ਨਾਮਧਾਰੀ ਸਿੱਖਾਂ ਨੇ ਅਯੋਧਿਆ ਵਿਖੇ ਮਨਾਇਆ ਰਾਮਨੌਮੀ ਦਾ ਤਿਓਹਾਰ
9 ਅਪ੍ਰੈਲ ਨੂੰ ਦਿੱਲੀ ਵਿਖੇ ਵੀ ਰਾਮ ਨੌਮੀ ਸਮਾਗਮਾਂ ਦੀਆਂ ਤਿਆਰੀਆਂ
9 ਅਪ੍ਰੈਲ ਨੂੰ ਦਿੱਲੀ ਵਿਖੇ ਵੀ ਰਾਮ ਨੌਮੀ ਸਮਾਗਮਾਂ ਦੀਆਂ ਤਿਆਰੀਆਂ
ਅਯੁੱਧਿਆ//ਲੁਧਿਆਣਾ: 6 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਜ਼ਖਮ ਭਾਵੇਂ ਅਜੇ ਵੀ ਤਾਜ਼ਾ ਹਨ ਪਰ ਨਾਮਧਾਰੀ ਪੰਥ ਨੇ ਕਿਸੇ ਵੀ ਸੰਭਾਵਤ ਫੁੱਟ ਅਤੇ ਟਕਰਾਓ ਨੂੰ ਟਾਲਣ ਲਈ ਹਿੰਦੂ ਸਿੱਖ ਏਕਤਾ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅਯੁੱਧਿਆ ਵਿੱਚ ਨਾਮਧਾਰੀ ਸੰਗਤ ਅਤੇ ਹਿੰਦੂ ਸੰਗਤ ਵੱਲੋਂ ਬੋਲੇ ਸੋ ਨਿਹਾਲ ਦੇ ਨਾਅਰਿਆਂ ਨੇ ਇਸ ਏਕਤਾ ਨੂੰ ਮਜ਼ਬੂਤ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ।
ਨਾਮਧਾਰੀ ਸਿੱਖਾਂ ਵੱਲੋਂ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਲਗਾਤਾਰ ਜਾਰੀ ਹਨ। ਇਸ ਮਕਸਦ ਨਾਲ ਹੀ ਅਯੋਧਿਆ ਵਿਖੇ ਰਾਮ ਨੌਮੀ ਦਾ ਤਿਓਹਾਰ ਨਾਮਧਾਰੀ ਸਿੰਘਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹੀ ਤਿਓਹਾਰ ਹੁਣ 9 ਅਪ੍ਰੈਲ ਨੂੰ ਦਿੱਲੀ ਵਿਖੇ ਵੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਨਾਮਧਾਰੀ ਸੰਗਤਾਂ ਨੇ ਇਸ ਸਬੰਧੀ ਹੋਏ ਸਮਾਗਮਾਂ ਵਿੱਚ ਅਯੁੱਧਿਆ ਵਿਖੇ ਵੀ ਵੱਧ ਚੜ੍ਹ ਕੇ ਭਾਗ ਲਿਆ ਅਤੇ ਦਿੱਲੀ ਵਿੱਚ ਵੀ ਨਾਮਧਾਰੀ ਸੰਗਤ ਵਹੀਰਾਂ ਘੱਟ ਕੇ ਪੁੱਜੇਗੀ। ਨਾਮਧਾਰੀ ਪੰਥਕ ਏਕਤਾ ਸੰਗਤ ਵੱਲੋਂ ਇਹ ਜਾਣਕਾਰੀ ਦੇਂਦਿਆਂ ਸੰਤ ਤੇਜਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਕੀਤਾ ਜਾ ਰਿਹਾ ਹੈ।
ਸੰਤ ਤੇਜਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਹਿੰਦੂ-ਸਿੱਖ ਏਕਤਾ ਦੇ ਮੰਤਵ ਨੂੰ ਮੁੱਖ ਰੱਖਦਿਆਂ ਹੋਇਆ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੋਧਿਆ ਵਿੱਖੇ ਰਾਮ ਨੋਮੀ ਦਾ ਪੁਰਬ ਹਿੰਦੂ ਭਰਾਵਾਂ ਨਾਲ ਮਿਲ ਕੇ ਮਨਾਇਆ ਗਿਆ ਹੈ। ਹਿਂਦੂ ਸਿੱਖ ਏਕਤਾ ਨੂੰ ਹੋਰ ਮਜਬੂਤ ਕਰਨ ਵਾਸਤੇ ਇਹ ਇਕ ਹੋਰ ਪਹਿਲ ਕਦਮੀ ਹੈ ਜਿਸ ਦਾ ਹਿੰਦੂ ਸੰਗਠਨਾਂ ਨੇ ਵੀ ਨਿੱਘਾ ਸਵਾਗਤ ਕੀਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਚਂਪਤ ਰਾਏ ਵੱਲੋਂ ਇਸਨੂੰ ਅੱਜ ਦੇ ਹਾਲਾਤ ਵਿੱਚ ਇੱਕ ਇਤਿਹਾਸਿਕ ਕਦਮ ਦੱਸਿਆ ਗਿਆ ਹੈ।
ਇਹਨਾਂ ਸਮਾਗਮਾਂ ਦਾ ਵੇਰਵਾ ਮੀਡੀਆ ਨੂੰ ਦੇਂਦਿਆਂ ਸੰਤ ਤਜਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਸੁਬਾ ਭਗਤ ਸਿੰਘ ਜੀ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਦੀ ਨਾਮਧਾਰੀ ਸੰਗਤਾਂ ਦਾ ਬਹੁਤ ਵੱਡਾ ਜੱਥਾ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਹਿੰਦੂ-ਸਿੱਖ ਏਕਤਾ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਯੋਧਿਆ ਵਿਖੇ ਰਾਮਨੌਮੀ ਪੁਰਬ ਮਨਾਉਣ ਲਈ ਪਹੁੰਚਿਆ। ਜਿੱਥੇ ਇਸ ਜੱਥੇ ਵੱਲੋ ਅੰਮ੍ਰਿਤ ਵੇਲੇ ਜਾਨਕੀ ਘਾਟ ਵਿਖੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ ਉਥੇ ਹੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਆਰਤੀ ਨਾਮਧਾਰੀ ਸਿੱਖਾਂ ਵੱਲੋਂ ਅਤੇ ਹਿੰਦੂ ਵੀਰਾਂ ਵੱਲੋ ਰਲ ਮਿਲ ਕੇ ਕੀਤੀ ਗਈ। ਹਿੰਦੂ ਵੀਰਾਂ ਵੱਲੋ ਅਯੋਧਿਆ ਰਾਮ ਮੰਦਰ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਗਏ। ਹਿੰਦੂ ਅੱਤੇ ਨਾਮਧਾਰੀ ਸਿੱਖਾਂ ਨੂੰ ਇਕੱਠਿਆਂ ਰਾਮਨੌਮੀ ਪੁਰਬ ਮਨਾਉਂਦੇ ਦੇਖ ਕੇ ਪਹੁੰਚੀ ਹੋਈ ਸਾਰੀ ਸੰਗਤ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਸੰਤ ਹਰਵਿੰਦਰ ਸਿੰਘ ਯੂ ਪੀ ਨੇ ਕਿਹਾ ਕਿ ਅਸੀ ਦੇਸ਼ ਅੰਦਰ ਸ਼ਾਂਤੀ ਚਾਹੁੰਦੇ ਹਾਂ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਅਸੀ ਭਾਰਤੀ ਆਪਸ ਵਿੱਚ ਮਿਲ ਕੇ ਰਹਾਂਗੇ। ਇਸ ਮੌਕੇ ਉਪਰ ਕਥਾ ਕਰਦੇ ਹੋਏ ਸ੍ਰੀ ਅਤੁਲ ਭਾਰਦਵਾਜ ਜੀ ਨੇ ਉਚੇਚੇ ਤੌਰ ਤੇ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਦੇਸ਼ ਲਈ ਕੀਤੀ ਕੁਰਬਾਨੀ ਦੀ ਬਹੁਤ ਹੀ ਸ਼ਲਾਘਾ ਕੀਤੀ ।
ਇਸ ਮੌਕੇ ਉਪਰ ਨਾਮਧਾਰੀ ਸਿੱਖਾਂ ਵੱਲੋ ਮੰਦਰ ਵਿਚ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਵੀ ਵੰਡੀਆਂ ਗਈਆਂ। ਜਿਸ ਨੂੰ ਹਿੰਦੂ ਵੀਰਾਂ ਨੇ ਖੁਸ਼ੀ ਨਾਲ ਪ੍ਰਾਪਤ ਕਰਕੇ ਨਮਸ਼ਕਾਰ ਕੀਤੀ।
ਨਾਮਧਾਰੀ ਸੰਗਤ ਵੱਲੋਂ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਹਜੂਰੀ ਵਿੱਚ ਹਿੰਦੂ-ਸਿੱਖ ਏਕਤਾ ਕਰਵਾਉਣ ਵਾਸਤੇ ਰਾਮਨੌਮੀ ਪੁਰਬ ਮਿਤੀ 9 ਅਪ੍ਰੈਲ 2017 ਨੂੰ ਸ਼ਾਮ 5 ਵਜੇ ਤੋ 9 ਵਜੇ ਤੱਕ ਨਵੀ ਦਿੱਲੀ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ।
No comments:
Post a Comment