48 ਘੰਟਿਆਂ ਦੀ ਸਫਲ ਹੜਤਾਲ ਨਾਲ ਕੀਤਾ ਸਰਕਾਰੀ ਸਾਜ਼ਿਸ਼ਾਂ ਦਾ ਵਿਰੋਧ
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ:: 31 ਮਈ 2018:(ਪੰਜਾਬ ਸਕਰੀਨ ਬਿਊਰੋ)::
ਇਸ ਵਾਰ ਵੀ ਬੈਂਕ ਮੁਲਾਜ਼ਮਾਂ ਨੇ ਆਪਣੀ ਸਫਲ ਹੜਤਾਲ ਰਾਹੀਂ ਆਪਣੀ ਸ਼ਕਤੀ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਹੜਤਾਲ ਰਾਹੀਂ ਜਿੱਥੇ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਬਾਰੇ ਲੋਕ ਰਾਏ ਤਿਆਰ ਕੀਤੀ ਉੱਥੇ ਮੁਲਾਜ਼ਮ ਜੱਥੇਬੰਦੀਆਂ ਵਿੱਚ ਘੁਸਪੈਠ ਕਰ ਚੁੱਕੇ ਸਰਕਾਰੀ ਏਜੰਟਾਂ ਤੋਂ ਵੀ ਸਾਵਧਾਨ ਕੀਤਾ। ਬੈਂਕ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਨਰੇਸ਼ ਗੌੜ ਨੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਪਸ਼ਟ ਕਿਹਾ ਕਿ ਅਜਿਹੇ ਲੀਡਰ ਬੈਂਕ ਮੁਲਾਜ਼ਮਾਂ ਦੇ ਸੰਘਰਸ਼ ਨੂੰ ਖਰਾਬ ਕਰ ਰਹੇ ਹਨ ਅਤੇ ਮੁਲਾਜ਼ਮਾਂ ਦੀ ਲੀਡਰਸ਼ਿਪ ਨੂੰ ਵੀ ਬਦਨਾਮ ਕਰ ਰਹੇ ਹਨ। ਕਾਮਰੇਡ ਨਰੇਸ਼ ਗੌੜ ਨੇ ਭਵਿੱਖ ਦੇ ਸੰਘਰਸ਼ਾਂ ਦਾ ਇਸ਼ਾਰਾ ਦੇਂਦਿਆਂ ਕਿਹਾ ਕਿ ਸਾਨੂੰ ਅਣਮਿੱਥੇ ਸਮੇਂ ਦੀ ਹੜਤਾਲ ਲਈ ਵੀ ਤਿਆਰ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਜੁਆਇੰਟ ਟਰੇਡ ਯੂਨੀਅਨ ਕੌਂਸਿਲ ਦੇ ਆਗੂ ਕਾਮਰੇਡ ਡੀ ਪੀ ਮੌੜ ਵਰਗੇ ਲੀਡਰਾਂ ਨੂੰ ਹੜਤਾਲ ਦੇ ਇਕੱਠਾਂ ਵਿੱਚ ਬੁਲਾਏ ਜਾਣ ਤੇ ਇਤਰਾਜ਼ ਕਰਨ ਵਾਲੇ ਸਮਝ ਲੈਣ ਕਿ ਜੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਸੱਦਾ ਦੇਣਾ ਪਿਆ ਤਾਂ ਇਸਦੀ ਸਫਲਤਾ ਲਈ ਸਾਨੂੰ ਸਮੂਹ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਦੀ ਲੋੜ ਪੈਣੀ ਹੈ।
ਬੈਂਕ ਮੁਲਾਜ਼ਮਾਂ ਵੱਲੋਂ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੜਤਾਲ ਦੇ ਦੂਜੇ ਦਿਨ ਵੀ ਦੇਸ਼ ਵਿੱਚ ਬੈਂਕ ਸੇਵਾਵਾਂ ਪ੍ਰਭਾਵਿਤ ਰਹੀਆਂ। ਯੂਨਾਈਟਡ ਫੋਰਮ ਆਫ ਬੈਂਕਿੰਗ ਯੂਨੀਅਨ ਦੇ ਸੱਦੇ 'ਤੇ 10 ਲੱਖ ਮੁਲਾਜ਼ਮਾਂ ਨੇ ਇਸ ਹੜਤਾਲ ਵਿੱਚ ਹਿੱਸਾ ਲਿਆ। ਯੂਨੀਅਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੈਨੇਜਮੈਂਟ ਨਾਲ ਤਨਖਾਹਾਂ ਵਿੱਚ 15 ਫੀਸਦੀ ਵਾਧਾ ਕਰਨ ਦੀ ਸਹਿਮਤੀ ਬਣੀ ਸੀ, ਪਰ ਬਾਅਦ ਵਿੱਚ ਮੈਨੇਜਮੈਂਟ ਇਸ ਸਹਿਮਤੀ ਤੋਂ ਮੁੱਕਰ ਗਈ ਅਤੇ ਮੁਲਾਜ਼ਮਾਂ ਨੂੰ ਸਿਰਫ 2 ਫੀਸਦੀ ਤਨਖਾਹਾਂ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਮੁਲਾਜ਼ਮਾਂ ਨੇ ਠੁਕਰਾ ਦਿੱਤਾ। ਯੂਨਾਈਟਡ ਫੋਰਮ ਆਫ ਬੈਂਕਿੰਗ ਯੂਨੀਅਨ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਇਹ ਹੜਤਾਲ ਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ ਅਤੇ ਇਸ ਦੌਰਾਨ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਹੜਤਾਲ ਦੌਰਾਨ ਮੁਲਾਜ਼ਮਾਂ ਨੇ ਬੈਂਕ ਬਰਾਂਚਾਂ ਦੇ ਬਾਹਰ ਧਰਨੇ ਲਾਏ ਤੇ ਰੋਸ ਮੁਜ਼ਾਹਰੇ ਕੀਤੇ।
ਇਸ ਹੜਤਾਲ ਕਾਰਨ ਚੇੱਨਈ ਵਿੱਚ ਸੱਤ ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ 12 ਲੱਖ ਚੈੱਕ ਰੁਕੇ ਰਹੇ। ਇਸੇ ਤਰਾਂ ਮੁੰਬਈ ਵਿੱਚ 8800 ਕਰੋੜ ਰੁਪਏ ਦੇ 17 ਲੱਖ ਚੈੱਕ ਅਤੇ ਦਿੱਲੀ ਵਿੱਚ 5900 ਕਰੋੜ ਰੁਪਏ ਦੇ 10 ਲੱਖ ਚੈੱਕ ਰੁਕੇ ਰਹੇ। ਪੈਂਡਿੰਗ ਕੰਮ ਦੇ ਬੋਝ ਕਾਰਨ ਇਹ ਚੈੱਕ ਸ਼ਾਇਦ ਬੈਂਕ ਖੁੱਲਣ ਤੇ ਵੀ ਕਲੀਅਰ ਨਾ ਹੋ ਸਕਣ।
ਉਹਨਾ ਦੱਸਿਆ ਕਿ ਉਹ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ, ਅਹਿਮਦਾਬਾਦ, ਜੈਪੁਰ, ਪਟਨਾ, ਨਾਗਪੁਰ, ਜੰਮੂ, ਗੁਹਾਟੀ, ਜਮਸ਼ੇਦਪੁਰ, ਲਖਨਊ, ਆਗਰਾ, ਅੰਬਾਲਾ, ਤ੍ਰਿਅਨੰਤਪੁਰਮ ਅਤੇ ਪੰਜਾਬ ਵਿੱਚ ਸਾਰੀਆਂ ਸਰਕਾਰੀ ਬੈਂਕਾਂ ਦੀਆਂ ਬਰਾਂਚਾਂ ਬੰਦ ਰਹੀਆਂ। ਦੇਸ਼ ਭਰ ਵਿੱਚ ਸਰਕਾਰੀ ਖੇਤਰ ਦੀਆਂ 21 ਬੈਂਕਾਂ ਦੀਆਂ ਕਰੀਬ 8400 ਬਰਾਂਚਾਂ ਹਨ। ਇਹਨਾਂ ਬਰਾਂਚਾਂ ਵਿੱਚ ਦੋ ਦਿਨਾਂ ਦੌਰਾਨ ਕੋਈ ਕਾਰੋਬਾਰ ਨਹੀਂ ਹੋ ਸਕਿਆ। ਸਰਕਾਰੀ ਬੈਂਕਾਂ ਦੀ ਬੈਂਕਿੰਗ ਕਾਰੋਬਾਰ ਵਿੱਚ ਕਰੀਬ 70 ਫੀਸਦੀ ਹਿੱਸੇਦਾਰੀ ਹੈ। ਹਾਲਾਂਕਿ ਨਿੱਜੀ ਖੇਤਰ ਦੀਆਂ ਬੈਂਕਾਂ ਆਈ ਸੀ ਆਈ ਸੀ ਆਈ, ਐੱਚ ਡੀ ਐੱਫ ਸੀ ਅਤੇ ਐਕਸਿਸ ਬੈਂਕ ਵਿੱਚ ਆਮ ਵਾਂਗ ਕਾਰੋਬਾਰ ਹੋਇਆ। ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਸੀ ਐੱਚ ਵੈਂਕਟਰਾ ਚਲਮ ਨੇ ਦੱਸਿਆ ਕਿ ਇਸ ਹੜਤਾਲ ਕਾਰਨ ਕੋਈ 44 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਉਹਨਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ ਨੇ ਹੜਤਾਲ ਲਈ 20 ਦਿਨ ਪਹਿਲਾਂ ਨੋਟਿਸ ਦਿੱਤਾ ਸੀ, ਪਰ ਮੈਨੇਜਮੈਂਟ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਭਰਿਆ।
No comments:
Post a Comment