Sun, Oct 1, 2017 at 2:49 PM
ਕਰਬਲਾ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ
ਕਰਬਲਾ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ
ਲੁਧਿਆਣਾ: 1 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਇੱਥੇ ਪੰਜਾਬ ਦੀ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ’ਚ 10 ਮੁਹੱਰਮ ਯੌਮੇ ਆਸ਼ੂਰਾ ਦੇ ਮੌਕੇ ’ਤੇ ਇਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਕਾਰੀ ਮੋਹਤਰਮ ਸਾਹਿਬ ਨੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਅਤੇ ਗੁਲਾਮ ਹਸਨ ਕੈਸਰ, ਹੱਸਾਨ ਨਸੀਰਾਵਾਦੀ ਨੇ ਆਪਣਾ ਨਾਤੀਆ ਕਲਾਮ ਪੇਸ਼ ਕੀਤਾ।
ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਬਲਾ ਦੇ ਮੈਦਾਨ ਵਿਚ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਨੇ ਇਨਸਾਨੀਅਤ ਨੂੰ ਜ਼ਾਲਿਮਾਂ ਦੇ ਖਿਲਾਫ਼ ਹਕ ਦੀ ਆਵਾਜ਼ ਬੁਲੰਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਸ਼ੂਰਾ ਦਾ ਦਿਨ ਬੜੀਆਂ ਹੀ ਬਰਕਤਾਂ ਅਤੇ ਰਹਿਮਤਾਂ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣਾ ਅੱਲ੍ਹਾਹ ਦੇ ਰਸੂਲ ਹਜ਼ਰਤ ਮੁਹੱਮਦ ਸਾਹਿਬ (ਸ.) ਦੀ ਸੁੰਨਤ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੱਧ ਤੋਂ ਵੱਧ ਇਬਾਦਤ ’ਚ ਲਗਾਉਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿਰਫ ਦਾਨ ਦੇ ਕੇ ਉਹ ਰੱਬ ਨੂੰ ਰਾਜੀ ਕਰ ਲੈਣਗੇ ਤਾਂ ਉਹ ਗਲਤ ਸੋਚਦੇ ਹਨ। ਦਾਨ ਦੇਣ ਤੋਂ ਪਹਿਲਾਂ ਆਪਣੇ ਕਰਮ ਅੱਲ੍ਹਾਹ ਦੇ ਹੁਕਮ ਅਨੁਸਾਰ ਕਰਨੇ ਹੋਣਗੇ।
ਸ਼ਾਹੀ ਇਮਾਮ ਨੇ ਕਿਹਾ ਕਿ ਯੌਮੇ ਆਸ਼ੂਰਾ ਦੇ ਦਿਨ ਹੀ ਅਲੱਾਹ ਪਾਕ ਨੇ ਜ਼ਮੀਨ, ਆਸਮਾਨ, ਹਵਾ, ਪਾਣੀ, ਇਨਸਾਨ ਅਤੇ ਹਰ ਚੀਜ ਨੂੰ ਬਣਾਇਆ ਅਤੇ 10 ਮੁਹੱਰਮ ਯੌਮੇ ਆਸ਼ੂਰਾ ਦੇ ਦਿਨ ਹੀ ਕਿਆਮਤ ਆਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਸਾਨੰੂ ਆਪਣੇ ਘਰਵਾਲਿਆਂ ’ਤੇ ਦਿਲ ਖੋਲ ਕੇ ਖਰਚ ਕਰਨਾ ਚਾਹੀਦਾ ਅਤੇ ਇਸ ਦਿਨ ਗਰੀਬਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁਸਲਮਾਨ ਕਿਸੇ ਯਤੀਮ ਨੂੰ ਚੰਗਾ ਖਾਣਾ ਖਿਲਾਉਦਾ ਹੈ, ਚੰਗੇ ਕੱਪੜੇ ਪਹਿਨਾਉਦਾ ਹੈ ਅਤੇ ਬਾਅਦ ਵਿਚ ਉਸ ਯਤੀਮ ਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਦਾ ਹੈ ਤਾਂ ਜਿਨ੍ਹੇ ਵੀ ਬਾਲ ਉਸ ਹੱਥ ਦੇ ਹੇਠਾਂ ਨਿਕਲਣਗੇ, ਅੱਲ੍ਹਾਹ ਪਾਕ ਉਸਨੂੰ ਹਰ ਬਾਲ ਦੇ ਬਦਲੇ ਵਿਚ ਨੇਕੀਆਂ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਕਰਬਲਾ ਦੇ ਮੈਦਾਨ ਵਿਚ ਜੋ ਕੁਝ ਵੀ ਹੋਇਆ, ਉਸ ਤੋਂ ਨੌਜਆਨ ਨਸਲ ਨੂੰ ਸਬਕ ਲੈਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਬਚਿਆਂ ਨੂੰ ਇਹ ਪੱਤਾ ਹੋਣਾ ਚਾਹੀਦਾ ਹੈ ਕਿ ਇਸਲਾਮ ਧਰਮ ਲਈ ਇਮਾਮ ਹੁਸੈਨ (ਰਜਿ.) ਨੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨਾਂ ਦਾ ਬਜੂਦ ਖਤਮ ਹੋ ਜਾਂਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਕਰਬਲਾ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ (ਰਜਿ.) ਦਾ ਰੁਤਬਾ ਬਹੁਤ ਵੱਡਾ ਹੈ, ਇਮਾਮ ਹੁਸੈਨ (ਰਜਿ.) ਹਜ਼ਰਤ ਮੁਹੱਮਦ ਸਾਹਿਬ (ਸ.) ਦੇ ਨਵਾਸੇ ਹਨ ਅਤੇ ਹਜ਼ਰਤ ਮੁਹੱਮਦ ਸਾਹਿਬ (ਸ.) ਨੂੰ ਇਨ੍ਹਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਵੰਡਿਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਹਜ਼ਰਤ ਹੁਸੈਨ (ਰਜਿ.) ਨੇ ਕਰਬਲਾ ਦੇ ਮੈਦਾਨ ਤੋਂ ਜੋ ਸਿੱਖਿਆ ਸਾਨੂੰ ਦਿੱਤੀ ਹੈ, ਉਸ ’ਤੇ ਅਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ, ਜਾਲਿਮਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਹੀ ਇਮਾਮ ਹੁਸੈਨ ਦੇ ਸੱਚੇ ਆਸ਼ਿਕ ਹਨ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਯੌਮੇ ਆਸ਼ੂਰਾ ਦਾ ਦਿਨ ਜਿਥੇ ਸਾਨੂੰ ਹਜ਼ਰਤ ਇਮਾਮ ਹੂਸੈਨ ਦੀਆਂ ਕੁਰਬਾਨੀਆਂ ਦੇਸ਼ ਵਿਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਤੀ ਦੇ ਲਈ ਦੁਆ ਵੀ ਕਰਵਾਈ।
ਇਸ ਮੌਕੇ ਕਾਰੀ ਅਲਤਾਫ-ਉਰ-ਰਹਿਮਾਨ ਲੁਧਿਆਣਵੀ, ਕਾਰੀ ਮੁੱਹਮਦ ਮੌਹਤਰਮ ਸਹਾਰਨਪੁਰੀ, ਮੌਲਾਨਾ ਅਤੀਕ-ਉਰ-ਰਹਿਮਾਨ ਫੈਜਾਬਾਦੀ, ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ, ਮੁਫ਼ਤੀ ਮੁੱਹਮਦ ਜਮਾਲੁਦੀਨ, ਮੌਲਾਨਾ ਕਾਰੀ ਮੁੱਹਮਦ ਇਬ੍ਰਾਹਿਮ, ਅੰਜੁਮ ਅਸਗਰ, ਤਨਵੀਰ ਖਾਂ, ਸ਼ਾਕਿਰ ਆਲਮ, ਮੁਹੱਮਦ ਖਾਲਿਦ, ਅਤੇ ਸ਼ਾਹੀ ਇਮਾਮ ਦੇ ਸਕੱਤਰ ਮੁੱਹਮਦ ਮੁਸਤਕੀਮ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ।
No comments:
Post a Comment