Friday, August 12, 2016

ਸਿਰਦਾਰ ਕਪੂਰ ਸਿੰਘ ਹੁਰਾਂ ਦੀ ਬਰਸੀ ਮੌਕੇ ਸੈਮੀਨਾਰ 13 ਅਗਸਤ ਨੂੰ

Fri, Aug 12, 2016 at 4:52 PM
ਵਿਚਾਰ ਗੋਸ਼ਟੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ 'ਚ 
ਲੁਧਿਆਣਾ: 12 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਸਿਆਸੀ ਅਤੇ ਮਜ਼ਹਬੀ ਵਿਰੋਧਾਂ ਦੇ ਬਾਵਜੂਦ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਦਾ ਕੱਦ ਹਮੇਸ਼ਾਂ ਉੱਚਾ ਰਿਹਾ। ਉਹਨਾਂ ਦੀਆਂ ਦਲੀਲਾਂ ਅਤੇ ਸਰਗਰਮੀਆਂ ਅਕਸਰ ਚਰਚਾ ਵਿੱਚ ਰਹੀਆਂ। ਉਹਨਾਂ ਦੀਆਂ ਲਿਖਤਾਂ ਨੇ ਜਲੇਬੀ ਵਰਗੇ ਸਿਆਸੀ ਆਗੂਆਂ ਨੂੰ ਵੀ ਲਾਜਵਾਬ ਕਰਕੇ ਚੱਕਰ ਵਿਚ ਪਾਈ ਰੱਖਿਆ। 
ਸਿਰਦਾਰ ਕਪੂਰ ਸਿੰਘ ਆਈ. ਸੀ. ਐਸ 2 ਮਾਰਚ 1909 ਨੂੰ ਇਸ ਦੁਨੀਆ ਵਿਚ ਆਏ ਅਤੇ 13 ਅਗਸਤ, 1986 ਨੂੰ ਰੁਖਸਤ ਹੋ ਗਏ। ਸਿੱਖ ਜਗਤ ਵਿੱਚ ਉਹ ਇੱਕ ਪ੍ਰਸਿੱਧ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਰਗਰਮ ਸੰਸਦ ਮੈਂਬਰ ਸਨ। ਇਸ ਮਹਾਨ ਬੁੱਧੀਜੀਵੀ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਿਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ।
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।
ਦੇਸ਼ ਦੀ ਆਜ਼ਾਦੀ ਪਿੱਛੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾ ਚਿੰਤਤ ਰਹਿੰਦੇ ਸਨ। ਪੰਜਾਬ ਦੇ ਗਵਰਨਰ ਨੇ 10 ਅਕਤੂਬਰ 1947 ਨੂੰ ਇੱਕ ਗਸ਼ਤੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ, ਜਿਸ ਵਿੱਚ ਸਿੱਖਾਂ ਨੂੰ ਮੁਜਰਮਾਨਾ ਬਿਰਤੀ ਦੇ ਆਖ ਕੇ ਇਨ੍ਹਾਂ ਦੀਆਂ ਸਰਗਰਮੀਆਂ ਦਾ ਧਿਆਨ ਰੱਖਣ ਲਈ ਕਿਹਾ ਗਿਆ। ਇਸ ਪੱਤਰ ਨੇ ਸਿਰਦਾਰ ਕਪੂਰ ਸਿੰਘ ਜੋ ਉਸ ਸਮੇ ਡਿਪਟੀ ਕਮਿਸ਼ਨਰ ਨਿਯੁਕਤ ਸਨ ਦੇ ਹਿਰਦੇ 'ਤੇ ਡੂੰਘੀ ਸੱਟ ਮਾਰੀ। ਆਪ ਨੇ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਸਿੱਟੇ ਵਜੋਂ ਸਿਰਦਾਰ ਕਪੂਰ ਸਿੰਘ ਉੱਪਰ ਮੁਕੱਦਮਾ ਚਲਾਇਆ ਗਿਆ। ਇਸ ਤੋਂ ਪਿੱਛੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ 1952 ਈ: ਵਿੱਚ ਬਹੁ ਵਿਸਥਾਰ ਅਤੇ ਪੁੰਦਰੀਕ ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ। 'ਸਪਤ ਸ੍ਰਿੰਗ' ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਅੰਗਰੇਜ਼ੀ ਪੁਸਤਕ [ਪਰਾਸਰ ਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ]] ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ। ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਵਿਖੇ ਸਦੀਵੀ ਵਿਛੋੜਾ ਦੇ ਗਏ।
ਉਹਨਾਂ ਦੇ ਤੁਰ ਜਾਣ ਮਗਰੋਂ ਵੀ ਉਹਨਾਂ ਦੀ ਚਰਚਾ ਜਾਰੀ ਹੈ। ਡੇਲੀ ਸਿੱਖ ਨਿਊਜ਼ ਵਰਲਡ ਸਿੱਖ ਫੈਡਰੇਸ਼ਨ ਵਿੱਚ ਉੱਘੇ ਪੱਤਰਕਾਰ ਜਸਪਾਲ ਸਿੰਘ ਹੇਰਾਂ ਨੇ ਲਿਖਿਆ:-
ਬੱਕਰੇ ਬਥੇਰੀਆਂ ਕੁਰਬਾਨੀਆਂ ਦਿੰਦੇ ਹਨ, ਕਦੇ ਬਕਰਿਸਤਾਨ ਵੀ ਬਣਿਆ ਸੁਣਿਆ ਹੈ?

ਅਕਾਲੀਆਂ ਵੱਲੋਂ ਸਿੱਖਾਂ ਨੂੰ ਫੋਕੇ ਨਾਅਰਿਆਂ ਵਿੱਚ ਉਲਝਾ ਕੇ ਅਤੇ ਲੱਖਾਂ ਦੀ ਤਾਦਾਦ ਵਿੱਚ ਮੁੜ-ਮੁੜ ਕੈਦ ਕਰਵਾਈ ਅਤੇ ਮਰਵਾਈ ਜਾਣ ਨੂੰ ਸਰਦਾਰ ਸਾਹਿਬ ਅਕਲਮੰਦ ਸਿਆਸਤ ਨਹੀਂ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ”ਸਪਸ਼ੱਟ ਮਨੋਰਥਾਂ ਨੂੰ ਸਾਹਮਣੇ ਰੱਖ ਕੇ ਹੀ ਕੋਈ ਲੜਾਈ ਲੜੀ ਜਾਣੀ ਯੋਗ ਹੁੰਦੀ ਹੈ। ਉਹ ਵਿਅੰਗ ਨਾਵ ਕਹਿ ਛੱਡਦੇ ਹੁੰਦੇ ਸਨ ਕਿ ਬੱਕਰੇ ਬਥੇਰੀਆਂ ਕੁਰਬਾਨੀਆਂ ਦਿੰਦੇ ਹਨ, ਕਦੇ ਬਕਰਿਸਤਾਨ ਵੀ ਬਣਿਆ ਸੁਣਿਆ ਹੈ?”

ਜਿਤਨਾ ਨੁਕਸਾਨ ਇੰਨਾਂ ਅਕਾਲੀ ਲੀਡਰਾਂ ਨੇ ਸਿੱਖੀ ਦਾ ਕੀਤਾ ਕਿਸੇ ਨੇ ਨਹੀਂ ਕੀਤਾ 
ਮੈਂ ਇਨ੍ਹਾਂ ਅਕਾਲੀ ਲੀਡਰਾਂ ਵਿੱਚ ਜ਼ਿੰਦਗੀ ਦੇ ਚਾਲੀ ਸਾਲ ਗੁਜਾਰੇ ਹਨ। ਇਹ ਥੋੜ੍ਹਾ ਸਮਾਂ ਨਹੀਂ, ਮੇਰਾ ਇਹ ਨਿਚੋੜ ਹੈ ਕਿ ਉਤਨਾ ਨੁਕਸਾਨ ਸਿੱਖੀ ਦਾ ਦੁਸ਼ਮਣ ਨਹੀਂ ਕਰਾ ਸਕੇ ਜਿਤਨਾ ਨੁਕਸਾਨ ਇੰਨਾਂ ਅਕਾਲੀ ਲੀਡਰਾਂ ਨੇ ਸਿੱਖੀ ਦਾ ਕੀਤਾ ਹੈ
ਸੰਤ ਭਿੰਡਰਾਂਵਾਲਿਆਂ ਦੀ ਹੋਣੀ ਬਾਰੇ ਭਵਿੱਖਬਾਣੀ 
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਚੜਾਈ ਦੇ ਦਿਨਾਂ ਵਿੱਚ ਸਰਦਾਰ ਸਾਹਿਬ ਸਾਨੂੰ ਇਹੋ ਹੀ ਕਹਿੰਦੇ ਕਿ ”ਮੁੰਡਿਓ ਤੁਸੀਂ ਐਵੇਂ ਉਮੀਦਾਂ ਲਾਈ ਫਿਰਦੇ ਹੋ ਇਨ੍ਹਾਂ ਲੀਡਰਾਂ ਨੇ ਉਸ (ਭਿੰਡਰਾਂਵਾਲੇ) ਨੂੰ ਸਰਕਾਰ ਨਾਲ ਮਿਲ ਕੇ ਮਰਵਾ ਦੇਣਾ ਹੈ, ਉਹ ਤਾਂ ਇਕੱਲਾ ਹੀ ਹੈ।” ਭਵਿੱਖ ਬਾਣੀ ਉਨ੍ਹਾਂ ਦੀ ਬਿਲਕੁਲ ਠੀਕ ਸਾਬਤ ਹੋਈ।
ਤੁਸੀਂ ਸਾਰੇ ਫਾਹਾ ਲੈ ਲਉ
ਜਦੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਕੁਝ ਅਕਾਲੀ ਲੀਡਰ ਸਰਦਾਰ ਸਾਹਿਬ ਨੂੰ ਮਿਲਣ ਇਨ੍ਹਾਂ ਦੇ ਪਿੰਡ ਜਗਰਾਉ ਗਏ ਅਤੇ ਪੁੱਛਣ ਲੱਗੇ ਕਿ ਹੁਣ ਕੀ ਕਰੀਏ ਤਾਂ ਉਨ੍ਹਾਂ ਨੇ ਜੇਬ ਵਿੱਚੋਂ 100 ਰੁਪਏ ਦਾ ਨੋਟ ਕੱਢ ਕੇ ਕਿਹਾ ਕਿ ਆਹ ਪੈਸੇ ਲੈ ਜਾਓ ਅਤੇ ਬਜ਼ਾਰ ਵਿੱਚੋਂ ਰੱਸਾ ਲੈ ਆਓ ਅਤੇ ਇਸ ਦਰੱਖਤ ਨਾਲ ਲਟਕ ਕੇ ਤੁਸੀਂ ਸਾਰੇ ਫਾਹਾ ਲੈ ਲਉ, ਬਾਅਦ ਵਿੱਚ ਪੰਥ ਦਾ ਆਪੇ ਕੁਝ ਬਣ ਜਾਵੇਗਾ।
ਅਕਾਲੀ ਲੀਡਰਾਂ ਦੇ ਕਿਰਦਾਰ ਬਾਰੇ ਟਿੱਪਣੀ
ਅਕਾਲੀ ਲੀਡਰਾਂ ਦੇ ਕਿਰਦਾਰ ਤੇ ਟਿੱਪਣੀ ਕਰਦੇ ਹੋਏ ਅਕਸਰ ਸਰਦਾਰ ਸਾਹਿਬ ਕਹਿੰਦੇ ਸਨ ”ਇਨ੍ਹਾਂ ਹਰਾਮਜਾਏ ਗਧੇ ਲੀਡਰਾਂ ਨੇ ਤਾਂ ਪੰਥ ਨੂੰ ਖੂਹ ਵਿੱਚ ਸੁੱਟ ਕੇ ਮਾਰਨੋਂ ਕੋਈ ਕਸਰ ਨਹੀਂ ਛੱਡੀ ਪਰ ਗੁਰੂ ਕਲਗੀਆਂ ਵਾਲਾ ਆਪ, ਬਹੁੜੀ ਕਰਕੇ ਪੰਥ ਨੂੰ ਬਚਾਏਗਾ।”
ਲਾਲਾ ਜਗਤ ਨਰਾਇਣ ਬਾਰੇ ਟਿੱਪਣੀ
ਲਾਲਾ ਜਗਤ ਨਰਾਇਣ ਦੀ ਮੌਤ ਤੇ ਟਿੱਪਣੀ ਕਰਦੇ ਹੋਏ ਸਿਰਦਾਰ ਸਾਹਿਬ ਨੇ ਕਿਹਾ ਸੀ ”ਬੜਾ ਲੋਹੜਾ ਹੋਇਆ ਹੈ, ਇੰਜ ਨਹੀਂ ਸੀ ਹੋਣਾ ਚਾਹੀਦਾ। ਸਿੱਖ ਤਾਂ ਇਸ ਬੰਦੇ ਦੇ ਦੇਣਦਾਰ ਹਨ, ਜਿਸ ਨੇ ਸਿੱਖਾਂ ਨੂੰ ਜਗਾਇਆ ਹੈ।” ਇਕ-ਦੋ ਵਾਰ ਉਨ੍ਹਾਂ ਨੇ ਬਹੁਤ ਮਾੜਾ ਹੋਇਆ, ਬੇਹੱਦ ਮਾੜਾ ਹੋਇਆ ਲਫਜ਼ ਦੁਹਰਾਏ।
ਸੇਖੋਂ ਨੇ ਸਿੱਖ ਵਿਦਿਆਰਥੀਆਂ ਨੂੰ ਇਨਕਲਾਬ ਦੀ ਇੱਲਤ ਲਾ ਕੇ ਮੁਜਰਮਾਨਾ ਕਹਿਰ ਕਮਾਇਆ
ਸਰਦਾਰ ਸਾਹਿਬ ਦਾ ਕਹਿਣਾ ਸੀ, ”ਸੇਖੋਂ ਇਕ ਜ਼ਹੀਮ ਆਦਮੀ ਹੈ ਅਤੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਇਸ ਕੱਲੇ ਬੰਦੇ ਨੇ ਕੀਤਾ ਹੈ। ਉਨ੍ਹਾਂ ਦਾ ਖਿਆਲ ਸੀ ਕਿ ਜਿਨ੍ਹਾਂ ਸਾਲਾਂ ਵਿੱਚ ਸਿੱਖਾਂ ਨੂੰ ਆਪਣੀ ਹੋਣੀ ਘੜਨ ਲਈ ਵਿਆਪਕ ਨੌਜਵਾਨ ਆਧਾਰ ਦੀ ਲੋੜ ਸੀ। ਸੇਖੋਂ ਨੇ ਸਿੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਕਲਾਬ ਦੀ ਇੱਲਤ ਲਾ ਕੇ ਸਿੱਖੀ ਤੋਂ ਬੇਮੁੱਖ ਕਰਨ ਦਾ ਮੁਜਰਮਾਨਾ ਕਹਿਰ ਕਮਾਇਆ ਹੈ।
ਸਿੱਖ ਨੌਜਵਾਨਾਂ ਨੂੰ ਸਲਾਹ 
ਸਿੱਖ ਨੌਜਵਾਨਾਂ ਨੇ ਅਕਸਰ ਇਹ ਪੁੱਛਣਾ ”ਸਰਦਾਰ ਸਾਹਿਬ, ਦੱਸੋ ਅਸੀਂ ਕੀ ਕਰੀਏ।” ਉਨ੍ਹਾਂ ਕਹਿਣਾ ਤਿੰਨ ਬੱਬਿਆਂ (ਬਾਦਲ, ਬਰਨਾਲਾ, ਬਲਵੰਤ) ਅਤੇ ਤਿੰਨ ਟੈਂਕਿਆਂ (ਟੌਹੜਾ, ਤਲਵੰਡੀ, ਤੂੜ) ਤੋਂ ਪੰਥ ਦਾ ਖਹਿੜਾ ਛੁਡਵਾ ਦਿਓ, ਬੱਸ ਤੁਹਾਡੇ ਜਿੰਮੇ ਇਹੀ ਕੰਮ ਹੈ।”
ਅਜਿਹਾ ਕੋਈ ਸਰਕੂਲਰ ਜਾਰੀ ਹੀ ਨਹੀਂ ਹੋਇਆ-ਸੂਹੀ ਸਵੇਰ 
ਸਿੱਖ ਇੱਕ ਜਰਾਇਮ ਪੇਸ਼ਾ ਕੌਮ ਦੇ ਜ਼ਿਕਰ ਵਾਲੇ ਜਿਸ ਬਹੁਚਰਚਿੱਤ ਸਰਕੂਲਰ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਉਸ ਬਾਰੇ ਸੂਹੀ ਸਵੇਰ ਦਾ ਕਹਿਣਾ ਹੈ ਕਿ ਅਸਲ ਵਿੱਚ ਅਜਿਹਾ ਕੋਈ ਸਰਕੂਲਰ ਜਾਰੀ ਹੀ ਨਹੀਂ ਹੋਇਆ।
ਸੂਹੀ ਸਵੇਰ ਨੇ ਲਿਖਿਆ ਹੈ-ਜਿਸ ਸਰਕੂਲਰ ਬਾਰੇ ਮੰਤਰੀ ਮੰਡਲ ਅਣਜਾਣ ਹੋਏ, ਜਿਸਦੀ ਕਾਪੀ ਸਰਕਾਰੀ ਜਾਂ ਗੈਰ ਸਰਕਾਰੀ ਰਿਕਾਰਡ ਵਿੱਚੋਂ ਲੱਭਦੀ ਨਾਂ ਹੋਏ, ਜਿਸਦੀ ਨਕਲ ਸਿਰਦਾਰ ਕਪੂਰ ਸਿੰਘ ਖੁਦ ਵੀ ਸਾਂਭ ਕੇ ਨਾਂ ਰੱਖ ਸਕਿਆ ਹੋਏ, ਉਸਦੀ ਵੁੱਕਤ ਹੀ ਕੀ ਰਹਿ ਜਾਂਦੀ ਹੈ।
ਮੁੱਕਦੀ ਗੱਲ, ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਦਾ ਕਥਨ ਵਜ਼ਨਦਾਰ ਨਹੀ ਹੈ। ਸਿਰਦਾਰ ਕਪੂਰ ਸਿੰਘ ਜੀ ਨੇ ਖੁਦ ਵੀ ਇਹ ਲਫਜ਼ ਕਿਸੇ ਲਿਖਤ ਵਿੱਚ ਨਹੀ ਵਰਤਿਆ। ਸਿੱਖ ਆਗੂਆਂ ਅਤੇ ਬੁੱਧੀਜੀਵੀਆਂ ਨੇ ਆਪੋ ਆਪਣਾ ਉੱਲੂ ਸਿੱਧਾ ਕਰਨ ਲਈ ਤੱਥਾਂ ਨੂੰ ਤਰੋੜ ਮਰੋੜ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਵਾਲੀ ਧਾਰਨਾ ਪ੍ਰਚਲਿਤ ਕਰ ਰੱਖੀ ਹੈ। ਆਮ ਸਿੱਖਾਂ ਨੇ ਵੀ ਬਿਨਾਂ ਕਿਸੇ ਘੋਖ ਪੜਤਾਲ ਦੇ ਇਸ ਨੂੰ ਸੱਚ ਮੰਨਿਆ ਹੋਇਆ ਹੈ। ਜਿਸਦੇ ਬੜੇ ਭਿਆਨਕ ਨਤੀਜੇ ਨਿਕਲੇ ਹਨ। ਭਵਿੱਖ ਵਿੱਚ ਐਸੀਆਂ ਗਲਤ ਕਥਨੀਆਂ ਤੋਂ ਬਚਣ ਲਈ ਸਾਨੂੰ ਉਡਦੀਆਂ ਦੇ ਮਗਰ ਲੱਗਣ ਦੀ ਬਜਾਇ ਤੱਥਾਂ ਦੀ ਪੜਤਾਲ ਕਰਕੇ ਹੀ ਕੋਈ ਨਤੀਜਾ ਕੱਢਣ ਦੀ ਪਿਰਤ ਪਾਉਣੀ ਚਾਹੀਦੀ ਹੈ।
ਸਿਰਦਾਰ ਕਪੂਰ ਸਿੰਘ ਹੁਰਾਂ ਦੀ ਯਾਦ ਵਿੱਚ ਸੈਮੀਨਾਰ 
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵੱਲੋਂ ਸਿਰਦਾਰ ਕਪੂਰ ਸਿੰਘ ਹੁਰਾਂ ਦੀ ਬਰਸੀ ਮੌਕੇ ਇੱਕ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਸੈਮੀਨਾਰ ਦੇ ਰੂਪ ਵਿੱਚ ਹੋਵੇਗਾ।  ਇਹ ਸੈਮੀਨਾਰ ਸਵੇਰੇ 10;30 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ ਇੱਕ ਵਜੇ ਤੱਕ ਚੱਲੇਗਾ। ਗੁਰਦਵਾਰਾ ਸਾਹਿਬ ਵੱਲੋਂ ਇਹ ਜਾਣਕਾਰੀ ਦੇਂਦਿਆਂ ਜੇ ਐਸ ਸੰਧੂ ਹੁਰਾਂ ਨੇ ਸਾਰੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।  ਇਸ ਮੌਕੇ ਤੇ ਮੁੱਖ ਬੁਲਾਰੇ ਹੋਣਗੇ ਡਾਕਟਰ ਗੁਰਮੀਤ ਸਿੰਘ, ਡਾਕਟਰ ਸੁਖਦਿਆਲ ਸਿੰਘ, ਜਸਟਿਸ ਸਤਪਾਲ ਬਾਂਗੜ ਅਤੇ ਸਰਦਾਰ ਬੀਰ ਦਵਿੰਦਰ ਸਿੰਘ। 

No comments: