Friday, September 08, 2017

ਬੱਲੋਵਾਲ ਸੌਂਖੜੀਂ ਦੇ ਕਿਸਾਨ ਮੇਲੇ ਵਿੱਚ ਲੱਗੇ 116 ਤੋਂ ਵੱਧ ਸਟਾਲ

Fri, Sep 8, 2017 at 4:45 PM
ਕਿਸਾਨ ਮੇਲੇ 'ਚ ਫਿਰ ਸਮਝਾਏ ਗਏ ਆਰਥਿਕ ਮੰਦਹਾਲੀਆਂ ਤੋਂ ਬਚਣ ਦੇ ਭੇਦ 
ਬੱਲੋਵਾਲ ਸੌਂਖੜੀ: 8 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਬੱਲੋਵਾਲ ਸੌਂਖੜੀਂ ਦੇ ਖੇਤਰੀ ਖੋਜ ਕੇਂਦਰ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਨੇੜੇ ਦੇ ਇਲਾਕਿਆਂ ਤੋਂ ਕਿਸਾਨ ਸ਼ਾਮਲ ਹੋਏ ਅਤੇ ਇੱਥੇ ਲਗਾਏ ਗਏ ਖੇਤੀ ਨਾਲ ਸਬੰਧਤ ਸਾਜ-ਸਮੱਗਰੀ ਦੀਆਂ 116 ਤੋਂ ਵੱਧ ਸਟਾਲਾਂ ਅਤੇ ਪ੍ਰਦਰਸ਼ਨੀਆ ਵਿੱਚ ਸ਼ਿਰਕਤ ਕੀਤੀ । ਇਸ ਕਿਸਾਨ ਮੇਲੇ ਦਾ ਉਦਘਾਟਨ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤਾ । ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਸਾਲ ਇਸ ਮੇਲੇ ਵਿੱਚ ਵਧਦੀ ਕਿਸਾਨਾਂ ਦੀ ਗਿਣਤੀ ਦੱਸਦੀ ਹੈ ਕਿ ਕਿਸਾਨ ਯੂਨੀਵਰਸਿਟੀ ਦੀਆਂ ਖੇਤੀ-ਖੋਜਾਂ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਉਹਨਾਂ ਨੂੰ ਅਪਣਾਉਂਦੇ ਹਨ। ਸੰਨ 1982 ਵਿੱਚ ਬਣਿਆ ਇਹ ਖੋਜ ਕੇਂਦਰ ਪੰਜਾਬ ਦੇ 9.5% ਇਲਾਕੇ ਨੂੰ, ਜੋ ਕੰਢੀ ਖੇਤਰ ਵਜੋਂ ਜਾਣਿਆ ਜਾਂਦਾ ਹੈ, ਨੂੰ ਖੇਤੀ ਲਈ ਸੇਧ ਦੇ ਰਿਹਾ ਹੈ । ਉਹਨਾਂ ਨੇ ਖੁਸ਼ੀ ਪ੍ਰਗਟਾਈ ਕਿ ਕਿਸਾਨ ਜਾਗਰੂਕ ਹੋ ਰਿਹਾ ਹੈ ਹੁਣ ਉਸ ਨੂੰ ਮਿੱਟੀ ਦੀ ਪਰਖ ਕਰਵਾ ਕੇ ਹੀ ਖੇਤੀ ਲਾਗਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹਰੀ ਖਾਦ ਅਤੇ ਜੀਵਾਣੂੰ ਖਾਦ ਨਾਲ ਮਿੱਟੀ ਦੀ ਤਾਕਤ ਵਧਾਉਣ ਦੇ ਰਾਹ ਤੁਰਨਾ ਚਾਹੀਦਾ ਹੈ । ਇਸ ਮੇਲੇ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੰਢੀ ਖੇਤਰ, ਖੇਤੀ ਪੱਖੋਂ ਵੱਖਰੀਆਂ ਲੋੜਾਂ ਵਾਲਾ ਵਿਸ਼ੇਸ਼ ਇਲਾਕਾ ਹੈ ਜਿਸ ਵਿੱਚ ਮੱਕੀ, ਤਿਲ, ਦਾਲਾਂ, ਛੋਲਿਆਂ ਅਤੇ ਕਣਕ ਦੀ ਖੇਤੀ ਹੁੰਦੀ ਹੈ ਅਤੇ ਇਹ ਬਰਾਨੀ ਇਲਾਕਾ ਪਹਿਲਾਂ ਨਾਲੋਂ ਤਰੱਕੀ ਦੇ ਰਾਹ ਤੇ ਹੈ । ਉਹਨਾਂ ਨੇ ਕਿਸਾਨਾਂ ਦੇ ਭਰਵੇਂ ਹੁੰਗਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪਰਾਲੀ ਨੂੰ ਸੰਭਾਲਣ ਦੀ ਲੋੜ ਬਣੀ ਹੋਈ ਹੈ ਇਹ ਸਾਡੀ ਜਿੰਮੇਵਾਰੀ ਵੀ ਹੈ । ਸਾਨੂੰ ਚਾਹੀਦਾ ਹੈ ਕਿ ਇਸ ਨੂੰ ਅੱਗ ਨਾ ਲਗਾ ਕੇ ਸਹੀ ਢੰਗ ਨਾਲ ਵਿਉਂਤਿਆ ਜਾਵੇ ਅਤੇ ਸਰਕਾਰ ਨੂੰ ਸਹਿਯੋਗ ਦਿੱਤਾ ਜਾਵੇ ਇਸੇ ਵਿੱਚ ਹੀ ਸਾਡੀ ਸਭ ਦੀ ਅਤੇ ਆਉਣ ਵਾਲੀਆਂ ਨਸਲਾਂ ਦੀ ਭਲਾਈ ਹੈ । ਡਾ. ਢਿੱਲੋਂ ਨੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਇਹਨਾਂ ਮੇਲਿਆਂ ਤੇ ਨਵੇਂ ਸੁਧਰੇ ਬੀਜ ਅਤੇ ਤਕਨੀਕਾਂ ਲੈ ਕੇ ਤੁਹਾਡੇ ਤੱਕ ਪਹੁੰਚਦੀ ਹੈ ਅਤੇ ਤੁਸੀਂ ਪੂਰੇ ਉਤਸ਼ਾਹ ਨਾਲ ਇਸ ਨੂੰ ਅਪਣਾਉਂਦੇ ਰਹੋ ਇਹ ਸਾਡੇ ਲਈ ਤਸੱਲੀ ਵਾਲੀ ਗੱਲ ਹੈ । ਉਹਨਾਂ ਕਿਸਾਨਾਂ ਨੂੰ ਗੁਜਾਰਿਸ਼ ਕੀਤੀ ਕਿ ਕਿਸੇ ਵੀ ਨਵੀਂ ਕਿਸਮ ਜਾਂ ਨਵੀਂ ਟੈਕਨੋਲੋਜੀ ਦੀ ਅਜਮਾਇਸ਼ ਪਹਿਲਾਂ ਛੋਟੇ ਪੱਧਰ ਤੇ ਕਰੋ । ਇਹਨਾਂ ਦੀ ਸਹੀ ਪਰਖ ਕਿਸਾਨਾਂ ਦੇ ਖੇਤਾਂ ਵਿੱਚ ਹੀ ਹੋਣੀ ਹੁੰਦੀ ਹੈ । ਡਾ. ਢਿੱਲੋਂ ਨੇ ਇਸ ਇਲਾਕੇ ਦੇ ਕਿਸਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਹਦਾਇਤ ਕੀਤੀ ਕਿ ਕਣਕ ਦੀਆਂ ਜਿਹਨਾਂ ਕਿਸਮਾਂ ਨੂੰ ਪੀਲੀ ਕੁੰਗੀ ਪੈਂਦੀ ਹੈ ਉਹ ਬਿਲਕੁਲ ਨਾਂ ਲਗਾਓ ਅਤੇ ਮਾੜੀਆਂ ਕਿਸਮਾਂ ਬੀਜਣ ਤੋਂ ਗੁਰੇਜ਼ ਹੀ ਕਰੋ । ਯੂਨੀਵਰਸਿਟੀ ਦਾ ਉਦੇਸ਼ ਕਿਸਾਨਾਂ ਨੂੰ ਘੱਟ ਲਾਗਤਾਂ ਨਾਲ ਵੱਧ ਮੁਨਾਫ਼ੇ ਵਾਲੀ ਖੇਤੀ ਵੱਲ ਤੋਰਨ ਦਾ ਹੈ। ਡਾ. ਢਿੱਲੋਂ ਨੇ ਕਰਜਿਆਂ ਲੱਦੇ ਸ਼ਾਹੀ ਜ਼ਿੰਦਗੀ ਜੀਊਣ ਦੇ ਮੁਕਾਬਲੇ ਸਾਦਗੀ ਵਾਲੇ ਜੀਵਨ ਦਾ ਹੋਕਾ ਦੇਣ ਵਾਲੇ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ । 
ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਬੀਜਾਂ, ਬੂਟਿਆਂ ਅਤੇ ਖੇਤੀ ਪੁਸਤਕਾਂ ਲੈਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ । ਇੱਥੇ ਵਿਸ਼ੇਸ਼ ਰੂਪ ਵਿੱਚ ਗੱਲ ਕਰਨੀ ਬਣਦੀ ਹੈ ਕਿ ਹੁਣ ਇਹਨਾਂ ਮੇਲਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ ਹੈ ਅਤੇ ਉਹ ਖੇਤੀ ਸਹਾਇਕ ਧੰਦੇ ਅਤੇ ਸਿਲਾਈ, ਕਢਾਈ, ਰੰਗਾਈ ਅਤੇ ਬੁਣਾਈ ਨਾਲ ਸਬੰਧਤ ਗਿਆਨ ਲੈਣ ਲਈ ਇਹਨਾਂ ਗਿਆਨ ਦੇ ਕੇਂਦਰਾਂ ਨਾਲ ਜੁੜ ਰਹੀਆਂ ਹਨ । 
ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਇਲਾਕੇ ਦੇ ਐਮ.ਐਲ.ਏ. ਚੌਧਰੀ ਦਰਸ਼ਨ ਲਾਲ ਮੰਗੂਪੁਰ, ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੁਸਾਂਝ ਅਤੇ ਬਲਾਚੌਰ ਦੇ ਐਸ.ਡੀ.ਐਮ. ਸ. ਜਗਜੀਤ ਸਿੰਘ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੌਏ । ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ.ਐਸ. ਬੁੱਟਰ ਨੇ ਸਵਾਗਤੀ ਸ਼ਬਦ ਕਹੇ । ਡਾ. ਮੇਜਰ ਸਿੰਘ ਧਾਲੀਵਾਲ, ਵਧੀਕ ਨਿਰਦੇਸ਼ਕ ਖੋਜ ਨੇ ਕਿਸਾਨਾਂ ਨੂੰ ਨਵੀਆਂ ਕਿਸਮਾਂ ਅਤੇ ਵਿਕਸਿਤ ਖੇਤੀ ਤਕਨੀਕਾਂ ਦੀ ਜਾਣਕਾਰੀ ਕੀਤੀ । ਤਕਨੀਕੀ ਸੈਸ਼ਨ ਵਿੱਚ ਵੱਖ-ਵੱਖ ਵਿਗਿਆਨੀਆਂ ਅਤੇ ਮਾਹਿਰਾਂ ਵਲੋਂ ਖੇਤੀ ਨਾਲ ਸਬੰਧਤ ਮਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਇਲਾਕੇ ਦੇ ਸਕੂਲ ਦੇ ਬੱਚਿਆਂ ਵਲੋਂ ਗਿੱਧਾ, ਸਕਿੱਟ ਅਤੇ ਗੀਤ ਪੇਸ਼ ਕੀਤੇ ਗਏ ਜਿਹਨਾਂ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਹੋਈ । ਸਟੇਜ ਸੰਚਾਲਨ ਦਾ ਕਾਰਜ ਮਸ਼ਹੂਰ ਵਿਅੰਗ ਅਦਾਕਾਰ ਡਾ. ਜਸਵਿੰਦਰ ਭੱਲਾ ਨੇ ਨਿਭਾਇਆ ਅਤੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਇਸ ਮੇਲੇ ਨੂੰ ਸਾਰਥਕ ਬਣਾਉਣ ਲਈ ਧੰਨਵਾਦ ਕੀਤਾ ।

No comments: