ਪ੍ਰਸਿੱਧ ਸ਼ਖਸੀਅਤਾਂ ਨੇ ਕੀਤੀ ਸਪੈਸ਼ਲ ਸ਼ੋਅ ਵਿੱਚ ਉਚੇਚੀ ਸ਼ਿਰਕਤ
ਲੁਧਿਆਣਾ: 13 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੂੰਜੀਵਾਦ ਦੇ ਬੁਰਾਈਆਂ ਭਰੇ ਸਿਸਟਮ ਨਾਲ ਤਕਰੀਬਨ ਹਰ ਕਿਸੇ ਦੇ ਮਨ ਅੰਦਰ ਸਿਰਫ ਮੁਨਾਫ਼ਾ ਅਤੇ ਮੁਨਾਫ਼ਾ-ਬਸ ਇਹੀ ਭਾਰੂ ਹੋ ਗਿਆ। ਪੈਸਾ ਹੀ ਦੀਨ ਅਤੇ ਪੈਸਾ ਹੀ ਭਗਵਾਨ ਹੋ ਗਿਆ। ਇਸ ਸਵਾਰਥਾਂ ਭਰੀ ਸੋਚ ਨੇ ਬਹੁਤ ਸਾਰੀਆਂ ਤਬਾਹੀਆਂ ਲਿਆਂਦੀਆਂ ਜਿਹਨਾਂ ਨੇ ਪ੍ਰੇਮ, ਪਿਆਰ, ਰਿਸ਼ਤੇ ਨਾਤੇ, ਜਜ਼ਬਾਤ ਅਤੇ ਭਾਵੁਕਤਾ ਸਭ ਕੁਝ ਖਤਮ ਕਰ ਦਿੱਤਾ। ਇਸ ਨਾਲ ਘਰਾਂ ਦੇ ਘਰ ਟੁੱਟੇ। ਪਰਿਵਾਰ ਵੰਡੇ ਗਏ-ਸਮਾਜ ਵੰਡੇ ਗਏ। ਇਹਨਾਂ ਟੁੱਟ ਰਹੇ ਪਰਿਵਾਰਾਂ ਦਾ ਦਰਦ ਹੋਰ ਤਾਂ ਕਿਸੇ ਤੱਕ ਨਾ ਪਹੁੰਚਿਆ ਪਰ ਘਰਾਂ ਵਿਚਲੇ ਨੰਨ੍ਹੇਂ ਮੁੰਨੇ ਬੱਚਿਆਂ ਨੇ ਬੜੀ ਸ਼ਿੱਦਤ ਨਾਲ ਇਸ ਨੂੰ ਮਹਿਸੂਸ ਕੀਤਾ। ਇਸ ਸ਼ਿੱਦਤ ਨੇ ਹੀ ਕੀਤੀ ਟੁੱਟ ਰਹੇ ਘਰਾਂ ਅਤੇ ਪਰਿਵਾਰਾਂ ਨੂੰ ਬਚਾਉਣ ਦੀ ਚਮਤਕਾਰੀ ਪਹਿਲ। ਇਹ ਸਭ ਕੁਝ ਦਰਸਾਇਆ ਗਿਆ ਹੈ ਫਿਲਮ ਨੰਨ੍ਹਾ ਫਰਿਸ਼ਤਾ ਵਿੱਚ।
ਇੱਕ ਨੰਨ੍ਹਾ ਫਰਿਸ਼ਤਾ ਫਿਲਮ ਆਈ ਸੀ ਸਨ 1969 ਵਿੱਚ ਵਿੱਚ ਸੀ। ਵਿਜੇ ਇੰਟਰਨੈਸ਼ਨਲ ਦੀ ਇਸ ਫਿਲਮ ਵਿੱਚ ਬਹੁਤ ਹੀ ਯਾਦਗਾਰੀ ਕੰਮ ਕੀਤਾ ਸੀ---ਪ੍ਰਾਣ, ਅਜੀਤ, ਅਨਵਰ ਹੁਸੈਨ, ਬਲਰਾਜ ਸਾਹਨੀ, ਜਾਨੀ ਵਾਕਰ, ਕੁਕਰੀ, ਪਦਮਿਨੀ, ਬੇਬੀ ਰਾਣੀ ਅਤੇ ਕਈ ਹੋਰ ਕਲਾਕਾਰਾਂ ਨੇ। ਉਸ ਫਿਲਮ ਵਿੱਚ ਵੀ ਜਿਹੜੇ ਸੁਨੇਹੇ ਸਨ ਉਹਨਾਂ ਵਿੱਚ ਇੱਕ ਇਹ ਵੀ ਸੀ। ਦਹਾਕਿਆਂ ਪਹਿਲਾਂ ਆਈ ਇਹ ਫਿਲਮ ਲੋਕਾਂ ਨੂੰ ਭੁੱਲ ਭਲਾ ਗਈ ਅਤੇ ਸਮਾਜ ਨੇ ਜਿਹੜੀ ਤਰੱਕੀ ਕੀਤੀ ਉਸ ਵਿੱਚ ਪਰਿਵਾਰਾਂ ਦੇ ਝਗੜੇ ਅਤੇ ਵਖਰੇਵੇਂ ਵੱਧ ਗਏ। ਪੂੰਜੀਵਾਦ ਦੀਆਂ ਬੁਰਾਈਆਂ ਦੇ ਸਿੱਟੇ ਵੱਜੋਂ ਬਾਕੀ ਬਚਿਆ ਸਿਰਫ ਸਵਾਰਥ ਅਤੇ ਪੈਸੇ ਦਾ ਲਾਲਚ। ਹਰ ਰਿਸ਼ਤਾ, ਹਰ ਜਜ਼ਬਾਤ, ਹਰ ਅਹਿਸਾਸ ਖਰੀਦਣ ਦੀ ਸ਼ਰਮਨਾਕ ਕੋਸ਼ਿਸ਼ ਕੀਤੀ ਇਸ ਸਿਸਟਮ ਨੇ। ਇਹਨਾਂ ਨਵੇਂ ਹਾਲਾਤਾਂ ਨੂੰ ਮੁਖ ਰੱਖ ਕੇ ਹੀ ਬਣਾਈ ਗਈ ਨਵੀਂ ਫਿਲਮ ਨੰਨ੍ਹਾ ਫਰਿਸ਼ਤਾ। ਨਿਰਮਾਤਾ ਅਮਨ ਸੈਣੀ ਅਤੇ ਪੂਨਮ ਸ਼ਰਮਾ ਦੀ ਇਸ ਫਿਲਮ ਦੇ ਡਾਇਲਾਗ, ਸਕਰੀਨ ਪਲੇ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਨਿਭਾਈ ਹੈ ਭਗਵੰਤ ਸਿੰਘ ਕੰਗ ਨੇ। ਕਹਾਣੀ ਲਿਖਣ ਦੇ ਨਾਲ ਨਾਲ ਪਲੇ ਬੈਕ ਗੀਤ ਗਾਇਆ ਹੈ ਅਸ਼ੋਕ ਧੀਰ ਨੇ। ਰੋਹਣ ਸੈਣੀ ਨੇ ਨੰਨ੍ਹੇ ਫਰਿਸ਼ਤੇ ਦਾ ਰੋਲ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਸ਼ਾਇਦ ਬਾਕੀ ਸਭਨਾਂ ਤੋਂ ਜ਼ਿਆਦਾ ਜਾਨਦਾਰ। ਫਿਲਮ ਵਿੱਚ ਜਨਾਬ ਦਰਸ਼ਨ ਅਰੋੜਾ ਹੁਰਾਂ ਦੀ ਅਗਵਾਈ ਵਾਲੀ ਸਿਟੀਜ਼ਨ ਕੌਂਸਿਲ ਦੀ ਭੂਮਿਕਾ ਦਰਸਾ ਕੇ ਸਮਾਜਿਕ ਸੰਗਠਨਾਂ ਨੂੰ ਕੁਝ ਸਿਹਤਮੰਦ ਕੰਮ ਕਰਨ ਦਾ ਸ਼ਾਨਦਾਰ ਸੁਨੇਹਾ ਵੀ ਦਿੱਤਾ ਗਿਆ ਹੈ। ਜਗਦੀਪ ਸੰਧੂ, ਸਾਨੀਆ ਸਿੰਘ, ਸਿਦਕਪ੍ਰੀਤ ਅਤੇ ਏ ਪੀ ਮਲਿਕ ਨੇ ਵੀ ਯਾਦਗਾਰੀ ਭੂਮਿਕਾ ਨਿਭਾਈ। ਮੰਚ ਸੰਚਾਲਨ ਪ੍ਰਸਿੱਧ ਐਂਕਰ ਕਮਲੇਸ਼ ਗੁਪਤਾ ਨੇ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਕੀਤਾ ਜਿਸਦਾ ਅਸਰ ਹਰ ਵਾਰ ਜਾਦੂਈ ਹੁੰਦਾ ਹੈ।
No comments:
Post a Comment