ਦਮਗਜੇ ਜਿੰਨੇ ਮਰਜ਼ੀ ਮਾਰੇ ਜਾਣ, ਵਿਕਾਸ ਦਾ ਦਾਅਵੇ ਵੀ ਜਿੰਨੇ ਮਰਜ਼ੀ ਕੀਤੇ ਜਾਣ ਪਰ ਹਕੀਕਤ ਅਜੇ ਵੀ ਬਹੁਤ ਮਾੜੀ ਹੈ। ਆਮ ਗਰੀਬ ਵਿਅਕਤੀ ਦੇ ਪਰਿਵਾਰਾਂ ਤਕ ਨਾ ਦਾਲ ਰੋਟੀ ਪਹੁੰਚਦੀ ਹੈ ਅਤੇ ਨਾ ਹੀ ਦਵਾਈ ਜਾਂ ਸਿੱਖਿਆ ਵਰਗੀਆਂ ਮੁਢਲੀਆਂ ਸਹੂਲਤਾਂ। ਇਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਉਸ ਪ੍ਰ੍ਸਿਧ ਫਿਲਮੀ ਗੀਤ ਵਰਗੀ ਹੈ:
ਇਸ ਦੁਨੀਆ ਮੇਂ ਜੀਨੇ ਵਾਲੇ ਐਸੇ ਭੀ ਹੈਂ ਜੀਤੇ;
ਰੂਖੀ ਸੂਖੀ ਖਾਤੇ ਹੈਂ ਔਰ ਠੰਡਾ ਪਾਣੀ ਪੀਤੇ।
..ਤੇ ਕੇਈ ਪਰਿਵਾਰ ਅਜਿਹੇ ਹਨ ਜਿਹਨਾਂ ਨੂੰ ਰੁੱਖੀ ਸੁੱਖੀ ਵੀ ਨਸੀਬ ਨਹੀਂ ਹੁੰਦੀ। ਇਨਾਂ ਚੋਂ ਬਹੁਤ ਸਾਰੇ ਅਕਸਰ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਜੇ ਜਿਊਂਦੇ ਬਚ ਜਾਣ ਤਾਂ ਦਾਲ ਰੋਟੀ ਦੀ ਬਹਾਲ ਇਹਨਾਂ ਨੂੰ ਜੁਰਮ ਦੀ ਦੁਨੀਆ ਵੱਲ ਲੈ ਜਾਂਦੀ ਹੈ। ਕੋਈ ਖੁਦ ਨਸ਼ੇ ਕਰਨ ਲੱਗ ਪੈਂਦਾ ਹੈ--ਤੇ ਕੋਈ ਅੱਗੇ ਜਾ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦਾ ਹੈ।
ਬਾਅਦ ਵਿੱਚ ਇਹੀ ਲੋਕ ਪੂਰੇ ਦੇਸ਼ ਅਤੇ ਸਮਾਜ ਲਈ ਕਿੰਨੀ ਵੱਡੀ ਮੁਸੀਬਤ ਬਣਦੇ ਹਨ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਹੋਣਾ ਚਾਹਿਦਾ।
ਜੁਰਮ ਦੇ ਇਸ ਮੁਢ ਨੂੰ ਖਤਮ ਕਰਨ ਲਈ ਪਹੁੰਚ ਕੀਤੀ ਹੈ ਨਾਮਧਾਰੀਆਂ ਨੇ। ਪ੍ਰੇਰਨਾ ਦਿੱਤੀ ਠਾਕੁਰ ਦਲੀਪ ਸਿੰਘ ਨੇ ਅਤੇ ਜੋਸ਼ ਦਿਖਾਇਆ ਨਾਮਧਾਰੀ ਮੁਟਿਆਰ ਹਰਪ੍ਰੀਤ ਕੌਰ ਨੇ। ਇਹਨਾਂ ਪਰਿਵਾਰਾਂ ਨੂੰ ਦਾਲ ਰੋਟੀ ਵਰਗੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਇਹਨਾਂ ਨੂੰ ਇਹਨਾਂ ਦੇ ਪੈਰਾਂ 'ਤੇ ਵੀ ਖੜਾ ਕੀਤਾ ਜਾਂਦਾ ਹੈ ਤਾਂਕਿ ਇਹ ਭੁੱਲ ਕੇ ਵੀ ਪਰਾਈ ਆਸ 'ਤੇ ਨਿਰਭਰ ਹੋਣਾ ਨਾ ਸਿੱਖ ਲੈਣ। ਇਹੀ ਨਿਵੇਕਲਾਪਨ ਹੈ ਠਾਕੁਰ ਜੀ ਦਾ ਕਿ ਉਹ ਆਜ਼ਾਦੀ ਅਤੇ ਸਵੈ ਨਿਰਭਰਤਾ ਸਿਖਾਉਂਦੇ ਹਨ। ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਨੂੰ ਜਬਰੀ ਆਪਣੇ ਪਿੱਛੇ ਨਹੀਂ ਲਾਉਂਦੇ। ਇਹੀ ਭਾਵਨਾ ਨਜ਼ਰ ਆਈ ਇਸ ਵਾਰ ਦੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਲੁਧਿਆਣਾ ਦੇ ਸਤਲੁਜ ਦਰਿਆ ਦੇ ਨੇੜੇ ਸਥਿਤ ਭਾਈ ਮੰਨਾ ਸਿੰਘ ਨਗਰ ਵਿੱਚ। ਇਸ ਇਲਾਕੇ ਦੀਆਂ ਝੌਂਪੜੀਆਂ ਵਿੱਚ ਗਰੈਜੂਏਟ ਕੁੜੀਆਂ ਵੀ ਹਨ ਪਾਰ ਕਿਸੇ ਸਰਕਾਰ ਨੇ ਉਹਨਾਂ ਦੀ ਸਰ ਨਹੀਂ ਲਈ। ਨੌਕਰੀ ਦੇ ਗੇੜੇ ਕੱਢ ਕੱਢ ਉਹ ਥੱਕ ਗਈਆਂ ਪਰ ਅਖੀਰ ਉਹੀ ਕੰਮ ਕਰਨੇ ਪਏ ਜਿਹੜੇ ਇਹਨਾਂ ਝੌਂਪੜੀਆਂ ਵਿਚ ਰਹਿੰਦੇ ਲੋਕ ਕਰਦੇ ਨੇ। ਅਖੀਰ ਇਸਦੀ ਕਨਸੋਅ ਠਾਕੁਰ ਜੀ ਤੱਕ ਪੁੱਜੀ। ਉਸਤੋਂ ਬਾਅਦ ਕੁਝ ਸਮਾਂ ਵੀ ਲੰਘ ਗਿਆ ਪਰ ਅਚਾਨਕ ਨਾਮਧਾਰੀ ਸੰਗਤ ਨੇ ਇਹਨਾਂ ਲੋਕਾਂ ਦੀ ਸਾਰ ਲਈ ਤਾਂ ਮਹਿਸੂਸ ਹੋਇਆ ਅਜੇ ਵੀ ਲੋਕਾਂ ਦੀ ਸਾਰ ਲੈਣ ਵਾਲੇ ਮੌਜੂਦ ਹਨ।
ਨਾਮਧਾਰੀ ਸੰਗਤ ਵੱਲੋਂ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਬੱਚਿਆਂ ਨਾਲ ਮਨਾਇਆ ਗਿਆ। ਇਸ ਲੜੀ ਤਹਿਤ ਹੀ ਲੁਧਿਆਣਾ ਦੀ ਨਾਮਧਾਰੀ ਸੰਗਤ ਵੱਲੋਂ ਭਾਈ ਮੰਨਾ ਸਿੰਘ ਨਗਰ ਅਤੇ ਸਤਲੁਜ ਦਰਿਆ ਦੇ ਕੰਢੇ 72ਵਾਂ ਸੁਤੰਤਰਤਾ ਦਿਵਸ ਬੱਚਿਆਂ ਨਾਲ ਮਨਾ ਕੇ ਖੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਸੰਤ ਨਵਤੇਜ ਸਿੰਘ ਨਾਮਧਾਰੀ ਨੇ ਸਮਾਗਮ ਦੌਰਾਨ ਹਾਜ਼ਰ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਆਪਣਾ ਜੀਵਨ ਭਾਰਤੀ ਸੰਸਕ੍ਰਿਤੀ ਅਨੁਸਾਰ ਜਿਊਣ ਅਤੇ ਮਿਹਨਤ ਤੇ ਲਗਨ ਨਾਲ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸੰਤ ਨਵਤੇਜ ਸਿੰਘ ਨੇ ਇਹਨਾਂ ਸਾਧਨ ਵਿਹੂਣੇ ਬੱਚਿਆਂ ਨੂੰ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਆਪਣੇ ਰੋਜ਼ਾਨਾਂ ਦੇ ਕੰਮ-ਕਾਜ ਛੱਡ ਕੇ ਨਿਰਸਵਾਰਥ ਅੱਖਰ ਗਿਆਨ ਕਰਵਾਉਣ ਵਾਲੀਆਂ ਬੀਬੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਨੇਕ ਕਾਰਜ ਸਦਕਾ ਹੀ ਇਹ ਬੱਚੇ ਸਮਾਜ ਵਿੱਚ ਅੱਗੇ ਵਧਣ ਦੇ ਸਮਰੱਥ ਅਤੇ ਕਾਬਿਲ ਹੋ ਰਹੇ ਹਨ।
ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਤਜਿੰਦਰ ਸਿੰਘ, ਹਰਪ੍ਰੀਤ ਕੌਰ, ਰਣਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਡਾ. ਰਜਿੰਦਰ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ ਮਠਾੜੂ, ਅਜਮੇਰ ਸਿੰਘ,ਅਰਵਿੰਦਰ ਸਿੰਘ ਲਾਡੀ, ਮਿਲਖਾ ਸਿੰਘ, ਸੁਰੈਣ ਸਿੰਘ ਅਤੇ ਪ੍ਰਭਜਿੰਦਰ ਸਿੰਘ (ਪ੍ਰਿੰਸ) ਆਦਿ ਸ਼ਾਮਿਲ ਸਨ।

No comments:
Post a Comment