Saturday, July 01, 2017

ਅੰਮ੍ਰਿਤ ਛਕਾਉਣ ਦੇ ਅਧਿਕਾਰ ਦੀ ਮੰਗ ਦਾ ਮਾਮਲਾ ਭਖਿਆ

Mon, Jun 26, 2017 at 6:25 PM
ਕਈ ਇਸਤਰੀ ਸੰਗਠਨਾਂ ਨੇ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਜੋਈ 
ਸਤਿਗੁਰੂ ਪ੍ਰਸਾਦਿ।

ਸੇਵਾ ਵਿਖੇ,
ਪਰਮ ਸਤਿਕਾਰ ਯੋਗ ਸਿੰਘ ਸਾਹਿਬ ਜੱਥੇਦਾਰ ਗੁਰਬਚਨ ਸਿੰਘ ਜੀ,
ਸ੍ਰੀ ਅਕਾਲ ਤਖ਼ਤ ਸਾਹਿਬ ਜੀ,
ਅੰਮ੍ਰਿਤਸਰ, ਪੰਜਾਬ।

ਵਿਸ਼ਾ:- ਸਿੰਘਣੀਆਂ ਦੁਆਰਾ ਅੰਮ੍ਰਿਤ ਛਕਾਉਣ ਦੀ ਪਰੰਪਰਾ ਸ਼ੁਰੂ ਕਰਨ ਸਬੰਧੀ।
    
ਸਤਿਕਾਰ ਯੋਗ ਸਿੰਘ ਸਾਹਿਬ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਕ੍ਰਿਪਾਲੂ ਜੀਓ,
ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਲੈ ਕੇ ਹਾਜ਼ਰ ਹੋਏ ਹਾਂ ਜੀ, ਆਸ ਕਰਦੇ ਹਾਂ ਕਿ ਆਪ ਜੀ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ।
ਸ੍ਰੀਮਾਨ ਜੀ, ਦੁਨੀਆਂ ਭਰ ਦੇ ਧਰਮਾਂ ਵਿੱਚੋਂ ਸਭ ਤੋਂ ਨਵੀਨ ਧਰਮ ਸਿੱਖ ਧਰਮ ਵਿੱਚ ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਹੈ। ਸਿੱਖ ਧਰਮ ਵਿਚ ਇਸਤਰੀ ਜਾਤੀ ਨੂੰ ਜੋ ਮਾਣ ਸਨਮਾਨ ਹਾਸਲ ਹੈ ਉਹ ਕਿਸੇ ਹੋਰ ਧਰਮ ਵਿੱਚ ਨਹੀਂ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ” ਕਹਿ ਕੇ ਸਦੀਆਂ ਤੋਂ ਦੱਬੀ ਕੁਚਲੀ ਔਰਤ ਨੂੰ ਵਡਿਆਈ ਦਿੱਤੀ। ਸਿੱਖਾਂ ਦਾ ਇਤਿਹਾਸ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਇਸਤਰੀ ਜਾਤੀ ਦੇ ਯੋਗਦਾਨ ਨਾਲ ਭਰਿਆ ਪਿਆ ਹੈ। ਬੇਬੇ ਨਾਨਕੀ ਤੋਂ ਲੈ ਕੇ ਬੀਬੀ ਖੀਵੀ, ਬੀਬੀ ਭਾਨੀ, ਬੀਬੀ ਅਮਰੋ, ਮਾਤਾ ਗੰਗਾ, ਮਾਤਾ ਦਮੋਦਰੀ, ਕੁਰਬਾਨੀ ਦੀ ਪੁੰਜ ਮਾਤਾ ਗੁਜਰੀ, ਖਾਲਸਾ ਜੀ ਦੀ ਮਾਤਾ ਸਾਹਿਬ ਕੌਰ ਜੀ, ਮਾਈ ਭਾਗੋ, ਬੀਬੀ ਸ਼ਰਨ ਕੌਰ ਜੀ ਆਦਿ ਦਾ ਨਾਮ ਲਏ ਬਿਨ੍ਹਾਂ ਇਤਿਹਾਸ ਦੀ ਵਿਆਖਿਆ ਨਹੀਂ ਹੋ ਸਕਦੀ। 20ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਵੀ ਇਸਤਰੀਆਂ ਦੁਆਰਾ ਪਾਏ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਮੁਸ਼ਕਿਲ ਹੈ। ਬੀਬੀ ਉਪਕਾਰ ਕੌਰ, ਬੀਬੀ ਪ੍ਰੀਤਮ ਕੌਰ, ਬੀਬੀ ਸੰਦੀਪ ਕੌਰ ਨੇ ਜੋ ਮੈਦਾਨ-ਏ-ਜੰਗ ਵਿਚ ਜੌਹਰ ਦਿਖਾਏ ਉਹਲਾ ਮਿਸਾਲ ਹਨ। ਸਮਾਜ ਸੇਵਾ ਦੇ ਖੇਤਰ ਵਿਚ ਵੀ ਇਸਤਰੀਆਂ ਵਲੋਂ ਯੋਗਦਾਨ ਅਹਿਮ ਰਿਹਾ ਜਿਸਦੀ ਮਿਸਾਲ ਬੀਬੀ ਇੰਦਰਜੀਤ ਕੌਰ ਅਤੇ ਬੀਬੀ ਕਿਰਨ ਜੋਤ ਕੌਰ ਦਾ ਨਾਮ ਫਖ਼ਰ ਨਾਲ ਲਿਆ ਜਾ ਸਕਦਾ ਹੈ। ਬੀਬੀ ਜਗੀਰ ਕੌਰ ਤਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਹੈ, ਜਿਸਦੇ ਕਾਰਜ ਕਾਲ ਵਿਚ ਪੰਥ ਨੇ ਤਰੱਕੀਆਂ ਦੀਆਂ ਨਵੀਆਂ ਮੰਜ਼ੀਲਾਂ ਸਰ ਕੀਤੀਆਂ।
ਕੀਰਤਨ ਦੇ ਖੇਤਰ ਵਿਚ ਬੀਬੀ ਬਲਜੀਤ ਕੌਰ ਦਾ ਅੱਜ ਵੀ ਕੋਈ ਸਾਨੀ ਨਹੀਂ ਹੈ। ਢਾਢੀ ਵਾਰਾਂ ਗਾਇਨ ਕਰਨ ਦੇ ਖੇਤਰ ਵਿਚ ਨਾਭੇ ਵਾਲੀਆਂ ਬੀਬੀਆਂ ਤੇ ਹੁਣ ਬੱਦੋਵਾਲ ਵਾਲੀਆਂ ਬੀਬੀਆਂ ਨੇ ਬੀਰ ਰਸ ਦੀਆਂ ਵਾਰਾਂ ਗਾਇਨ ਕਰਕੇ ਸਿੰਘਾਂ ਦੇ ਡੌਲੇ ਫੜਕਣ ਲਾ ਦਿੱਤੇ।
ਸਿੰਘ ਸਾਹਿਬ ਜੀ! ਇਸਦੇ ਬਾਵਜੂਦ ਅੱਜ ਤੱਕ ਪੰਥ ਵਿਚ ਬੀਬੀਆਂ ਨੂੰ ਉਹ ਸਥਾਨ ਹਾਸਲ ਨਹੀਂ ਹੋਇਆ ਜਿਸਦੀਆਂ ਉਹ ਹੱਕਦਾਰ ਹਨ। ਬੀਬੀਆਂ ਨੂੰ ਸਿੰਘ ਪੰਜ ਪਿਆਰਿਆਂ ਵਾਂਗ ਅੰਮ੍ਰਿਤ ਸੰਚਾਰ ਵਿਚ ਭਾਗ ਨਾ ਲੈਣ ਦੇਣਾ ਬੀਬੀਆਂ ਨਾਮ ਧਰਮ-ਧੱਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਵੀ ਬੀਬੀਆਂ ਨੂੰ ਪੰਜ ਪਿਆਰਿਆਂ ਦੀ ਸੇਵਾ ਵਿਚ ਲੱਗਨ ਦੀ ਆਗਿਆ ਦਿੱਤੀ ਹੈ ਪਰ ਇਸ ਗੱਲ ਤੇ ਅਮਲ ਨਹੀਂ ਹੋ  ਸਕਿਆ। ਸਿੱਖ ਰਹਿਤ ਮਰਯਾਦਾ ਜੋ ਕਿ ਸ਼ੋ੍ਰਮਣੀ ਕਮੇਟੀ ਵਲੋਂ ਛਪੀ ਹੋਈ ਹੈ ਉਸਦੇ “ਅੰਮ੍ਰਿਤ ਸੰਸਕਾਰ” ਵਿਚ ਲਿਖਿਆ ਹੈ:- “ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ।” (ਪੰਨਾ:20)
ਜੱਥੇਦਾਰ ਸਾਹਿਬ ਜੀ! ਜਿਸ ਘਰ ਵਿਚ ਬੀਬੀ ਅੰਮ੍ਰਿਤਧਾਰੀ ਬਣਕੇ ਧਰਮ ਨਾਲ ਜੁੜੀ ਹੋਵੇਗੀ ਉਸ ਘਰ ਵਿਚ ਪਤਿਤ ਪੁਣਾ, ਨਸ਼ੇ, ਭਰੂਣ ਹਤਿਆ ਆਦਿ ਜਹੀਆਂ ਅਲਾਮਤਾਂ ਘਰ ਨਹੀਂ ਕਰ ਸਕਣਗੀਆਂ।
ਜੇ ਇਸਤਰੀਆਂ ਅੰਮ੍ਰਿਤ ਛਕ ਸਕਦੀਆਂ ਹਨ ਤਾਂ ਛਕਾ ਵੀ ਸਕਦੀਆਂ ਹਨ। ਇਸ ਕਰਕੇ ਅੰਮ੍ਰਿਤਧਾਰੀ ਸਿੰਘਣੀਆਂ ਦੁਆਰਾ ਅੰਮ੍ਰਿਤ ਸੰਚਾਰ ਕਰਨਦੀ ਸੇਵਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਪੂਰੇ ਸੰਸਾਰ ਵਿਚ ਇਸ ਨੂੰ ਪ੍ਰਚੱਲਿਤ ਕਰਨਾ ਚਾਹੀਦਾ ਹੈ।ਇਸ ਨਾਲ ਸਿੱਖਾਂ ਦੀ ਗਿਣਤੀ ਵਧੇਗੀ ਅਤੇ ਸਿੱਖਾਂ ਦੀ ਜੈਜੈਕਾਰ ਹੋਵੇਗੀ।
ਆਸ ਕਰਦੇ ਹਾਂ ਕਿ ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਛੇਤੀ ਹੀ ਸਿੰਘਣੀਆਂ ਦੁਆਰਾ ਅੰਮ੍ਰਿਤ ਛਕਵਾਉਣਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰਵਾਓਗੇ।
ਸਤਿਕਾਰ ਸਹਿਤ,
ਸੰਗਤਾਂ ਦੀਆਂ ਦਾਸਨੀਆਂ,
ਪੰਥ ਹਿਤ ਵਿੱਚ।

No comments: