ਭਾਰਤ ਸੰਚਾਰ ਨਿਗਮ ਲਿਮਟਿਡ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਸ਼ੁਰੂ ਕੀਤੀ ਤਿੰਨ ਰੋਜ਼ਾ ਭੁੱਖ ਹੜਤਾਲ ਅੱਜ ਤੋਂ ਸ਼ੁਰੂ ਹੋ ਗਈ ਹੈ, ਜੋ 26 ਜੁਲਾਈ ਤੱਕ ਚੱਲੇਗੀ। ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਲਾਜ਼ਮ ਕਈ ਵਾਰ ਸੰਘਰਸ਼ ਕਰ ਚੁੱਕੇ ਹਨ।
ਹੁਣ ਨਵੇਂ ਸੰਘਰਸ਼ ਲਈ ਇਹਨਾਂ ਦਾ ਅੱਜ ਪਹਿਲਾ ਦਿਨ ਸੀ। ਅੱਜ ਪਹਿਲੇ ਦਿਨ ਮੁਲਾਜ਼ਮਾਂ ਦੇ 20 ਮੈਂਬਰੀ ਜਥੇ ਨੇ ਭਾਰਤ ਨਗਰ ਚੌਕ ਸਥਿਤ ਜਨਰਲ ਮੈਨੇਜਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ 1 ਜਨਵਰੀ 2017 ਤੋਂ ਪੈਂਡਿੰਗ ਪਈ ਤਨਖਾਹ ਸਕੇਲਾਂ ਸੋਧਣ ਦੀ ਮੰਗ ਨੂੰ ਤੁਰੰਤ ਪੂਰਾ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚਾਰ ਜੀ ਸਪੈਕਟ੍ਰਮ ਭਾਰਤ ਸੰਚਾਰ ਨਿਗਮ ਲਿਮਟਿਡ ਨੂੰ ਵੀ ਅਲਾਟ ਕੀਤਾ ਜਾਵੇ ਕਿਉਂਕਿ ਅਜਿਹਾ ਨਾ ਹੋਣ ਕਾਰਨ ਬੀਐੱਸਐੱਨਐੱਲ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਾਂਗ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸੋਧਾਂ ਵੀ 1 ਜਨਵਰੀ 2017 ਤੋਂ ਬਕਾਇਆ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਅੱਜ ਮੁਲਾਜ਼ਮ ਆਗੂ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਕਾਮਰੇਡ ਸੁਰਜੀਤ ਸਿੰਘ, ਹਰਿੰਦਰ ਸਿੰਘ, ਕਮਲਜੀਤ ਸਿੰਘ ਸ਼ੰਕਰ, ਕਾਮਰੇਡ ਅਵਤਾਰ ਸਿੰਘ ਝਾਂਡੇ, ਦਰਸ਼ਨ ਸਿੰਘ, ਕਾਮਰੇਡ ਰਜਿੰਦਰ ਸਿੰਘ, ਸਿਕੰਦਰ ਸਿੰਘ, ਵਿਜੇ ਰੈਨਾ, ਨੰਦ ਕਿਸ਼ੋਰ ਸਮੇਤ ਕਈ ਆਗੂ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

No comments:
Post a Comment