ਵਿੱਦਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਵਿਰੁੱਧ ਸੰਘਰਸ਼ ਦੀ ਚੇਤਾਵਨੀ
ਲੁਧਿਆਣਾ: 14 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ (ਏ ਆਈ ਐਸ ਐਫ਼) ਵਲੋਂ ਅੱਜ ’ ਅਜੋਕੀ ਵਿਦਿੱਆ ਪ੍ਰਣਾਲੀ-ਦਸ਼ਾ ਅਤੇ ਚੁਣੌਤੀਆਂ’ ਵਿਸ਼ੇ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਭਰ ਦੇ ਵੱਖ ਵੱਖ ਕਾਲਜਾਂ ਵਿੱਚੋਂ ਵਿਦਿਆਰਥੀ ਆਂ ਅਤੇ ਵਿਦਿਅਰਥਣਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਗੋਸ਼ਟੀ ਵਿੱਚ ਵਿਦਿੱਆ ਦੇ ਹੋ ਰਹੇ ਵਪਾਰੀਕਰਨ, ਜਿਸਦੇ ਕਾਰਨ ਵੱਡੀ ਗਿਨਤੀ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਗੁੱਣਵੱਤਕ ਵਿਦਿੱਆ ਤੋਂ ਵਾਂਝੇ ਹੋ ਰਹੇ ਹਨ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਸਿੱਖਿਆ ਦੇ ਖੇਤਰ ਤੋਂ ਆਪਣਾ ਹੱਥ ਚੁੱਕ ਲਿਆ ਹੈ, ਜਿਸ ਕਰਕੇ ਨਿਜੀ ਖੇਤਰ ਵਿੱਚ ਸਕੂਲ ਤੇ ਕਾਲਜ ਖੁੱਲ੍ਹ ਗਏ ਹਨ ਅਤੇ ਵਿਸ਼ੇਸ਼ ਤੌਰ ਤੇ ਕਾਰਪੋਰੇਟ ਸੈਕਟਰ ਵਿੱਦਿਆ ਦੇ ਖੇਤਰ ਵਿੱਚ ਦਾਖਲ ਹੋ ਗਿਆ ਹੈ। ਇਸ ਕਾਰਨ ਫ਼ੀਸਾਂ ਬਹੁਤ ਵੱਧ ਗਈਆਂ ਹਨ ਤੇ ਵਿਦਿੱਆ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਰਹੀ। ਇਹ ਦੁਖ ਦੀ ਗੱਲ ਹੈ ਕਿ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਸਕੂਲੀ ਕਿਤਾਬਾਂ ਵਿੱਚ ਰੂੜ੍ਹੀਵਾਦੀ ਵਿਚਾਰ ਪਾਏ ਜਾ ਰਹੇ ਹਨ, ਜਿਸਦੇ ਦੂਰਰਸੀ ਭਿਆਨਕ ਪ੍ਰਭਾਵ ਪੈਣਗੇ।
ਜੱਥੇਬੰਦੀ ਵਲੋਂ ਉਕਤ ਮਸਲਿਆਂ ਬਾਰੇ ਲੰਮੀ ਵਿਚਾਰ ਚਰਚਾ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਦੇ ਇਸ ਵਿਕਾਸ ਵਿਰੋਧੀ ਵਰਤਾਰੇ ਵਿਰੁੱਧ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਉਕਤ ਮੰਗਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਜਿਵੇਂ ਕਿ ਬੱਸਾਂ ਦੇ ਪਾਸ ਦੀ ਸੁਵਿਧਾ ਜੋ ਕਿ ਪ੍ਰਾਈਵੇਟ ਬੱਸਾਂ ਵਿੱਚ ਵੀ ਲਾਗੂ ਹੋਵੇ; ਵਿਦਿਆਰਥਣਾ ਦੀ ਸੁੱਰਖਿਆ ਦੇ ਸਵਾਲ ਅਤੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਦੀਆਂ ਢੁਕਵੀਆਂ ਸਹੂਲਤਾਂ ਤੇ ਮਾਹੌਲ ਸੰਬੰਧੀ ਵੀ ਵਿਸਤਾਰਤ ਵਿਚਾਰ ਚਰਚਾ ਕੀਤੀ ਗਈ। ਇਹਨਾਂ ਸਮੂਚੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਛੇਤੀ ਹੀ ਜ਼੍ਹਿਲੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਹ ਮੌਕੇ ਸਮੂਹ ਬੁਲਾਰਿਆਂ ਦਾ ਤਰਕ ਸੀ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਸੂਰਤ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਸੰਘਰਸ਼ ਵਿਢਿੱਆ ਜਾਵੇਗਾ। ਬੁਲਾਰਿਆਂ ਨੇ ਪ੍ਰਈਵੇਟ ਸਕੂਲਾਂ ਦੀਆਂ ਵੱਧ ਫ਼ੀਸਾਂ ਅਤੇ ਹੋਰ ਖਰਚਿਆਂ ਵਿਰੁੱਧ ਮਾਪਿਆਂ ਵਲੋਂ ਚੱਲਾਏ ਜਾ ਰਹੇ ਅੰਦੋਲਨ ਦਾ ਸਮਰਥਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਦੀਪਕ, ਸੁਲਤਾਨਾ ਮਲਿਕ, ਅਜੈ, ਰਾਕੇਸ਼, ਮਨਪ੍ਰੀਤ ਕੌਰ, ਰੀਨਾ, ਯਾਸਮੀਨ, ਕਨਿਕਾ, ਹਰਸ਼, ਵਿਸ਼ਨੂ, ਲਵਕੇਸ਼ ਅਤੇ ਰੀਆ ਨੇ ਵਿਚਾਰ ਸਾਂਝੇ ਕੀਤੇ। ਇਸ ਗੋਸ਼ਟੀ ਦੇ ਸੰਚਾਲਨ ਲਈ ਸੁਲਤਾਨਾ ਮਲਿਕ, ਦੀਪਕ ਕੁਮਾਰ, ਮਨਪ੍ਰੀਤ ਕੌਰ, ਰੀਨਾ ਸ਼ਰਮਾ, ਕਨਿਕਾ ਅਤੇ ਹਰਸ਼ ਕੁਮਾਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਬਣਾਇਆ ਗਿਆ।
No comments:
Post a Comment