Sat, Jun 24, 2017 at 3:43 PM
ਸਮਾਜ ਦੇ ਭਖ਼ਦੇ ਸੁਆਲਾਂ ’ਤੇ ਛਿੜਿਆ ਗੰਭੀਰ ਸੰਵਾਦ
ਜਲੰਧਰ: 24 ਜੂਨ 2017:(ਪੰਜਾਬ ਸਕਰੀਨ ਬਿਊਰੋ)::
ਦੇਸ਼ ਭਗਤ ਯਾਦਗਾਰ ਹਾਲ ’ਚ ਚੱਲ ਰਹੇ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ‘ਰਾਜ ਅਤੇ ਇਨਕਲਾਬ’ ਵਿਸ਼ੇ ਉਪਰ ਬੋਲਦਿਆਂ ਦਰਸ਼ਨ ਖਟਕੜ ਨੇ ਕਿਹਾ ਕਿ ਰਾਜ ਭਾਗ ਤੇ ਕਾਬਜ਼, ਦੂਜੇ ਮਿਹਨਤਕਸ਼ ਲੋਕਾਂ ਦੀ ਕਮਾਈ ਉਪਰ ਪਲਣ ਵਾਲੀ ਧੜਵੈਲ ਜਮਾਤ ਦੀ ਅਣਸਰਦੀ ਲੋੜ ਹੈ ਕਿ ਉਹ ਅਜੇਹਾ ਹਥਿਆਰਬੰਦ ਤੰਤਰ ਖੜ੍ਹਾ ਕਰੇ ਜਿਸਦੇ ਜ਼ੋਰ ਬਹੁ-ਗਿਣਤੀ ਕਮਾਊ ਲੋਕਾਂ ਨੂੰ ਬੇ-ਹਥਿਆਰੇ ਰੱਖਕੇ, ਗੁਲਾਮ ਬਣਾਕੇ ਰੱਖਿਆ ਜਾ ਸਕੇ।
ਉਹਨਾਂ ਕਿਹਾ ਕਿ ਅਜੇਹੀ ਬੁਨਿਆਦ ਤੇ ਸਿਰਜਿਆ ਰਾਜ ਭਾਗ, ਉਪਰੋਂ ਜਮਹੂਰੀਅਤ ਦਾ ਅਡੰਬਰ ਰਚਦਾ ਹੈ ਅਸਲ ਵਿੱਚ ਇਹ ਪੈਦਾਵਾਰੀ ਸਾਧਨਾ ਤੇ ਕਾਬਜ਼ ਜਮਾਤ ਦਾ ਤਾਨਾਸ਼ਾਹੀ ਰਾਜ ਹੈ।
ਮਾਰਕਸਵਾਦ, ਦਲਿਤ ਸੁਆਲ, ਜ਼ਮੀਨੀ ਮਸਲਾ, ਨਵੇਂ ਲੋਕ ਰਾਜ ’ਚ ਪੁਲਸ, ਫੌਜ, ਪਾਰਟੀ ਜੱਥੇਬੰਦੀ, ਜਨਤਕ ਘੋਲ ਅਤੇ ਖਾੜਕੂ ਕੁਰਬਾਨੀਆਂ ਭਰੇ ਘੋਲਾਂ ਦੀ ਵਿਧੀ ਸਬੰਧੀ ਆਏ ਕਿੰਨੇ ਹੀ ਸੁਆਲਾਂ ਦੇ ਉਹਨਾਂ ਨੇ ਸਾਰਥਕ ਅੰਦਾਜ਼ ’ਚ ਜਵਾਬ ਦਿੱਤੇ।
ਕੈਂਪ ਦੇ ਦੂਜੇ ਸੈਸ਼ਨ ’ਚ ‘‘ਰੂਸੀ ਸਮਾਜਵਾਦੀ, ਇਨਕਲਾਬ ਦੇ ਭਾਰਤੀ ਸਮਾਜ ’ਤੇ ਪ੍ਰਭਾਵ’’ ਵਿਸ਼ੇ ’ਤੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਨੇ ਕਿਹਾ ਕਿ ਰੂਸੀ ਸਮਾਜਵਾਦੀ ਇਨਕਲਾਬ, ਦੁਨੀਆਂ ਵਿੱਚ ਹੁਣ ਤੱਕ ਦੀਆਂ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਸਭਨਾਂ ਤਬਦੀਲੀਆਂ ਨਾਲੋਂ ਬੁਨਿਆਦੀ ਤੌਰ ’ਤੇ ਹੀ ਵੱਖਰਾ ਸੀ।
ਉਹਨਾਂ ਕਿਹਾ ਕਿ ਕੌਮਾਂ ਦੇ ਆਪੇ ਨਿਰਣੇ ਦੇ ਅਧਿਕਾਰ ਦੀ ਗੱਲ ਹੋਵੇ, ਸਾਮਰਾਜੀ ਤਾਕਤਾਂ ਵੱਲੋਂ ਰੂਸੀ ਇਨਕਲਾਬ ਦੇ ਕਿਲ੍ਹੇ ਨੂੰ ਢਹਿ ਢੇਰੀ ਕਰਨ ਲਈ ਕੀਤੇ ਹੱਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਕੇ, ਨਵੇਂ ਸਮਾਜ, ਨਵੇਂ ਮਨੁੱਖ ਦੀ ਸਿਰਜਣਾ ਕਰਕੇ ਨਵੇਂ ਯੁੱਗ ਦਾ, ਕੌਮਾਂ ਅਤੇ ਲੋਕਾਂ ਦੀ ਮੁਕੰਮਲ ਮੁਕਤੀ ਦੇ ਯੁੱਗ ਦਾ ਸੂਹਾ ਪਰਚਮ ਬੁਲੰਦ ਕੀਤਾ ਸੀ।
ਡਾ. ਪਰਮਿੰਦਰ ਨੇ ਰੂਸੀ ਇਨਕਲਾਬ ਦੇ ਗ਼ਦਰ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੀ ਲਹਿਰ, ਸਾਹਿਤ/ਸਭਿਆਚਾਰ ਉਪਰ ਪਏ ਪ੍ਰਭਾਵ ਦੀ ਲੜੀ ਪੇਸ਼ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਅਤੇ ਸੁਰਿੰਦਰ ਕੁਮਾਰੀ ਕੋਛੜ ਵੱਲੋਂ ‘ਮਾਰਕਸਵਾਦ ਕੀ ਹੈ?’, ‘ਅਛੂਤ ਦਾ ਸੁਆਲ’, ‘ਮੈਂ ਨਾਸਤਿਕ ਕਿਉਂ?’, ‘ਰਾਜ ਅਤੇ ਇਨਕਲਾਬ ਅਤੇ ਟੱਬਰ, ਨਿੱਜੀ ਜਾਇਦਾਦ ਰਾਜ ਦਾ ਮੁੱਢ’ ਤੋਂ ਇਲਾਵਾ ਜਗਰੂਪ ਦੀ ਤਰਫ਼ੋਂ ਮਾਰਕਸੀ ਵਿਚਾਰ ਪੁਸਤਕਾਂ ਸਿਖਿਆਰਥੀਆਂ ਨੂੰ ਭੇਂਟ ਕੀਤੀਆਂ ਗਈਆਂ।
ਸਿਖਿਆਰਥੀਆਂ ਨੂੰ ਪੁਸਤਕ ਸੈੱਟ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਮਾਣ-ਪੱਤਰ ਵੀ ਸਨਮਾਨ ਵਜੋਂ ਭੇਂਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਚੇਤਨਾ ਕੈਂਪ ਦੀ ਵਿੱਤੀ ਮਦਦ ਕਰਨ ’ਚ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ, ਹਰਦੀਪ ਸਿੰਘ ਦੂਹੜਾ ਅਤੇ ਪਿ੍ਰੰ. ਵੀ.ਕੇ. ਤਿਵਾੜੀ ਦੀ ਯਾਦ ’ਚ ਕਾਮਰੇਡ ਨੌਨਿਹਾਲ ਸਿੰਘ, ਜਸਬੀਰ ਕੌਰ ਦੂਹੜਾ ਅਤੇ ਸਰਿਤਾ ਤਿਵਾੜੀ ਦੇ ਪਰਿਵਾਰ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ਅਤੇ ਅੱਜ ਉਹ ਉਚੇਚੇ ਤੌਰ ’ਤੇ ਕੈਂਪ ਵਿੱਚ ਸ਼ਾਮਲ ਹੋਏ।
ਕੈਂਪ ਵਿੱਚ ਆਏ ਸਿਖਿਆਰਥੀਆਂ ਨੂੰ ਸਨਮਾਨ-ਪੱਤਰ ਅਤੇ ਪੁਸਤਕਾਂ ਦੇ ਸੈੱਟ ਭੇਂਟ ਕਰਨ ਮੌਕੇ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਰਮਿੰਦਰ ਪਟਿਆਲਾ, ਰਣਜੀਤ ਸਿੰਘ ਔਲਖ, ਬਲਬੀਰ ਕੌਰ ਬੁੰਡਾਲਾ, ਸੀਤਲ ਸਿੰਘ ਸੰਘਾ, ਮਨਜੀਤ ਸਿੰਘ, ਦੇਵਰਾਜ ਨਯੀਅਰ, ਚਰੰਜੀ ਲਾਲ ਕੰਗਣੀਵਾਲ ਹਾਜ਼ਰ ਸਨ।
ਚੇਤਨਾ ਕੈਂਪ ’ਚ ਮੰਚ ਸੰਚਾਲਕ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਨੇ ਅਦਾ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਪਾਲ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ ਰਟੌਲ ਨੇ ‘ਬਾਗ਼ੀ ਸਰਾਭਾ’ ਨਾਟਕ ਪੜ੍ਹਿਆ ਅਤੇ ਖਾਸ ਕਰਕੇ ਚਿੰਤਕਾਂ, ਬੁੱਧੀਜੀਵੀਆਂ, ਸਿਖਿਆਰਥੀਆਂ ਅੱਗੇ ਪੜ੍ਹਿਆ ਜੋ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਉਸਦੇ ਵਿਚਾਰਕ, ਇਤਿਹਾਸਕ, ਰਾਜਨੀਤਕ ਅਤੇ ਕਲਾਤਮਕ ਪੱਖਾਂ ਉਪਰ ਖੁੱਲ੍ਹਕੇ ਵਿਚਾਰ-ਮੰਥਨ ਕੀਤਾ ਜਾ ਸਕੇ।
ਚੇਤਨਾ ਕੈਂਪ ਦੇ ਸਿਖਰ ’ਤੇ ਗੰਧਰਵ ਸੇਨ ਕੋਛੜ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਅਤੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਂਪ ਦੀ ਸਫ਼ਲਤਾ ਦਾ ਪ੍ਰਮਾਣ ਇਹ ਹੋਏਗਾ ਕਿ ਭਵਿੱਖ ਵਿੱਚ ਤੁਹਾਡੇ ਜੀਵਨ ਵਿੱਚ ਲੋਕਾਂ ਪ੍ਰਤੀ ਸਮਰਪਣ ਦੀ ਕਿੰਨੀ ਭਾਵਨਾ ਅਤੇ ਅਮਲਦਾਰੀ ਆਉਂਦੀ ਹੈ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਕੈਂਪ ਤੁਹਾਡੀ ਜੀਵਨ-ਧਾਰਾ ਨਵੇਂ ਰੁਖ਼ ਅੱਗੇ ਤੋਰੇਗਾ।
No comments:
Post a Comment