Tue, Aug 30, 2016 at 12:36 PM
ਇਸ ਵਿੱਚ ਹੋਵੇਗਾ ਕੇਵਲ ਬੱਚਿਆ ਵੱਲੋਂ ਰਚਿਆ ਗਿਆ ਸਾਹਿਤ
ਲੁਧਿਆਣਾ: 30 ਅਗਸਤ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅਣੂ ਦਾ ਇੱਕ ਆਪਣਾ ਇਤਿਹਾਸ ਹੈ। ਜਦੋਂ ਪੰਜਾਬੀ ਪਰਚੇ ਆਰਥਿਕ ਕਾਰਨਾਂ ਕਰਕੇ ਬੰਦ ਹੋ ਰਹੇ ਸਨ, ਜਦੋਂ ਬਹੁਤ ਸਾਰੇ ਪਰਚਿਆਂ ਨੇ ਦਹਿਸ਼ਤ ਕਾਰਨ ਆਪਣਾ ਪ੍ਰਕਾਸ਼ਨ ਬੰਦ ਕਰ ਦਿੱਤਾ ਸੀ, ਜਦੋਂ ਬਹੁਤ ਸਾਰੀਆਂ ਪੱਤ੍ਰਿਕਾਵਾਂ ਨੇ ਖੁਦ ਹੀ ਖੁਦ ਨੂੰ ਨਵੀਂ ਤਕਨੀਕ ਦੇ ਸਾਹਮਣੇ ਹਾਰਿਆ ਹੋਇਆ ਮਹਿਸੂਸ ਕਰਕੇ ਦਮ ਤੋੜ ਦਿੱਤਾ ਸੀ ਉਦੋਂ ਵੀ ਅਣੂ ਜਾਰੀ ਰਿਹਾ। ਇਹ ਬਾਜ਼ ਵਾਂਗ ਹਨੇਰੀਆਂ ਵਿੱਚ ਵੀ ਹਵਾਵਾਂ 'ਤੇ ਸਵਾਰ ਹੋ ਕੇ ਹਵਾ ਦਾ ਰੁੱਖ ਬਦਲਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਫਿਰਕੂ ਦਹਿਸ਼ਤ ਅਤੇ ਸਰਕਾਰੀ ਵਧੀਕੀਆਂ ਦਾ ਵਿਰੋਧ ਆਪਣੇ ਕਲਾਤਮਕ ਢੰਗ ਨਾਲ ਕਰਦਾ ਰਿਹਾ। ਚਾਰ ਦਹਾਕਿਆਂ ਤੋਂ ਵਧੇਰੇ ਸਮਾਂ ਪ੍ਰਕਾਸ਼ਨ ਕਰਕੇ ਵੀ ਕਦੇ ਸਰਕਾਰ ਕੋਲੋਂ ਇਸ਼ਤਿਹਾਰ ਨਹੀਂ ਮੰਗਿਆ, ਪ੍ਰੈਸ ਵਾਲਾ ਕਾਰਡ ਨਹੀਂ ਮੰਗਿਆ, ਕਿਸੇ ਕੋਲੋਂ ਚੰਦਾ ਤੱਕ ਵੀ ਨਹੀਂ ਮੰਗਿਆ। ਮਸਤ ਚਾਲੇ ਚਲਦਾ ਅਣੂ ਲਗਾਤਾਰ ਅਨਮੋਲ ਰਚਨਾਵਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰ ਕਰ ਰਿਹਾ ਹੈ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਵਾਲੀ ਕਹਾਵਤ ਤੋਂ ਵੀ ਉੱਪਰ ਉੱਠ ਕੇ ਕੇਵਲ ਆਮ ਲੋਕਾਂ ਨਾਲ ਪ੍ਰਤੀਬੱਧਤਾ ਨਿਭਾਉਣ ਵਾਲਾ ਅਣੂ ਹਰ ਵਾਰ ਪਾਠਕਾਂ ਨੂੰ ਕੁਝ ਨਵਾਂ ਦੇ ਕੇ ਜਾਂਦਾ ਹੈ। ਇਸ ਵਾਰ ਤਿਆਰੀ ਹੈ ਬਾਲ ਸਾਹਿਤ ਬਾਰੇ ਵਿਸ਼ੇਸ਼ ਅੰਕ ਦੀ।
ਪਿਛਲੇ 45 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਹੀ ਮਿੰਨੀ ਪੱਤਿ੍ਰਕਾ ਅਣੂ ਦਾ ਅਗਾਮੀ ਵਿਸ਼ੇਸ਼ ਅੰਕ ‘ਬਾਲ ਰਚਿਤ ਬਾਲ ਸਾਹਿਤ’ ਹੋਵੇਗਾ। ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਵਿਸ਼ੇਸ਼ ਅੰਕ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਕੇਵਲ ਬੱਚਿਆ ਦੁਆਰਾ ਰਚਿਆ ਗਿਆ ਸਾਹਿਤ ਜਿਵੇਂ ਕਹਾਣੀਆਂ, ਕਵਿਤਾਵਾਂ, ਲੇਖ, ਗਲਬਾਤ ਆਦਿ ਹੋਵੇਗੀ। ਉਮੀਦ ਕਰਨੀ ਬਣਦੀ ਹੈ ਕਿ ਇਸ ਵਿਸ਼ੇਸ਼ ਅੰਕ ਵਾਲੇ ਉਪਰਾਲੇ ਨਾਲ ਬਾਲ ਲਿਖਾਰੀਆਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਵੇਗੀ ਜਿਹੜੀ ਬਾਲ ਮਨਾਂ ਦੇ ਦਰਦ, ਬਾਲ ਮਨਾਂ ਦੀਆਂ ਉਮੰਗਾਂ ਅਤੇ ਬਾਲ ਮਨਾਂ ਦੇ ਨਿਸ਼ਾਨਿਆਂ ਨੂੰ ਵਡੀ ਉਮਰ ਵਿੱਚ ਬਣੇ ਬਾਲ ਲਿਖਾਰੀਆਂ ਨਾਲੋਂ ਜ਼ਿਆਦਾ ਸਮਝਦੀ ਹੋਵੇਗੀ। ਅਣੂ ਦੇ ਇਸ ਉੱਦਮ ਨੂੰ ਸਲਾਮ। ਰਚਨਾਵਾਂ ਸੰਪਾਦਕ ਅਣੂ, 234, ਐਫ਼, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141013 ਦੇ ਪਤੇ ’ਤੇ ਭੇਜੀਆਂ ਜਾਣ।
No comments:
Post a Comment