Tuesday, August 14, 2018

ਲੁਧਿਆਣਾ ਦੇ ਫੋਕਲ ਪੁਆਇੰਟਾਂ ਦੀ ਦਿੱਖ ਸੰਵਾਰਨ ਲਈ 32 ਕਰੋੜ ਰੁਪਏ ਦਾ ਐਲਾਨ

Tue, Aug 14, 2018 at 9:50 PM
ਮੁੱਖ ਮੰਤਰੀ ਨੇ ਕਿਹਾ ਛੇਤੀ ਬਣੇਗਾ ਹਲਵਾਰਾ ਹਵਾਈ ਅੱਡਾ
ਲੁਧਿਆਣਾ/ਚੰਡੀਗੜ: 14 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਫੋਕਲ ਪੁਆਇੰਟਾਂ ਦੀ ਦਿੱਖ ਸੰਵਾਰਨ ਲਈ 32 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਹਲਵਾਰਾ ਵਿਖੇ ਬਣਨ ਵਾਲਾ ਨਵਾਂ ਹਵਾਈ ਅੱਡਾ ਖਿੱਤੇ ਦੇ ਸਨਅਤੀ ਵਿਕਾਸ ਵਿੱਚ ਮਿਸਾਲੀ ਪਰਿਵਰਤਨ ਲਿਆਵੇਗਾ।
ਅੱਜ ਇੱਥੇ ਸਨਅਤੀ ਦਿੱਗਜ਼ਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਾ ਕਿ ਹਲਵਾਰਾ ਘਰੇਲੂ ਹਵਾਈ ਅੱਡੇ ਲਈ ਕੇਂਦਰ ਅਤੇ ਰੱਖਿਆ ਮੰਤਰਾਲੇ ਪਾਸੋਂ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਹਾਸਲ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਲੁਧਿਆਣਾ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਆਇਲ ਐਕਸਪੈਲਰ ਪਾਰਟਸ ਤੇ ਮੈਨੂਫੈਕਰਿੰਗ ਕਲੱਸਟਰ ਦੇ ਵਿਕਾਸ ਲਈ ਪ੍ਰਵਾਨਗੀ ਪੱਤਰ ਵੀ ਸੌਂਪਿਆ।
ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਸੂਬੇ ਦੇ ਸਨਅਤੀ ਵਿਕਾਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਸੂਬੇ ਸਰਕਾਰ ਦੇ ਉਪਰਾਲਿਆਂ ਵਿੱਚ ਮੋਢੇ ਨਾਲ ਮੋਢੇ ਜੋੜ ਕੇ ਸਹਿਯੋਗ ਕਰਨ ਦਾ ਸੱਦਾ ਦਿੱਤਾ। ਉਨਾਂ ਨੇ ਸਨਅਤਕਾਰਾਂ ਨੂੰ ਉਦਯੋਗਾਂ ਲਈ ਸਰਕਾਰ ਵੱਲੋਂ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨਾਂ ਨੇ ਸਨਅਤਕਾਰਾਂ ਨਾਲ ਵਾਅਦਾ ਕੀਤਾ ਕਿ ਉਨਾਂ ਦੀ ਸਰਕਾਰ ਸਨਅਤਾਂ ਦੀ ਲੋੜ ਮੁਤਾਬਕ ਉਦਯੋਗਿਕ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਦੀ ਰਹੇਗੀ। ਉਨਾਂ ਕਿਹਾ ਕਿ ਜੇਕਰ ਸੰਵਿਧਾਨ ਵਿੱਚ 122 ਵਾਰ ਸੋਧ ਹੋ ਸਕਦੀ ਹੈ ਤਾਂ ਫਿਰ ਸਨਅਤਾਂ ਦੀ ਸਹੂਲਤ ਲਈ ਉਦਯੋਗਿਕ ਨੀਤੀ ’ਚ ਤਬਦੀਲੀ ਕਿਉਂ ਨਹੀਂ ਕੀਤੀ ਜਾ ਸਕਦੀ।
ਕੈਪਟਨ ਅਮਰਿੰਦਰ ਸਿੰਘ ਨੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਸਿਰਜਣ ਦਾ ਵੀ ਸੱਦਾ ਦਿੱਤਾ ਤਾਂ ਕਿ ਸੂਬੇ ਵਿੱਚੋਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਵੀ ਦੂਰ ਰੱਖਿਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੋਂ ਖਤਰੇ ਕਾਰਨ ਸੂਬੇ ਦੀ ਵੰਡ ਦੇ ਸਮੇਂ ਸਨਅਤੀ ਵਿਕਾਸ ਨੂੰ ਵੀ ਵੱਡੀ ਢਾਹ ਲੱਗੀ। ਉਨਾਂ ਨੇ ਸੂਬੇ ਵਿੱਚ ਖੇਤੀਬਾੜੀ ਸੰਕਟ ਦੇ ਮੱਦੇਨਜ਼ਰ ਸਨਅਤੀ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। 
ਖੁਰਾਕ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਬੀਤੀ ਸਰਕਾਰ ਨੂੰ ਆਪਣੇ 10 ਵਰਿਆਂ ਦੇ ਕਾਰਜਕਾਲ ਦੌਰਾਨ ਉਦਯੋਗ ਦੇ ਹਿੱਤਾਂ ਦੀ ਅਣਦੇਖੀ ਕਰਨ ਲਈ ਕਰੜੇ ਹੱਥੀਂ ਲਿਆ ਅਤੇ ਉਦਯੋਗਿਕ ਖੇਤਰ ਵਿੱਚ ਨਵੀਂ ਰੂਹ ਫੂਕਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬੇ ਦੀ ਉਦਯੋਗਿਕ ਨੀਤੀ ਵਿੱਚ ਮੁੱਖ ਮੰਤਰੀ ਨੇ ਸਰਹੱਦੀ ਖੇਤਰਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਨੇ ਸੂਬਾ ਸਰਕਾਰ ਦੁਆਰਾ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਰਿਆਇਤਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਉਣਾ ਅਤੇ ਟਰੱਕ ਯੂਨੀਅਨਾਂ ਨੂੰ ਭੰਗ ਕਰਨਾ ਸ਼ਾਮਲ ਹੈ।
ਹੀਰੋ ਸਾਇਕਲਜ਼ ਦੇ ਸੀ.ਈ.ਓ. ਸ੍ਰੀ ਪੰਕਜ ਮੁੰਜਾਲ ਨੇ ਲੁਧਿਆਣਾ ਵਿਖੇ ਸਥਾਪਤ ਹੋਣ ਵਾਲੀ ਸਾਈਕਲ ਵੈਲੀ ਨੂੰ ਤੁਰੰਤ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਦੋਂ ਕਿ ਓਸਵਾਲ ਗਰੁੱਪ ਦੇ ਕਮਲ ਓਸਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਵਿੱਚ ਉਦਯੋਗ ਜਗਤ ਪੰਜਾਬ ਦੇ ਬ੍ਰਾਂਡ ਅੰਬੈਸਡਰ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰਾਂ ਤਿਆਰ ਹੈ।
ਉਦਯੋਗਪਤੀ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਪੰਜਾਬ ਨੂੰ 4 ਕਲੱਸਟਰ ਯੂਨਿਟ ਮਿਲੇ ਹਨ ਜਦੋਂ ਕਿ 6 ਹੋਰ ਦੇ ਮਿਲਣ ਦੀ ਪੂਰੀ ਸੰਭਾਵਨਾ ਹੈ ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੂੰ ਹੁਲਾਰਾ ਮਿਲੇਗਾ।
ਧੰਨਵਾਦੀ ਮਤੇ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਦਯੋਗ ਜਗਤ ਵਿੱਚ ਇੱਕ ਨਵੀਂ ਸਕਾਰਾਤਮਕ ਲਹਿਰ ਵੇਖਣ ਨੂੰ ਮਿਲ ਰਹੀ ਹੈ ਜਿਸਦਾ ਸਿਹਰਾ ਮੁੱਖ ਮੰਤਰੀ ਨੂੰ ਜਾਂਦਾ ਹੈ।
ਇਸ ਮੌਕੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਸ੍ਰੀ ਸੰਜੇ ਤਲਵਾਰ, ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਸੀ੍ਰ ਬਲਕਾਰ ਸਿੰਘ ਸੰਧੂ ਅਤੇ ਵਧੀਕ ਮੁੱਖ ਸਕੱਤਰ ਉਦਯੋਗ ਵਿਭਾਗ, ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਵੀ ਮੌਜੂਦ ਸਨ

No comments: