ਪ੍ਰੋਗਰੈਸਿਵ ਗਰੁੱਪ ਦੀ ਟੀਮ ਨੇ ਦੇਖਿਆ ਹੈ ਪੰਜਾਬ ਅਤੇ ਮੀਡੀਆ ਦਾ ਔਖਾ ਸਮਾਂ
ਜਲੰਧਰ: 24 ਮਈ 2017: (ਪੰਜਾਬ ਸਕਰੀਨ ਬਿਊਰੋ)::
ਕੰਮ ਕਰਨ ਵਾਲਿਆਂ ਲਈ ਜਿੱਤਾਂ ਹਾਰਾਂ ਕੋਈ ਬਹੁਤ ਅਰਥ ਨਹੀਂ ਰੱਖਦੀਆਂ ਪਰ ਪੰਜਾਬ ਪ੍ਰੈਸ ਕਲੱਬ ਦੇ ਨਤੀਜਿਆਂ ਨਾਲ ਪੰਜਾਬ ਦੇ ਮੀਡੀਆ ਨੇ ਇੱਕ ਨਵੀਂ ਕਰਵਟ ਲਈ ਮਹਿਸੂਸ ਹੁੰਦੀ ਹੈ। ਪਿਛਲੇ ਕੁਝ ਕੁ ਅਰਸੇ ਦੌਰਾਨ ਪ੍ਰੈਸ ਨੂੰ ਆਈਆਂ ਚੁਣੌਤੀਆਂ ਨੇ ਬੜਾ ਅਜੀਬ ਜਿਹਾ ਮਾਹੌਲ ਬਣਾ ਦਿੱਤਾ ਸੀ। ਮੀਡੀਆ ਵਿੱਚ ਕਈ ਤਰਾਂ ਦੀ ਵੰਡ ਜਿਹੀ ਮਹਿਸੂਸ ਹੋਣ ਲੱਗ ਪੈ ਸੀ ਜਿਸਦੀ ਅਸੀਂ ਇਥੇ ਚਰਚਾ ਨਹੀਂ ਕਰਨੀ ਪਰ ਅਫਸੋਸ ਹੈ ਕਿ ਮੀਡੀਆ ਵਾਲੇ ਹੀ ਖੁਦ ਆਪਣੇ ਭਾਈਚਾਰੇ ਦੇ ਮੈਂਬਰਾਂ ਨੂੰ ਛੋਟਾ ਵੱਡਾ ਕਰਕੇ ਦੇਖਣ ਲੱਗ ਪਏ ਸਨ। ਉਮੀਦ ਹੈ ਇਹਨਾਂ ਨਤੀਜਿਆਂ ਮਗਰੋਂ ਵਾਗਡੋਰ ਸੰਭਾਲਣ ਵਾਲੀ ਲਖਵਿੰਦਰ ਜੋਹਲ ਹੁਰਾਂ ਦੀ ਟੀਮ ਇਸ ਸਾਰੀ ਸਥਿਤੀ ਵਿੱਚ ਹਾਂ ਪੱਖੀ ਮੋੜਾ ਲਿਆਵੇਗੀ ਅਤੇ ਪੰਜਾਬ ਪ੍ਰੈਸ ਕਲੱਬ ਦੀਆਂ ਸ਼ਾਖਾਵਾਂ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਵੀ ਖੁੱਲਣਗੀਆਂ। ਇਸ ਟੀਮ ਨੇ ਪੰਜਾਬ ਦੇ ਨਾਜ਼ੁਕ ਸਮੇਂ ਨੂੰ ਬੜਾ ਨੇੜਿਉਂ ਹੋ ਕੇ ਦੇਖਿਆ ਹੈ ਇਸ ਲਈ ਇਸ ਟੀਮ ਕੋਲੋਂ ਉਮੀਦਾਂ ਵੀ ਕਾਫੀ ਹਨ।
ਇਹਨਾਂ ਨਤੀਜਿਆਂ ਮੁਤਾਬਿਕ ਪਿਛਲੇ ਲੰਬੇ ਸਮੇਂ ਤੋਂ ਪ੍ਰਿੰਟ ਅਤੇ ਬਿਜਲਈ ਮੀਡੀਆ ਨਾਲ ਪੂਰੀ ਤਰ੍ਹਾਂ ਜੁੜੇ ਡਾ. ਲਖਵਿੰਦਰ ਸਿੰਘ ਜੌਹਲ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਪ੍ਰੈੱਸ ਕਲੱਬ ਦੀਆਂ ਹੋਈਆਂ ਚੋਣਾਂ 'ਚ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਮੀਡੀਆ ਯੂਨਿਟੀ ਗਰੁੱਪ ਦੇ ਡਾ. ਸੁਰਿੰਦਰਪਾਲ ਨੂੰ 31 ਵੋਟਾਂ ਦੇ ਫਰਕ ਨਾਲ ਹਰਾਇਆ। ਡਾ. ਲਖਵਿੰਦਰ ਸਿੰਘ ਜੌਹਲ ਨੂੰ 99 ਵੋਟਾਂ ਪਈਆਂ ਜਦਕਿ ਡਾ. ਸੁਰਿੰਦਰਪਾਲ ਨੂੰ 68 ਅਤੇ ਫਰੀਡਮ ਗਰੁੱਪ ਦੇ ਸੁਨੀਲ ਰੁਦਰਾ 63 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ। ਇਨ੍ਹਾਂ ਚੋਣਾਂ 'ਚ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਾਲੇ ਪ੍ਰੋਗਰੈਸਿਵ ਗਰੁੱਪ ਨੇ ਸ਼ਾਨਦਾਰ ਜਿੱਤ ਹਾਸਿਲ ਕਰਦੇ ਹੋਏ ਸਾਰੇ ਅਹੁਦਿਆਂ 'ਤੇ ਕਬਜ਼ਾ ਕੀਤਾ। ਪ੍ਰੋਗਰੈਸਿਵ ਗਰੁੱਪ ਦੇ ਚੁਣੇ ਗਏ ਹੋਰਨਾਂ ਅਹੁਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਸ੍ਰੀ ਮਨਦੀਪ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰ ਪਰਮਜੀਤ ਸਿੰਘ ਰੰਗਪੁਰੀ ਨੂੰ 33, ਜਨਰਲ ਸਕੱਤਰ ਮੇਜਰ ਸਿੰਘ ਨੇ ਰਾਜੀਵ ਭਾਸਕਰ ਨੂੰ 43, ਮੀਤ ਪ੍ਰਧਾਨ ਰਾਜੇਸ਼ ਯੋਗੀ ਨੇ ਅਸ਼ਵਨੀ ਖੁਰਾਣਾ ਨੂੰ 3, ਜੁਆਇੰਟ ਸਕੱਤਰ ਸੰਜੀਵ ਟੋਨੀ ਨੇ ਸਰਬਜੀਤ ਸਿੰਘ ਕਾਕਾ ਨੂੰ 25 ਅਤੇ ਖਜ਼ਾਨਚੀ ਸ਼ਿਵ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰ ਮਹਾਂਬੀਰ ਸੇਠ ਨੂੰ 43 ਵੋਟਾਂ ਨਾਲ ਹਰਾਇਆ। ਵੋਟਾਂ ਪੈਣ ਤੋਂ ਬਾਅਦ ਚੋਣ ਅਧਿਕਾਰੀ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਆਈ. ਪੀ. ਸਿੰਘ ਅਤੇ ਰਚਨਾ ਖਹਿਰਾ ਵੱਲੋਂ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ ਤਾਂ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਨ੍ਹਾਂ ਨੇ ਡਾ. ਜੌਹਲ ਸਮੇਤ ਗਰੁੱਪ ਦੇ ਹੋਰਨਾਂ ਜੇਤੂ ਉਮੀਦਵਾਰਾਂ ਨੂੰ ਮੋਢਿਆਂ 'ਤੇ ਚੁੱਕ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪੱਤਰਕਾਰ ਭਾਈਚਾਰੇ ਵਲੋਂ ਡਾ. ਜੌਹਲ ਦੀ ਅਗਵਾਈ ਵਾਲੀ ਸਮੁੱਚੀ ਟੀਮ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਤੇ ਮਠਿਆਈ ਵੰਡੀ ਗਈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਵੋਟਰਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪੱਤਰਕਾਰਾਂ ਦੀ ਬਿਹਤਰੀ ਲਈ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਮੀਦ ਹੈ ਕਿ ਇਸ ਟੀਮ ਦੀ ਜਿੱਤ ਨਾਲ ਪੱਤਰਕਾਰ ਭਾਈਚਾਰੇ ਦੀ ਏਕਤਾ ਅਤੇ ਸ਼ਕਤੀ ਹੋਰ ਮਜ਼ਬੂਤ ਹੋਵੇਗੀ।
No comments:
Post a Comment