Jul 24, 2018, 1:20 PM
ਜਲੰਧਰ ਸਕੂਲ ਵਿਚ ਵੀ ਚਲਾਈ ਗਈ ਸਿਹਤ ਜਾਗਰੂਕਤਾ ਮੁਹਿੰਮ
ਸਿਹਤਮੰਦ ਸਮਾਜ ਦੇ ਨਿਰਮਾਣ ਲਈ ਨੌਜਵਾਨ ਪੀੜ੍ਹੀ ਦਾ ਤੰਦਰੁਸਤ ਰਹਿਣਾ ਵੀ ਬਹੁਤ ਜਰੂਰੀ:ਰਾਜਪਾਲ ਕੌਰ
ਜਲੰਧਰ: 23 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਅੱਜਕਲ ਸਮਾਜ ਦੇ ਨੌਜਵਾਨਾਂ ਵਿਚ ਵੱਧ ਰਹੀਆਂ ਨਸ਼ੇ ਜਿਹੀਆਂ ਮਾੜੀਆਂ ਆਦਤਾਂ ਨੂੰ ਦੂਰ ਕਰਨ, ਵਿੱਦਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਅਤੇ ਪਿਛੜੇ ਵਰਗ ਵਿਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਜਲੰਧਰ ਸਕੂਲ, ਗਦਾਈਪੁਰ ਵਿਖੇ "ਸਿਹਤ ਜਾਗਰੂਕਤਾ ਕੈਂਪ" ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾਇਰੈਕਟਰ ਆਯੁਰਵੈਦ ਡਾ.ਰਾਕੇਸ਼ ਸ਼ਰਮਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਚੇਤਨਾ ਮੁਹਿੰਮ ਲਈ ਅਤੇ ਇੰਟੈਂਸੀਫੀਏਡ ਡਾਇਰੀਆ ਕੰਟਰੋਲ ਪ੍ਰੋਗਰਾਮ ਅਧੀਨ ,ਏਸ.ਐਮ.ਓ.ਕਰਤਾਰਪੁਰ ਡਾਕਟਰ ਹਰਦੇਵ ਸਿੰਘ ਦੇ ਨਿਰਦੇਸ਼-ਅਨੁਸਾਰ ਕਰਵਾਇਆ ਗਿਆ। ਇਸ ਆਯੋਜਨ ਨੂੰ ਸਫਲ ਬਣਾਉਣ ਅਤੇ ਕਿਰਿਆਤਮਕ ਰੂਪ ਦੇਣ ਵਿਚ ਪੀ.ਐਚ.ਸੀ.ਰੰਧਾਵਾ ਮਸੰਦਾਂ ਆਯੁਰਵੈਦਿਕ ਮੈਡੀਕਲ ਅਫਸਰ ਡਾ.ਹੇਮੰਤ ਮਲਹੋਤਰਾ ਜੀ ਅਤੇ ਡਾ.ਰੂਪਾਲੀ ਕੋਹਲੀ ਨੇ ਮੁੱਖ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਡਾ.ਹੇਮੰਤ ਜੀ ਨੇ ਵਿੱਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਸਮਾਜ ਵਿੱਚ ਵੱਧ ਰਹੀਆਂ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਬਚਣ ਅਤੇ ਇਸ ਪ੍ਰਤੀ ਸਾਵਧਾਨ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਮਾਤਾ-ਪਿਤਾ ਨੂੰ ਖਾਸ ਕਰ ਕੇ ਬੱਚਿਆਂ ਦੇ ਕਿਸ਼ੋਰ ਅਵਸਥਾ ਵਿੱਚ ਉਹਨਾਂ ਨੂੰ ਮਨੋਵਿਗਿਆਨਿਕ ਰੂਪ ਵਿਚ ਸਮਝਣ ਅਤੇ ਸਹਿਯੋਗ ਦੇਣ ਲਈ ਕਿਹਾ। ਏ.ਐਮ.ਓ.ਡਾ.ਰੁਪਾਲੀ ਕੋਹਲੀ ਜੀ ਨੇ ਦੈਨਿਕ ਜੀਵਨ ਵਿਚ ਆਪਣੀ ਸਫਾਈ ਆਦਿ ਦਾ ਧਿਆਨ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸਫਾਈ ਪ੍ਰਤੀ ਆਪਣੀ ਜਿੰਮੇਵਾਰੀਆਂ ਨਿਭਾਉਣ ਲਈ ਜਾਗਰੂਕ ਕੀਤਾ।ਇਸ ਤੋਂ ਇਲਾਵਾ ਉਹਨਾਂ ਬਰਸਾਤ ਦੇ ਮੌਸਮ ਵਿੱਚ ਆਪਣੇ ਆਹਾਰ ਸੰਬੰਧੀ ਜਿਵੇਂ ਕਿ ਮੌਸਮੀ ਸਬਜ਼ੀਆਂ,ਫੱਲ ਆਦਿ ਆਹਾਰ ਵਿਚ ਲੈਣ ਅਤੇ ਖਾਣ ਤੋਂ ਪਹਿਲਾਂ ਸਾਫ ਕਰਨ ਦਾ ਤਰੀਕਾ,ਹੱਥ ਧੋਣ ਦਾ ਸਹੀ ਤਰੀਕਾ,ਅਤੇ ਪਾਣੀ ਉਬਾਲਕੇ ਪੀਣ ਜਿਹੀਆਂ ਆਦਤਾਂ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮਝਾਇਆ। ਸਾਰਿਆਂ ਨੇ ਅਜਿਹੀਆਂ ਲਾਭਕਾਰੀ ਗੱਲਾਂ ਸੁਣਨ ਵਿੱਚ ਬਹੁਤ ਦਿਲਚਸਪੀ ਵਿਖਾਈ। ਇਸ ਦੇ ਨਾਲ ਹੀ ਏ.ਐਮ.ਓ. ਡਾ ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ,ਐਲ.ਐਚ. ਵੀ.ਉਰਮਿਲ ਗਿਲ ਅਤੇ ਏ.ਐਨ,ਐਮ.ਨੀਤੂ ਨੇ ਬੱਚਿਆਂ ਅਤੇ ਮਾਤਾ-ਪਿਤਾ ਨੂੰ ਓ.ਆਰ.ਏਸ. ਦੇ ਘੋਲ ਵੀ ਵੰਡੇ। ਅਖੀਰ ਵਿੱਚ ਜਲੰਧਰ ਵਿੱਦਿਅਕ ਸੋਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ, ਮੁੱਖ-ਅਧਿਆਪਿਕਾ ਰਾਜਪਾਲ ਕੌਰ ਅਤੇ ਸਮੂਚੇ ਸਟਾਫ ਨੇ ਡਾਕਟਰ ਸਾਹਿਬ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ,ਉਹਨਾਂ ਦਾ ਧੰਨਵਾਦ ਕੀਤਾ।

No comments:
Post a Comment