Monday, October 02, 2017

ਪੁਸਤਕ "ਤਾਰਾ ਸਿੰਘ ਕਾਬਲੀ" 'ਤੇ ਹੋਈ ਸਾਰਥਕ ਚਰਚਾ

ਸੈਮੀਨਾਰ ਨੇ ਦਿੱਤਾ ਅੰਤਰਆਤਮਾ ਜਗਾਉਣ ਵਾਲੀਆਂ ਪੁਸਤਕਾਂ ਰਚਣ ਦਾ ਸੱਦਾ 
ਲੁਧਿਆਣਾ: 1 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਜ਼ਿੰਦਗੀ ਖਾਂਦਿਆਂ ਪੀਂਦਿਆਂ ਮੌਜਾਂ ਕਰਦਿਆਂ ਉਂਝ ਵੀ ਨਿਕਲ ਸਕਦੀ ਹੈ ਪਰ ਕੁਝ ਲੋਕ ਸ਼ਾਇਦ ਵਿਸ਼ੇਸ਼ ਹੁੰਦੇ ਹਨ। ਉਹਨਾਂ ਨੂੰ ਹਰ ਘਟਨਪ੍ਰਭਵਿਤ ਕਰਦੀ ਹੈ। ਕੋਈ ਅਲੌਕਿਕ ਸ਼ਕਤੀ ਉਹਨਾਂ ਕੋਲੋਂ ਕੁਝ ਲਿਖਵਾਉਂਦੀ ਹੈ।  ਕੁਝ ਅਜਿਹੀ ਹੀ ਸ਼ਖ਼ਸੀਅਤ ਹਨ ਰਿਟਾਇਰਡ ਕੋਮੋਡੋਰ ਗੁਰਨਾਮ ਸਿੰਘ। ਫੌਜ ਚੋਂ ਰਿਟਾਇਰ ਹੋਏ ਪਰ ਅਜੇ ਤਕ ਯਾਦਾਂ ਦਾ ਖਜ਼ਾਨਾ ਸੰਭਾਲਿਆ ਹੋਇਆ ਹੈ। ਇਹਨਾਂ ਖਜ਼ਾਨਿਆਂ ਚੋਂ ਨਿਕਲੀ ਹੈ  "ਤਾਰਾ ਸਿੰਘ ਕਾਬਲੀ" ਨਾਮ ਦੀ ਪੁਸਤਕ। ਇਸ ਪੁਸਤਕ 'ਤੇ ਚਰਚਾ ਕਰਵਾਈ "ਪੰਜਾਬੀ ਨਾਵਲ ਅਕੈਡਮੀ" ਅਤੇ "ਸਿਰਜਣ ਧਾਰਾ" ਨੇ। ਐਸ ਜੀ ਪੀ ਸੀ ਮੈਂਬਰ ਠੇਕੇਦਾਰ ਕੰਵਲ ਇੰਦਰ ਸਿੰਘ ਮੁੱਖ ਮਹਿਮਾਨ ਸਨ ਜਦਕਿ ਪ੍ਰਧਾਨਗੀ ਮੰਡਲ ਵਿੱਚ ਮਿੱਤਰ ਸੈਨ  ਮੀਤ, ਪ੍ਰਤਾਪ ਸਿੰਘ ਅਤੇ ਗੁਰਸ਼ਰਨ ਸਿੰਘ ਨਰੂਲਾ ਸੁਸ਼ੋਭਿਤ ਸਨ। (ਡਾਕਟਰ) ਕੁਲਵਿੰਦਰ ਕੌਰ ਮਿਨਹਾਸ, ਗੁਰਸ਼ਰਨ ਸਿੰਘ ਨਰੂਲਾ ਅਤੇ ਐਚ ਐਸ ਘਈ  ਨੇ ਪਰਚੇ ਪੜ੍ਹੇ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦਾ ਸਥਿਤੀ ਬਾਰੇ ਵੀ ਸਾਰਥਕ ਚਰਚਾ ਹੋਈ। ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਸੁਖਦੇਵ ਸਿੰਘ ਲੱਜ ਦੇ ਜਤਨਾਂ ਸਦਕਾ ਇਹ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚੜ੍ਹਿਆ। ਰਘਬੀਰ ਸਿੰਘ ਸੰਧੂ ਦਾ ਮੰਚ ਸੰਚਾਲਨ ਇਸ ਵਾਰ ਵੀ ਯਾਦਗਾਰੀ ਸੀ।
ਮੈਡਮ ਔਜਲਾ ਨੇ ਜਿੱਥੇ ਇਸ ਨਾਵਲ ਬਾਰੇ ਚਰਚਾ ਕੀਤੀ ਉੱਥੇ ਮੌਜੂਦਾ ਕਲਮਕਾਰਾਂ ਨੂੰ ਮੇਹਨਤ ਅਤੇ ਲਗਾਤਾਰ ਮੇਹਨਤ ਦਾ ਸੱਦਾ ਵੀ ਦਿੱਤਾ। ਮੈਡਮ ਮਿਨਹਾਸ ਪਰਚਾ ਪੜ੍ਹਦਿਆਂ ਭਾਵੁਕ ਹੋ ਗਏ ਮਹਿਸੂਸ ਹੋਏ। ਘਈ ਸਾਹਿਬ ਨੇ ਬਹੁਤ ਹੀ ਸੰਤੁਲਿਤ ਰਹੀ ਕੇ ਪੂਰੀ ਪੁਸਤਕ ਦਾ ਨਕਸ਼ਾ ਹੀ ਆਪਣੇ ਪਰਚੇ ਵਿੱਚ ਖਿੱਚ ਦਿੱਤਾ। ਡਾ. ਬਲਵਿੰਦਰ  ਸਿੰਘ ਔਲਖ ਗਲੈਕਸੀ ਬਹੁਤ ਹੀ ਘੱਟ ਸ਼ਬਦਾਂ ਵਿੱਚ ਨਾਵਲਕਾਰ ਗੁਰਨਾਮ ਸਿੰਘ ਹੁਰਾਂ ਨੂੰ ਸਫਲ ਲਿਖਤ ਲਈ ਵਧਾਈ ਦਿੱਤੀ ਅਤੇ ਇਸ਼ਾਰਾ ਕੀਤਾ ਕਿ ਅਜੇ ਮਿੱਤਰ ਸੈਨ  ਮੀਤ ਦੇ ਨਾਵਲ ਕਟਹਿਰਾ ਅਤੇ ਤਫਤੀਸ਼ ਵਰਗਾ ਲਿਖਿਆ ਜਾਣਾ ਬਾਕੀ ਹੈ ਵੀ ਹੈ ਅਤੇ ਜ਼ਰੂਰੀ ਵੀ। ਉਹਨਾਂ ਕੋਲਕਾਤਾ ਅਤੇ ਮੁਰੂਥਲ 'ਚ ਵਾਪਰੀਆਂ ਘਟਨਾਵਾਂ ਦਾ ਸੰਖੇਪ ਜਿਹਾ ਇਸ਼ਾਰਤਨ ਜ਼ਿਕਰ ਕਰਦਿਆਂ ਸੁਆਲ ਕੀਤਾ ਆਖਿਰ ਕੀ ਕਾਰਨ ਹੈ ਕਿ ਮਨੁੱਖਤਾ ਨਾਲ ਏਨਾ ਕੁਝ ਸ਼ਰਮਨਾਕ ਵਾਪਰ ਜਾਣ ਦੇ ਬਾਵਜੂਦ ਵੀ ਸਾਡੀ ਅੰਤਰ ਆਤਮਾ ਨਹੀਂ ਜਾਗਦੀ। 
ਐਸਜੀਪੀਸੀ ਮੈਂਬਰ ਠੇਕੇਦਾਰ ਕੰਵਲ ਇੰਦਰ ਸਿੰਘ ਨੇ ਭਰੋਸਾ ਦੁਆਇਆ ਕਿ ਉਹ ਇਸ ਪੁਸਤਕ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਵੀ ਦੇਣਗੇ ਤਾਂ ਕਿ ਇਸ ਨੂੰ ਆਮ ਲੋਕਾਂ ਦੇ ਹੋਰ ਵੱਡੇ ਦਾਇਰੇ ਤੱਕ ਪਹੁੰਚਾਇਆ ਜਾ ਸਕੇ। 

No comments: