ਜੋਤਿਸ਼ ਇਕ ਤੁੱਕਾ ਸੈਮੀਨਾਰ ਦੌਰਾਨ ਸਿੱਧ ਕੀਤਾ ਜੋਤਿਸ਼ ਦਾ "ਖੋਖਲਾਪਨ"
ਲੁਧਿਆਣਾ: 21 ਜਨਵਰੀ 2018: (ਪੰਜਾਬ ਸਕਰੀਨ ਟੀਮ)::
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ "ਜੋਤਿਸ਼ ਇਕ ਤੁੱਕਾ" ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਇਹ ਸਿੱਧ ਹੋਇਆ ਕਿ ਜੋਤਿਸ਼ ਦਾ ਕੋਈ ਵੀ ਵਿਗਿਆਨਿਕ ਅਧਾਰ ਨਹੀਂ ਹੈ। ਇਸ ਸੈਮੀਨਾਰ ਵਿੱਚ ਭਾਗ ਲੈਣ ਲਈ ਜੋਤਿਸ਼ੀਆਂ ਨੂੰ ਵੀ ਖੁੱਲਾ ਸੱਦਾ ਦਿੱਤਾ ਗਿਆ ਸੀ ਪਰ ਕੋਈ ਵੀ ਜੋਤਿਸ਼ੀ ਪ੍ਰਬੰਧਕਾਂ ਦੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਨਹੀਂ ਪੁੱਜਿਆ। ਸੈਮੀਨਾਰ ਦੇ ਮੁੱਖ ਬੁਲਾਰੇ ਮਾਸਟਰ ਸੁਰਜੀਤ ਦੌਧਰ ਨੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਹੋਏ ਇਸ ਸੈਮੀਨਾਰ ਸਮੇਂ ਬੋਲਦਿਆਂ ਕਿਹਾ ਕਿ ਜੋਤਿਸ਼ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਤਾਂ ਹੈ, ਪਰ ਇਸ ਸਬੰਧੀ ਗਿਆਨ ਨਹੀਂ ਹੈ। ਲੋਕਾਂ ਦੀ ਇਸੇ ਅਗਿਆਨਤਾ ਦਾ ਜੋਤਸ਼ੀ ਰੱਜਕੇ ਲਾਭ ਉਠਾਉਂਦੇ। ਉਹਨਾਂ ਜੋਤਿਸ਼ ਦੀ ਉਤਪਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਇਕ ਸਮਾਂ ਪਰਵਚਨ ਮੰਨਣ ਦਾ ਸੀ, ਜਦੋਂ ਲੋਕ ਕਿਸੇ ਮਹਾਂਪੁਰਸ਼ ਵੱਲੋਂ ਕਹੀਆਂ ਗੱਲਾਂ ਨੂੰ ਬਿਨਾ ਸੋਚੇ ਸਮਝੇ ਪਰਵਚਨਾਂ ਦੇ ਰੂਪ ਵਿੱਚ ਮੰਨਦੇ ਸਨ। ਜੋਤਿਸ ਵੀ ਉਸੇ ਵੇਲੇ ਦੀ ਉਪਜ ਹੈ। ਉਹਨਾਂ ਜੋਤਸ਼ੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਜਨਮ ਪੱਤਰੀਆੰ, ਟੇਵਿਆਂ ਤੇ ਰਾਸ਼ੀਆਂ ਆਦਿ ਬਾਰੇ ਬੋਰਡ ਉੱਪਰ ਲਿਖਕੇ ਸਮਝਾਉਂਦਿਆਂ ਸਪਸ਼ਟ ਕੀਤਾ ਕਿ ਇਹ ਸਭ ਗ਼ੈਰ ਵਿਗਿਆਨਿਕ ਹਨ ਕਿਉਂਕਿ ਇਹ ਵਿਗਿਆਨ ਅਨੁਸਾਰ ਬਣਾਈਆਂ ਹੀ ਨਹੀਂ ਜਾ ਸਕਦੀਆਂ।
ਹਰ ਇਕ ਜੋਤਿਸ਼ੀ ਦਾ ਇਹਨਾਂ ਨੂੰ ਬਣਾਉਣ ਦਾ ਢੰਗ ਵੀ ਵੱਖੋ ਵੱਖ ਹੈ। ਉਹਨਾਂ ਭਾਰਤ ਵਿਚੋਂ ਪੋਲੀਓ ਦੀ ਬਿਮਾਰੀ ਦੇ ਖ਼ਾਤਮੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੋਤਸ਼ੀਆਂ ਇੱਕ ਬੱਚੇ ਦੀ ਇੱਕ ਵਿੱਚ ਦੋ ਗਰਿਹ ਇਕੱਠੇ ਹੋ ਜਾਣ ਨਾਲ ਉਸ ਬੱਚੇ ਦੀ ਮੌਤ ਪੋਲੀਓ ਬਿਮਾਰੀ ਨਾਲ ਹੋਣੀ ਤਹਿ ਹੋ ਜਾਂਦੀ ਹੈ। ਪਰ ਹੁਣ ਜਦੋਂ ਪੋਲੀਓ ਦੀ ਬਿਮਾਰੀ ਹੀ ਵਿਗਿਆਨ ਨੇ ਦੇਸ਼ 'ਚੋ ਖਤਮ ਕਰ ਦਿੱਤੀ ਹੈ, ਤਾਂ ਜੋਤਿਸ਼ ਦੀ ਸਚਿਆਈ ਦਾ ਕੀ ਆਧਾਰ ਰਹਿ ਜਾਂਦਾ ਹੈ? ਉਹਨਾਂ ਜੋਤਿਸ਼ੀਆਂ ਵੱਲੋਂ ਮੰਗਲੀਕ ਹੋਣ ਬਾਰੇ ਕੀਤੇ ਜਾਂਦੇ ਬੇਲੋੜੇ ਪ੍ਰਚਾਰ ਨੂੰ ਵੀ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਦੱਸਿਆ ਕਿ ਜੋਤਸ਼ੀਆਂ ਵੱਲੋਂ ਤਹਿਸ਼ੁਦਾ ਗਿਣਤੀ ਮਿਣਤੀ ਅਨੁਸਾਰ ਸਾਡੇ ਦੇਸ਼ ਵਿੱਚ 43.6% ਬੱਚੇ ਮੰਗਲੀਕ ਪੈਦਾ ਹੁੰਦੇ ਹਨ। ਜੋਤਿਸ਼ੀਆਂ ਅਨੁਸਾਰ ਇਹਨਾਂ ਦੀ ਆਪਸ ਵਿੱਚ ਸ਼ਾਦੀ ਕਰਨਾ ਵਰਜਿਤ ਹੈ, ਪਰ ਅਜਿਹੇ ਅਨੇਕਾਂ ਹੀ ਕੇਸ ਹਨ ਜਿੱਥੇ ਕਿਸੇ ਦੇ ਵਿਵਾਹਿਤ ਜੀਵਨ ਵਿੱਚ ਕੋਈ ਸਮੱਸਿਆ ਨਹੀਂ ਆਈ ਤੇ ਅੱਜ ਵੀ ਚੰਗੀ ਜ਼ਿੰਦਗੀ ਜਿਊਂ ਰਹੇ ਹਨ। ਉਹਨਾਂ ਜੋਤਿਸ਼ੀ ਵਰਗ ਨਾਲ ਸੰਵਾਦ ਕਰਨ ਤੇ ਜ਼ੋਰ ਦੇਂਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਹਮੇਸ਼ਾ ਹੀ ਅਜਿਹੇ ਸੰਵਾਦਾਂ ਲਈ ਉਹਨਾਂ ਨੂੰ ਸੱਦਾ ਦਿੰਦੀ ਆ ਰਹੀ ਹੈ, ਪਰ ਉਹਨਾਂ ਵੱਲੋਂ ਕਦੀ ਵੀ ਕੋਈ ਹੁੰਗਾਰਾ ਨਹੀਂ ਆ ਰਿਹਾ।
ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁੱਖੀ ਜਸਵੰਤ ਜੀਰਖ ਨੇ ਦੱਸਿਆ ਕਿ ਇਕ ਵਾਰੀ ਲੁਧਿਆਣਾ ਅਤੇ ਇਸ ਦੇ ਆਸ ਪਾਸ ਦੇ ਮਸ਼ਹੂਰ ਜੋਤਿਸ਼ੀਆਂ ਨੂੰ ਰਜਿਸਟਰਡ ਪੱਤਰ ਲਿਖਕੇ ਅਜਿਹੇ ਸੰਵਾਦ ਰਚਣ ਲਈ ਸੱਦਾ ਦਿੱਤਾ ਗਿਆ ਸੀ ਅਤੇ ਜੋਤਿਸ਼ ਨੂੰ ਵਿਗਿਆਨਿਕ ਤੌਰ ਤੇ ਸਹੀ ਸਿੱਧ ਕਰਨ ਤੇ ਪੰਜ ਲੱਖ ਰੁ. ਨਗਦ ਇਨਾਮ ਜਿੱਤਣ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਇਕ ਵੀ ਜੋਤਸ਼ੀ ਇਹ ਜਿੱਤਣ ਲਈ ਨਹੀਂ ਸੀ ਪਹੁੰਚਿਆ।
ਸੈਮੀਨਾਰ ਦੌਰਾਨ ਕਈ ਤਰਾਂ ਦੇ ਸਵਾਲ ਵੀ ਸੁਰਜੀਤ ਦੌਧਰ ਨਾਲ ਸਾਂਝੇ ਕੀਤੇ ਜਿਹਨਾਂ ਕਾਰਣ ਸਾਰਾ ਸਮਾਗਮ ਹੋਰ ਵੀ ਦਿਲਚਸਪ ਬਣਿਆ। ਸੁਬੇਗ ਸਿੰਘ, ਕਰਤਾਰ ਸਿੰਘ ਪੀਏਯੂ, ਰਵੀ ਸੋਈ, ਪ੍ਰਿੰਸੀਪਲ ਹਰਭਜਨ ਸਿੰਘ ਨੇ ਸਵਾਲ ਜਵਾਬ ਸੈਸ਼ਨ ' 'ਚ ਭਾਗ ਲਿਆ। ਸਤੀਸ਼ ਸੱਚਦੇਵਾ , ਦਲਬੀਰ ਕਟਾਣੀ, ਕਰਨਲ ਜੇ ਐਸ ਬਰਾੜ, ਅਜਮੇਰ ਦਾਖਾ, ਐਡਵੋਕੇਟ ਹਰਪ੍ਰੀਤ ਜੀਰਖ ਤੇ ਨਰਿੰਦਰ, ਸੁਖਦੇਵ ਸਿੰਘ ਧਾਲੀਵਾਲ, ਧਰਮਪਾਲ ਸਿੰਘ, ਕੈਪਟਨ ਗੁਰਦੀਪ ਸਿੰਘ, ਕਾ. ਸੁਰਿੰਦਰ, ਸੁਖਦੇਵ ਸਿੰਘ ਜਗਰਾਓੰ, ਬਲਵਿੰਦਰ ਸਿੰਘ, ਰਾਕੇਸ ਆਜਾਦ, ਅਰੁਣ, ਕਰਮਜੀਤ ਕੌਰ, ਕੁਲਦੀਪ ਕੌਰ, ਸਮਤਾ, ਜਗਜੀਤ ਸਿੰਘ, ਦਿਲਬਾਗ ਜੀਰਖ, ਸੁਰਜੀਤ ਸਿੰਘ ਸੁਨੇਤ, ਬਲਰਾਮ ਸੁਨੇਤ ਸਮੇਤ ਬਹੁਤ ਸਾਰੇ ਹੋਰ ਪਤਵੰਤੇ ਇਸ ਸਮੇਂ ਹਾਜ਼ਰ ਸਨ।
ਇਸ ਸਬੰਧੀ ਸੰਵਾਦ ਰਚਣ ਦੇ ਇੱਛੁਕ ਤਰਕਸ਼ੀਲ ਪੱਤਰਕਾਰ ਜਸਵੰਤ ਜੀਰਖ ਹੁਰਾਂ ਨਾਲ ਇਸ ਮੋਬਾਈਲ ਨੰਬਰ 'ਤੇ ਸੰਪਰਕ ਕਰ ਸਕਦੇ ਹਨ: 98151-69825
No comments:
Post a Comment