਦਿਆਂਗਾ। ਰੇਹੜੀਆਂ ਵਾਲੇ ਇਸ ਅਖੌਤੀ ਪੱਤਰਕਾਰ ਬਾਰੇ ਇੱਕ ਪਰੈਸ ਕਾਨਫਰੰਸ ਵੀ ਵਾਲੇ ਹਨ ਅਤੇ ਸਬੰਧਤ ਵਿਭਾਗਾਂ ਕੋਲ  ਸ਼ਿਕਾਇਤ ਵੀ। ਮਜ਼ਦੂਰਾਂ ਅਤੇ ਗਰੀਬਾਂ ਲਈ ਕੰਮ ਕਰਨ ਵਾਲੇ ਸੀਪੀਆਈ ਆਗੂ ਕਾਮਰੇਡ ਗੁਰਨਾਮ ਸਿੰਘ ਨੇ ਰੇਹੜੀਆਂ ਵਾਲਿਆਂ ਦੇ ਇਸ ਦੁੱਖ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਰੇਹੜੀਆਂ ਵਾਲਿਆਂ ਦਾ ਸ਼ੋਸ਼ਣ  ਨਹੀਂ ਹੋਣ ਦਿੱਤਾ ਜਾਏਗਾ। ਇਸ ਸਬੰਧੀ ਉਹਨਾਂ ਲੰਮੀ ਲੜਾਈ ਦੀ ਤਿਆਰੀ ਕੀਤੀ ਹੋਈ ਹੈ। 
ਕਾਮਰੇਡ ਗੁਰਨਾਮ ਸਿੱਧੂ ਦਾ ਕਹਿਣਾ ਹੈ ਕਿ ਰੇਹੜੀਆਂ ਫੜੀਆਂ ਵਾਲਿਆਂ ਨੇ ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਠੱਗੀਆਂ ਠੋਰੀਆਂ ਦਾ ਰਾਹ ਨਹੀਂ ਫੜਿਆ। ਉਹਨਾਂ ਨੇ ਇੱਜਤ ਨਾਲ ਰੋਟੀ ਕਮਾਉਣ ਦ ਰਸਤਾ ਚੁਣਿਆ। ਇਹ ਹੱਕ ਉਹਨਾਂ ਨੂੰ ਸੁਪ੍ਰੀਮ ਕੋਰਟ ਨੇ ਦਿੱਤਾ ਹੈ ਕਿ ਉਹ ਰੇਹੜੀ ਫੜੀ ਲੈ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ। ਪਰਸ਼ਾਸਨ ਖਾਹਮਖਾਹ ਆਏ ਦਿਨ ਉਹਨਾਂ ਨੂੰ ਤੰਗ ਕਰਕੇ ਸੁਪਰੀਮ ਕੋਰਟ ਦੀ ਭਾਵਨਾ ਅਤੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ। 
ਕਾਮਰੇਡ ਡੀ ਪੀ ਮੌੜ, ਰਮੇਸ਼ ਰਤਨ ਅਤੇ ਹੋਰ ਆਗੂ ਕਾਮਰੇਡ ਗੁਰਨਾਮ ਸਿੰਘ ਸਿੱਧੂ ਹੁਰਾਂ ਦੇ ਨਾਲ ਹਨ। ਸੀਪੀਆਈ ਵੱਲੋਂ ਇਸ ਮਾਮਲੇ ਨੂੰ ਵੱਡੀ ਪੱਧਰ ਉੱਤੇ ਉਠਾਉਣ ਤੋਂ ਬਾਅਦ ਬਾਕੀ ਪਾਰਟੀਆਂ ਵੀ ਰੇਹੜੀਆਂ ਵਾਲਿਆਂ ਦੇ ਹੱਕ ਵਿੱਚ ਨਿੱਤਰਣ ਲੱਗੀਆਂ ਹਨ। ਹੁਣ ਦੇਖਣਾ ਹੈ ਕਿ ਰੇਹੜੀਆਂ ਵਾਲਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਸਫਲ ਕੌਣ ਹੁੰਦਾ ਹੈ ?

No comments: