Friday, August 17, 2018

24 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਡਾ. ਸਰੂਪ ਸਿੰਘ ਅਲੱਗ ਦਾ ਸਨਮਾਨ

ਹਰਿਮੰਦਿਰ ਸਾਹਿਬ ਬਾਰੇ ਅਣਗਿਣਤ ਕਿਤਾਬਾਂ ਫਰੀ ਵੰਡ ਚੁੱਕੇ ਹਨ 
ਲੁਧਿਆਣਾ: 17 ਅਗਸਤ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਹਰ ਇੱਕ ਦੇ ਦਿਲ ਅੰਦਰ ਸੰਵੇਦਨਾ ਪੈਦਾ ਨਹੀਂ ਹੁੰਦੀ। ਹਰ ਇੱਕ ਦੇ ਦਿਲ ਅੰਦਰ ਚਿਣਗ ਵੀ ਨਹੀਂ ਮਘਦੀ। ਜਦੋਂ ਤੱਕ ਪਰਮਾਤਮਾ ਖੁਦ ਕਿਰਪਾ ਨਾ ਕਰੇ ਉਦੋਂ ਤੱਕ ਭਲੇ ਰਸਤੇ ਵੱਲ ਤੁਰਨ ਦਾ ਮਨ ਹੀ ਨਹੀਂ ਬਣਦਾ।  ਇੱਕ ਸਿੱਖ ਲੇਖਕ ਨੇ ਦੇਖਿਆ ਕਿ ਜਦੋਂ ਕੋਈ ਈਸਾਈਆਂ ਦੇ ਪਰੋਗਰਾਮ  ਵਿੱਚ ਜਾਵੇ ਤਾਂ ਉਸਨੂੰ ਈਸਾਈ ਧਰਮ ਦੇ ਪਰਚਾਣ ਨਾਲ ਸਬੰਧਤ ਬਹੁਤ ਸਾਰੀਆਂ ਕਿਤਾਬਾਂ ਮੁਫਤੋ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਜੇ ਕੋਈ ਵਿਦੇਸ਼ੀ ਦਰਬਾਰ ਸਾਹਿਬ ਅੰਦਰ ਜਾ ਕੇ ਇਸ ਬਾਰੇ ਪੁੱਛਦਾ ਤਾਂ ਉਸਨੂੰ ਕੋਈ ਤਸੱਲੀਬਖਸ਼ ਜੁਆਬ ਨਾ ਮਿਲਦਾ--ਕਿਤਾਬਾਂ ਤਾਂ ਦੂਰ ਦੀ ਗੱਲ। ਇਹ ਗੱਲ ਉਸ ਲੇਖਕ ਦੇ ਦਿਲ ਨੂੰ ਲੱਗ ਗਈ। ਇਸ ਲੇਖਕ ਦਾ ਨਾਮ ਸੀ ਸਰੂਪ ਸਿੰਘ ਅਲੱਗ। ਬਿਜਲੀ ਬੋਰਡ ਦੀ ਨੌਕਰੀ ਜਿਸ ਨਾਲ ਮਸਾਂ ਗੁਜ਼ਾਰਾ ਚੱਲਦਾ ਸੀ। ਪਰ ਮਨ ਵਿਚ ਧਾਰ ਲਿਆ ਕਿ ਮੈਂ ਵੀ ਸਿੱਖ ਧਰਮ ਨਾਲ ਸਬੰਧਤ ਕਿਤਾਬਾਂ ਛਪਵਾ ਕੇ ਵੰਡਣੀਆਂ ਹਨ। ਸਮਰਥਾ ਨਾ ਦੇ ਬਰਾਬਰ ਸੀ ਪਰ ਸੰਕਲਪ ਕਰ ਲਿਆ। ਆਖਦੇ ਨੇ ਚੰਗੇ ਰਸਤੇ ਤੇ ਤੁਰੀਏ ਤਾਂ ਪਰਮਾਤਮਾ ਆਪ ਸਹਾਈ ਹੁੰਦਾ ਹੈ।  
ਕਿਤਾਬਾਂ ਛਾਪਣ ਅਤੇ ਈਸਾਈਆਂ ਵਾਂਗ ਹੀ ਇਹਨਾਂ ਨੂੰ ਮੁਫ਼ਤ ਵੰਡਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤਨਖਾਹ ਦਾ ਬਹੁਤ ਹਿੱਸਾ ਇਸ ਪਾਸੇ ਲੱਗਣ ਲੱਗ ਪਿਆ। ਘਰ ਦੀਆਂ ਜ਼ਰੂਰੀ ਲੋੜਾਂ ਵੀ ਘਟਾ ਦਿੱਤੀਆਂ ਗਈਆਂ। ਸਰਕਾਰੀ ਕੁਆਟਰ ਦੀ ਛੱਤ ਪਤਾ ਨਹੀਂ ਟੀਨ ਦੀ ਸੀ ਕਿ ਸੀਮਿੰਟ ਵਾਲੀ ਚਾਦਰ ਦੀ। ਗਰਮੀਆਂ ਵਿਹਚ ਬਹੁਤ ਗਰਮੀ ਲੱਗਦੀ ਪਾਰ ਸਿਰੜ ਨਹੀਂ ਛੱਡਿਆ। ਕਿਤਾਬਾਂ ਛਾਪਣ ਅਤੇ ਬਿਲਕੁਲ ਮੁਫ਼ਤ ਵੰਡਣ ਦਾ ਸਿਲਸਿਲਾ ਜਾਰੀ ਰੱਖਿਆ। ਪਤਨੀ ਦੇ ਸਾਰੇ ਗਹਿਣੇ ਵੇਚਣੇ ਪਏ ਤਾਂ ਵੀ ਇਸ ਸਿਲਸਿਲੇ ਨੂੰ ਬੰਦ ਨਹੀਂ ਹੋਣ ਦਿੱਤਾ। ਇਸਦੇ ਨਾਲ ਹੀ ਹਰ ਐਡੀਸ਼ਨ ਸੋਧਿਆ ਹੋਇਆ ਹੁੰਦਾ।  ਉਸ ਵਿੱਚ ਬਹੁਤ ਕੁਝ ਨਵੀਂ ਸਮਗਰੀ ਵੀ ਜੋੜ ਦਿੱਤੀ ਜਾਂਦੀ। ਆਪਣੇ ਅਤੇ ਲੋਕਾਂ ਦੇ ਚਮਤਕਾਰੀ ਅਨੁਭਵ ਵੀ ਸ਼ਾਮਲ ਕੀਤੇ ਗਏ ਜਿਹਨਾਂ ਦੀ ਕਾਫੀ ਚਰਚਾ ਵੀ ਹੋਈ। 
ਇਸ  ਤਰਾਂ ਸਵਾਰਥ ਦੇ ਇਸ ਯੁਗ ਵਿੱਚ ਵੀ ਪੂਰੀ ਤਰਾਂ ਨਿਸ਼ਕਾਮ ਸੇਵਾ ਵਾਲੀ ਇੱਕ ਮਿਸਾਲ ਕਾਇਮ ਕੀਤੀ ਡਾਕਟਰ ਸਰੂਪ ਸਿੰਘ ਅਲਗ ਨੇ। ਉਹਨਾਂ ਨੇ ਲਗਾਤਾਰ ਕਈ ਸਾਲਾਂ ਤੱਕ ਆਪਣੀ ਤਨਖਾਹ ਦਾ ਦੋ ਤਿਹਾਈ ਹਿਸਾ ਸਿੱਖ ਧਰਮ ਅਤੇ ਨਰੋਏ ਸਮਾਜ ਦੀ ਸਿਰਜਣਾ ਨਾਲ ਸਬੰਧਿਤ ਵਿਸ਼ਿਆਂ ਵਾਲੀਆਂ ਮੌਲਿਕ ਕਿਤਾਬਾਂ ਦੀ ਛਪਾਈ ਤੇ ਖਰਚਿਆ ਅਤੇ ਖੁਦ ਸਾਧਾਰਣ ਚੱਦਰ ਵਾਲੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕੀਤਾ।  ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਉਹਨਾਂ ਇਸ ਯੱਗ ਵਿੱਚ ਹੀ ਅਰਪਿਤ ਕਰ ਦਿੱਤੇ। ਇਹਨਾਂ ਔਖਿਆਈਆਂ ਨੂੰ ਗਲੇ ਲਗਾ ਕੇ ਉਹਨਾਂ ਨੇ ਕਿਤਾਬਾਂ ਛਾਪਣ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਕਿ ਕਰਾਂਤੀਕਾਰੀ ਸੀ। ਲੋਕਾਂ ਨੇ ਉਹਨਾਂ ਦੀ ਇਸ ਘਾਲਣਾ ਨੂੰ ਜਲਦੀ ਹੀ ਸ਼ਬਦ ਯੱਗ ਦਾ ਨਾਮ ਦੇ ਦਿੱਤਾ।  ਓਹ ਆਪਣੀਆਂ ਸਾਰੀਆਂ ਕਿਤਾਬਾਂ ਬਿਨਾ ਕਿਸੇ ਭੇਟਾ ਦੇ ਵੰਡਦੇ ਅਤੇ ਜਾਂ ਫੇਰ ਇਹਨਾਂ ਕਿਤਾਬਾਂ ਨਾਲ ਹੀ ਆਪਣੇ ਮਹਿਮਾਨਾਂ ਅਤੇ ਚਾਹੁਣ ਵਾਲਿਆਂ ਦਾ ਸਨਮਾਣ ਕਰਦੇ। ਅੱਜ ਉਹਨਾਂ ਦੀ ਕਦਰ ਕਰਨ ਵਾਲੇ ਕਈ ਸਪਾਂਸਰ ਅਤੇ ਸਰਗਰਮ ਸਹਿਯੋਗੀ  ਦੁਨੀਆ ਭਰ ਵਿੱਚ ਮੌਜੂਦ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਬਡ਼ੀ ਮਹਿੰਗੀ ਛਪਾਈ ਅਤੇ ਆਕਰਸ਼ਕ ਦਿੱਖ ਵਾਲੀਆਂ ਕਿਤਾਬਾਂ ਛਾਪਦੇ ਹਨ ਅਤੇ ਓਸੇ ਤਰਾਂ ਬਿਲਕੁਲ ਫਰੀ ਵੰਡਦੇ ਹਨ ਜਿਵੇਂ ਕਿ ਪਹਿਲਾਂ ਆਪਣੀ ਇਸ ਮੁਹਿੰਮ ਦੇ ਸ਼ੁਰੂ ਸ਼ੁਰੂ ਵਿੱਚ ਵੰਡਿਆ ਕਰਦੇ ਸਨ। ਇਹ ਗੱਲ ਵੱਖਰੀ ਹੈ ਕਿ ਡਾਕਟਰ ਸਰੂਪ ਸਿੰਘ ਅਲਗ ਦੀ ਏਸ ਸ਼ੁਭ ਭਾਵਨਾ ਦਾ ਫਾਇਦਾ ਉਠਾ ਕੇ ਆਪਣੀਆਂ ਜੇਬਾਂ ਭਰਨ ਵਾਲੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਗੁਰੂ ਘਰ ਅਤੇ ਗੁਰਬਾਣੀ ਦੇ ਏਸ ਪਰਚਾਰ ਵਿੱਚ ਵੀ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ। 
ਇਸ ਵੱਖਰੀ ਕਿਸਮ ਦੀ ਸਾਹਿਤਿਕ ਅਤੇ ਧਾਰਮਿਕ ਸੇਵਾ ਦਾ ਨੋਟਿਸ ਲਿਆ ਸ੍ਰੀ ਅਕਾਲ ਤਖਤ ਸਾਹਿਬ ਨੇ।  ਇਸ ਸਬੰਧੀ ਇਕ ਚਿੱਠੀ ਡਾਕਟਰ ਸਰੂਪ ਸਿੰਘ ਅਲੱਗ ਹੁਰਾਂ ਨੂੰ ਮਿਲੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ 24 ਅਗਸਤ ਨੂੰ ਡਾਕਟਰ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਗੁਰੂ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਲੋਂ ਪੰਜ ਸਿੰਘ ਸਹਿਬਾਨ ਦੀ 23 ਜੁਲਾਈ 2018 ਨੂੰ ਹੋਈ ਇੱਕਤਰਤਾ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਦੇ ਆਧਾਰ ਤੇ ਪੰਥਕ ਸੇਵਕ ਤੇ ਉੱਘੇ ਲੇਖਕ ਡਾ. ਸਰੂਪ ਸਿੰਘ ਅਲੱਗ ਚੇਅਰਮੈਨ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੀਆਂ ਪੰਥ ਪ੍ਰਤੀ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ 24 ਅਗਸਤ 2018 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਕਾਲ ਤਖਤ ਸਾਹਿਬ ਵਿਖੇ ਗੁਰਮਤਿ ਮਰਿਯਾਦਾ ਅਨੁਸਾਰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਸਮੇਂ ਕੌਮ ਦੀਆਂ ਕਈ ਹੋਰ ਸਿਰਮੌਰ ਸੰਸਥਾਵਾਂ ਵਲੋਂ ਵੀ ਡਾ. ਅਲੱਗ ਨੂੰ ਸਨਮਾਨਿਤ ਕੀਤਾ ਜਾਵੇਗਾ। ਸ. ਸੁਖਇੰਦਰ ਪਾਲ ਸਿੰਘ ਅਲੱਗ ਤੇ ਡਾ. ਰਮਿੰਦਰ ਦੀਪ ਸਿੰਘ ਅਲੱਗ ਇਸ ਸਬੰਧੀ ਜਾਣਕਾਰੀ ਦੇਂਦਿਆਂ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਇਸ ਸੁਹਾਵਣੇ ਅਵਸਰ ਤੇ ਸੰਗਤਾਂ ਦਰਸ਼ਨ ਦੇ ਕੇ ਕਿਰਤਾਰਥ ਕਰਨ।
ਇਸ ਖਬਰ ਨਾਲ ਪੰਥਕ ਅਤੇ ਸਾਹਿਤਿਕ ਹਲਕਿਆਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿੰਨਾ ਚੰਗਾ ਹੋਵੇ ਜੇ ਇਸ ਮੌਕੇ ਵੱਧ ਤੋਂ ਵੱਧ ਲੋਕ ਹੁੰਮ ਹੁੰਮਾ ਕੇ ਪਹੁੰਚਣ। 

No comments: