ਰੂਬਰੂ ਦੌਰਾਨ ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਸਾਂਝੀਆਂ ਕੀਤੀਆਂ ਯਾਦਾਂ
ਲੁਧਿਆਣਾ: 7 ਅਪ੍ਰੈਲ 2017: (ਰੈਕਟਰ ਕਥੂਰੀਆ//ਪ੍ਰਦੀਪ ਸ਼ਰਮਾ// ਪੰਜਾਬ ਸਕਰੀਨ)::
"ਮੇਰਾ ਪਿਤਾ ਮੇਰਾ ਸਭ ਤੋਂ ਚੰਗਾ ਦੋਸਤ ਹੁੰਦਾ ਸੀ ਜਿਸ ਨਾਲ ਮੈਂ ਹਰ ਗੱਲ ਕਰ ਸਕਦੀ ਸਾਂ--ਇਸ਼ਕ ਬਾਰੇ ਵੀ, ਕੈਰੀਅਰ ਬਾਰੇ ਵੀ ਅਤੇ ਆਪਣੇ ਹਰ ਦੁੱਖ ਸੁੱਖ ਬਾਰੇ ਵੀ ਜਦਕਿ ਮਾਂ ਨਾਲ ਗੱਲ ਕਰਦਿਆਂ ਮੈਨੂੰ ਝਿਜਕ ਦਾ ਅਹਿਸਾਸ ਜਿਹਾ ਆ ਜਾਂਦਾ ਸੀ।" ਸੱਚ ਬੋਲਣ ਕਰਕੇ ਕਈ ਵਾਰ ਵਿਵਾਦਾਂ ਵਿੱਚ ਘਿਰ ਜਾਣ ਵਾਲੀ ਪ੍ਰਸਿੱਧ ਸ਼ਾਇਰਾ ਡਾਕਟਰ ਮਨਜੀਤ ਇੰਦਰਾ ਨੇ ਇਹ ਭੇਦ ਅੱਜ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਹੋਏ ਇੱਕ ਰੂਬਰੂ ਸਮਾਗਮ ਵਿੱਚ ਖੋਹਲਿਆ। ਇਹ ਸਮਾਗਮ ਉਚੇਚੇ ਤੌਰ ਤੇ ਲੇਖਿਕਾ ਮਨਜੀਤ ਇੰਦਰਾ ਨੂੰ ਕਾਲਜ ਦੀਆਂ ਵਿਦਿਆਰਥਣਾਂ ਨਾਲ ਮਿਲਾਉਣ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਉੱਘੇ ਲੇਖਕ ਡਾਕਟਰ ਗੁਰਭਜਨ ਸਿੰਘ ਗਿੱਲ, ਸੁਰੀਲੇ ਗਾਇਨ ਨਾਲ ਆਪਣੀ ਰਚਨਾ ਸੁਣਾਉਣ ਲਈ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਪੁਲਿਸ ਵਿਭਾਗ ਦੇ ਉੱਚੇ ਅਹੁਦਿਆਂ 'ਤੇ ਰਹਿ ਕੇ ਵੀ ਕਲਮਕਾਰ ਦੀ ਸੰਵੇਦਨਾ ਨੂੰ ਹਰ ਪਲ ਮਹਿਸੂਸ ਕਰਨ ਵਾਲੇ ਗੁਰਪ੍ਰੀਤ ਸਿੰਘ ਤੂਰ ਅਤੇ ਕਈ ਹੋਰ ਅਹਿਮ ਸ਼ਖਸੀਅਤਾਂ ਵੀ ਮੌਜੂਦ ਸਨ। ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਇਹਨਾਂ ਸਭਨਾਂ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ।
ਡਾਕਟਰ ਮਨਜੀਤ ਇੰਦਰਾ ਨੇ ਆਪਣੇ ਜਨਮ ਅਸਥਾਨ ਦੇ ਨਾਲ ਨਾਲ ਲੁਧਿਆਣਾ ਨਾਲ ਜੁੜੀਆਂ ਯਾਦਾਂ ਬਾਰੇ ਵੀ ਦੱਸਿਆ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨਾਲ ਬਿਤਾਏ ਲੰਮੇ ਸਮੇਂ ਦੀਆਂ ਗੱਲਾਂ ਸੁਣਾਈਆਂ। ਡਾਕਟਰ ਮਹਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਵਡੱਪਣ ਦੀਆਂ ਕਈ ਗੱਲਾਂ ਸੁਣਾਈਆਂ। ਪੰਜਾਬੀ ਸਾਹਿਤ ਦੀ ਅਹਿਮ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਅਤੇ ਆਪਣੀ ਪੁਸਤਕ ਤਾਰਿਆਂ ਦੇ ਛੱਜ ਬਾਰੇ ਵੀ ਦੱਸਿਆ। ਆਪਣੇ ਕਲਪਿਤ ਮਹਿਬੂਬ ਦੇ ਨਾਮ ਲਿਖੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ। ਉਹਨਾਂ ਰੋਜ਼ ਗਾਰਡਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਆਪਣੀਆਂ ਯਾਦਾਂ ਬਾਰੇ ਵੀ ਦੱਸਿਆ। ਸਰਕਾਰੀ ਨੌਕਰੀ ਅਤੇ ਇਸ ਨੌਕਰੀ ਦੌਰਾਨ ਦੇਖੇ ਅਲੱਗ ਅਲੱਗ ਰੰਗਾਂ ਦਾ ਜ਼ਿਕਰ ਵੀ ਉਹਨਾਂ ਬੜੀ ਖੂਬਸੂਰਤੀ ਨਾਲ ਕੀਤਾ।
ਇਸ ਪ੍ਰਸਿੱਧ ਸ਼ਾਇਰਾ ਨੇ ਕਿਹਾ ਕਿ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਵੀ ਡਾਕਟਰ ਵਿਸ਼ਵਾਨਾਥ ਤਿਵਾੜੀ ਹੁਰਾਂ ਨਾਲ ਕਿਸੇ ਅਣਜਾਣ ਸੜਕ 'ਤੇ ਤੁਰੀ ਜਾ ਰਹੀ ਕੋਈ ਵੀ ਕੁੜੀ ਏਨਾ ਸੁਰੱਖਿਅਤ ਹੁੰਦੀ ਸੀ ਕਿ ਇਹ ਸੁਰੱਖਿਆ ਉਹ ਆਪਣੇ ਪਿਤਾ ਜਾਂ ਭਰਾ ਨਾਲ ਵੀ ਮਹਿਸੂਸ ਨਹੀਂ ਸੀ ਕਰ ਸਕਦੀ। ਰੇ ਹਾਲ ਨੇ ਇਸ ਗੱਲ 'ਤੇ ਬੜੇ ਅਦਬ ਨਾਲ ਤਾੜੀਆਂ ਮਾਰੀਆਂ। ਕਈਆਂ ਦੀਆਂ ਅੱਖਾਂ ਵੀ ਭਿੱਜ ਗਈਆਂ। ਇਸ ਯਾਦ ਬਾਰੇ ਟਿੱਪਣੀ ਕਰਦਿਆਂ ਡਾਕਟਰ ਗੁਰਭਜਨ ਸਿੰਘ ਗਿੱਲ ਹੁਰਾਂ ਨੇ ਵੀ ਕਿਹਾ ਕਿ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋ ਸਕਦੀ ਹੈ।
ਮੈਡਮ ਮਨਜੀਤ ਇੰਦਰਾ ਨੇ ਆਪਣੀਆਂ ਨਜ਼ਮਾਂ ਅਤੇ ਗੀਤ ਵੀ ਸੁਣਾਏ। ਆਪਣੀ ਜ਼ਿੰਦਗੀ ਦੇ ਰੰਗਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਉਹ ਆਪਣੇ ਮਾਤਾ ਪਿਤਾ ਕਾਰਨ ਹੀ ਹਾਂ। ਉਹ ਅੱਜ ਵੀ ਮੇਰੇ ਨਾਲ ਮੇਰੇ ਕੋਲ ਮਹਿਸੂਸ ਹੁੰਦੇ ਹਨ। ਉਹਨਾਂ ਹਰ ਕਦਮ 'ਤੇ ਮੈਨੂੰ ਮਾਰਗ ਦਰਸ਼ਨ ਦਿੱਤਾ। ਉਹਨਾਂ ਦੱਸਿਆ ਕਿ ਸੰਨ 1962, ਫਿਰ ਸੰਨ 1965 ਅਤੇ ਫਿਰ ਸੰਨ 1971ਦੀਆਂ ਜੰਗਾਂ ਸਮੇਂ ਇਸ਼ਕ ਦੀ ਗੱਲ ਨਹੀਂ ਸੀ ਫੁਰਦੀ। ਸਿਰਫ ਦੇਸ਼ ਭਗਤੀ ਦਾ ਜਜ਼ਬਾ ਹੀ ਜਾਗਦਾ ਸੀ। ਇਸ ਜਜ਼ਬੇ ਅਧੀਨ ਹੀ ਮੈਂ ਆਪਣੇ ਸਕੂਲ ਵਾਲੇ ਜੀਵਨ ਦੌਰਾਨ ਹਰ ਰੋਜ਼ ਦੇਸ਼ ਭਗਤੀ ਦਾ ਇੱਕ ਗੇਟ ਸੁਣਾਇਆ ਕਰਦੀ ਸਾਂ। ਹਰ ਰੋਜ਼ ਇਹ ਨਵਾਂ ਗੀਤ ਆਕਾਸ਼ਵਾਣੀ ਜਲੰਧਰ ਤੋਂ ਸਿਖਾਇਆ ਜਾਂਦਾ ਸੀ। ਇਸ ਨੂੰ ਲਿਖਣ ਅਤੇ ਯਾਦ ਕਰਨ ਵਿੱਚ ਮੇਰੇ ਮਾਤਾ ਪਿਤਾ ਮੇਰੀ ਪੂਰੀ ਸਹਾਇਤਾ ਵੀ ਕਰਦੇ ਸਨ ਅਤੇ ਉਤਸ਼ਾਹ ਵੀ ਵਧਾਉਂਦੇ ਸਨ। ਇਸੇ ਤਰਾਂ ਪੰਜਾਬ ਦੇ ਸੰਤਾਪ ਦੀ ਗੱਲ ਕਰਦਿਆਂ ਉਹਨਾਂ ਆਪ੍ਰੇਸ਼ਨ ਬਲਿਊ ਸਟਾਰ ਵਾਲੇ ਦਿਨਾਂ ਦੀ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਇਹੀ ਉਹ ਸਮਾਂ ਸੀ ਜਦੋਂ ਉਹਨਾਂ ਚੰਦਰੇ ਦਿਨ ਨਾਮ ਦੀ ਰਚਨਾ ਲਿਖੀ। For more Pics please click Here
ਇਸ ਯਾਦਗਾਰੀ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੱਲਾਂ ਕਰਦਿਆਂ ਮੈਡਮ ਮਨਜੀਤ ਇੰਦਰਾ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੀ ਆਖਿਆ ਕਿ ਉਹ ਜ਼ਿੰਦਗੀ ਦੌਰਾਨ ਹਰ ਪਲ ਸਾਵਧਾਨ ਵੀ ਰਹਿਣ ਅਤੇ ਆਤਮ ਵਿਸ਼ਵਾਸ ਨੂੰ ਵੀ ਕਾਇਮ ਰੱਖਣ। ਉਹਨਾਂ ਇਹ ਸੁਨੇਹਾ ਆਪਣੀਆਂ ਕਾਵਿ ਸਤਰਾਂ ਰਾਹੀਂ ਦਿੱਤਾ--
ਇਸ ਪ੍ਰੋਗਰਾਮ ਦੌਰਾਨ ਉਹਨਾਂ ਸਪਸ਼ਟ ਆਖਿਆ ਕਿ ਅੱਜ ਕੱਲ੍ਹ ਦੇ ਸਮੇਂ ਦੌਰਾਨ ਕੁੜੀਆਂ-ਖਾਸ ਕਰਕੇ ਲਿਖਣ ਵਾਲੀਆਂ ਲੇਖਕ ਕੁੜੀਆਂ ਦੇ ਸਿਰ ਉੱਤੇ ਪ੍ਰੋਫੈਸਰ ਮੋਹਨ ਸਿੰਘ ਵਰਗਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਉਹਨਾਂ ਨੂੰ ਬਚਾ ਸਕੇ। ਗੱਲਾਂ ਦਾ ਸਮਾਂ ਜ਼ਿਆਦਾ ਲੰਮਾ ਨਹੀਂ ਸੀ ਅਤੇ ਹਾਲ ਵੀ ਪੂਰਾ ਨਹੀਂ ਸੀ ਭਰਿਆ ਪਰ ਜਿਨ੍ਹੇ ਕੁ ਸਰੋਤੇ ਮੌਜੂਦ ਸਨਉਹਨਾਂ ਸਾਰਿਆਂ ਸਰੋਤਿਆਂ ਖਾਸ ਕਰਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਸਾਰੇ ਪ੍ਰੋਗਰਾਮ ਨੂੰ ਪੂਰੇ ਧਿਆਨ ਨਾਲ ਸੁਣਿਆ। ਪ੍ਰੋਗਰਾਮ ਦਾ ਸੰਚਾਲਨ ਵੀ ਬਹੁਤ ਕਲਾ ਮਈ ਸੀ। ਇੰਝ ਲੱਗਦਾ ਸੀ ਜਿਵੇਂ ਕੋਈ ਵੱਡਾ ਪਰਿਵਾਰ ਕਿਸੇ ਵੱਡੇ ਕਮਰੇ ਵਿੱਚ ਚਿਰਾਂ ਮਗਰੋਂ ਮਿਲਿਆ ਹੋਵੇ ਅਤੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਿਹਾ ਹੋਵੇ। ਇਹਨਾਂ ਗੱਲਾਂ ਵਿੱਚ ਕੋਈ ਵਾਧੂ ਵਿਸਤਾਰ ਨਹੀਂ ਸੀ ਪਰ ਜ਼ਿੰਦਗੀ ਦੇ ਸਾਰੇ ਰੰਗਾਂ ਦਾ ਜ਼ਿਕਰ ਸੀ। ਇਸ ਆਯੋਜਨ ਦੌਰਾਨ ਮੰਚ ਸੰਚਾਲਨ ਨੂੰ ਪੰਜਾਬੀ ਵਿਭਾਗ ਦੀ ਪ੍ਰੋ: ਜਸਲੀਨ ਕੌਰ ਨੇ ਆਪਣੇ ਜਾਦੂਈ ਅੰਦਾਜ਼ ਨਾਲ ਚਲਾਇਆ। ਮੈਡਮ ਮਨਜੀਤ ਇੰਦਰਾ ਨੇ ਦੱਸੇ ਕਿ ਕਿਵੇਂ ਇਸ ਕਾਲਜ ਨਾਲ ਉਹਨਾਂ ਦਾ ਬੜਾ ਇਤਿਹਾਸਿਕ ਰਾਬਤਾ ਰਿਹਾ। ਪੜ੍ਹਾਈ ਲਿਖਾਈ ਦੌਰਾਨ ਇਸੇ ਹਾਲ ਵਿੱਚ ਹੀ ਬਹੁਤ ਸਾਰੀਆਂ ਫ਼ਿਲਮਾਂ ਵੀ ਦੇਖਿਆ ਜਿਹੜੀਆਂ ਕਾਲਜ ਵੱਲੋਂ ਦਿਖਾਈਆਂ ਜਾਂਦੀਆਂ ਸਨ ਅਤੇ ਟਿਕਟ ਸਿਰਫ 50 ਪੈਸੇ ਹੁੰਦੀ ਸੀ। For more Pics please click Here
ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਵੀ ਆਖਿਆ ਕਿ ਵਿਦਿਆਰਥਣ ਮਨਜੀਤ ਇੰਦਰਾ ਦਾ ਚੇਹਰਾ ਉਸ ਵੇਲੇ ਤਾਂ ਜਵਾਨ ਸੀ ਹੀ ਅੱਜ ਵੀ ਜਵਾਨ ਹੈ। ਉਹਨਾਂ ਦੱਸਿਆ ਕਿ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਸ ਕਾਲਜ ਦੀ ਪ੍ਰਿੰਸੀਪਲ ਬਣਾਂਗੀ ਅਤੇ ਇਸੇ ਕਾਲ ਦੇ ਰੂਬਰੂ ਵਿੱਚ ਇਸੇ ਵਿਦਿਆਰਥਣ ਨੂੰ ਮਹਿਮਾਣ ਬਣਾ ਕੇ ਬੁਲਾਇਆ ਜਾਵੇਗਾ। ਡਾਕਟਰ ਗਰੇਵਾਲ ਨੇ ਕਿਹਾ ਕਿ ਅੱਜ ਅਸੀਂ ਸਾਰੇ ਇਸ ਕਾਲਜ ਦੀ ਪੁਰਾਣੀ ਵਿਦਿਆਰਥਣ ਮਨਜੀਤ ਇੰਦਰਾ ਦੇ ਇਥੇ ਆਉਣ 'ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। For more Pics please click Here
No comments:
Post a Comment