Thu, May 12, 2016 at 7:23 PM
ਬੀਹਾਈਵ ਥਿਏਟਰ ਗਰੁੱਪ ਦੇ ਕਲਾਕਾਰਾਂ ਨੇ ਦਿਖਾਏ ਕਲਾ ਦੇ ਕਮਾਲ
ਲੁਧਿਆਣਾ: 12 ਮਈ 2016: (ਪੰਜਾਬ ਸਕਰੀਨ ਬਿਊਰੋ) :
ਬੀਹਾਈਵ ਥੀਏਟਰ ਗਰੁੱਪ ਵੱਲੋਂ ਸਥਾਨਕ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗ ਮੰਚ ਦੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਲੋਹਾ ਕੁੱਟ’ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਵਿਚ ਲੇਖਕ ਨੇ ਇਕ ਲੁਹਾਰ ਦੇ ਜੀਵਨ ਨੰੂ ਪੇਸ਼ ਕੀਤਾ ਸੀ, ਜਿਸ ਵਿਚ ਉਸ ਦੀਆਂ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਹਾਲਤਾਂ ਨੰੂ ਇਸ ਢੰਗ ਨਾਲ ਦਰਸਾਇਆ ਗਿਆ ਕਿ ਇਹ ਨਾਟਕ ਆਮ ਵਿਅਕਤੀ ਦੇ ਜੀਵਨ ਦੀ ਧਾਰਾ ਬਣ ਕੇ ਉਭਰਿਆ। ਨਾਟਕ ਦੀ ਪੇਸ਼ਕਾਰੀ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਆਤਮ ਨਗਰ ਕਾਂਗਰਸ ਦੇ ਇੰਚਾਰਜ ਕੁਲਵੰਤ ਸਿੰੰਘ ਸਿੱਧੂ ਨੇ ਸ਼ਮਾ ਰੌਸ਼ਨ ਕਰਦਿਆਂ ਦਰਸ਼ਕਾਂ ਨੰੂ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਨਾਟਕ ਜੀਵਨ ਇਕ ਅਹਿਮ ਹਿੱਸਾ ਹੈ, ਹਰ ਵਿਅਕਤੀ ਜ਼ਿੰਦਗੀ ਦੇ ਵਿਚ ਆਪੋ ਆਪਣਾ ਰੋਲ ਅਦਾ ਕਰਕੇ ਇਸ ਦੁਨੀਆ ਤੋਂ ਤੁਰ ਜਾਂਦਾ ਹੈ। ਉਨ੍ਹਾਂ ਬੀਹਾਈਵ ਥਿਏਟਰ ਗਰੁੱਪ ਦੇ ਕਲਾਕਾਰਾਂ ਨੰੂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੁਣ ਜਦੋਂ ਸੋਸ਼ਲ ਮੀਡੀਏ ਦੇ ਯੁੱਗ ਵਿਚ ਆਮ ਵਿਅਕਤੀ ਕੋਲ ਨਾਟਕ ਸਿੱਖਣ ਦਾ ਸਮਾਂ ਨਹੀਂ ਤੇ ਇਹ ਗਰੁੱਪ ਲੋਕਾਂ ਨੂੰ ਰੰਗ ਮੰਚ ਨਾਲ ਜੋੜ ਕੇ ਸਾਨੂੰ ਆਪਣੇ ਮਾਣਮੱਤੇ ਵਿਰਸੇ ਦਾ ਅਹਿਸਾਸ ਕਰਵਾ ਰਹੇ ਹਨ। ਉਨ੍ਹਾਂ ਥੀਏਟਰ ਗਰੁੱਪ ਦੇ ਨੌਜਵਾਨਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਹ ਨਾਟਕ ਲਵਲੀ ਯੂਨੀਵਰਸਿਟੀ ਦੇ ਐਮ.ਏ. ਥੀਏਟਰ ਦੇ ਵਿਦਿਆਰਥੀ ਸਿਕੰਦਰ ਮਹਾਂਦੇਵ ਦੀ ਨਿਰਦੇਸ਼ਨਾਂ ਹੇਠ ਖੇਡਿਆ ਗਿਆ। ਇਸ ਨਾਟਕ ਵਿਚ ਜੱਸੀ ਗਾਫਿਲ, ਨਿਰਮਾਤਾ ਕੰਬੋਜ, ਸਿਫਾਰ, ਅਮਨ, ਨਿਸ਼ਾਂਤ, ਹਰਪ੍ਰੀਤ, ਰਜਨੀ, ਅਨਮੋਲ, ਹਰਦੀਪਕ ਸੂਦ, ਬਲਜੀਤ ਕੌਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ, ਨਾਟਕ ਦਾ ਸੰਗੀਤ ਸ਼ਰਨਜੀਤ ਸ਼ਨੂੰ ਵੱਲੋਂ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਬੀਹਾਈਵ ਥੀਏਟਰ ਗਰੁੱਪ ਦੇ ਜਨਰਲ ਸਕੱਤਰ ਕੁਲਦੀਪਕ ਚਿਰਾਗ ਨੇ ਦਰਸ਼ਕਾਂ ਨੂੰ ਜੀ ਆਇਆ ਆਖਿਆ ਅਤੇ ਪੰਜਾਬੀ ਸਾਹਿਬ ਅਕੈਡਮੀ ਵੱਲੋਂ ਮਿਲੇ ਸਹਿਯੋਗ ਦਾ ਉਨ੍ਹਾਂ ਧੰਨਵਾਦ ਕੀਤਾ। ਨਾਟਕ ਦੀ ਪੇਸ਼ਕਾਰੀ ਏਨੀ ਜ਼ਬਰਦਸਤ ਸੀ ਕਿ ਅਦਾਕਾਰਾਂ ਨੇ ਦਰਸ਼ਕਾਂ ਨੰੂ ਆਪਣੇ ਨਾਲ ਡੇਢ ਘੰਟਾ ਜੋੜੀ ਰੱਖਿਆ। ਇਸ ਮੌਕੇ ਬੋਲਦਿਆਂ ਅਕੈਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਮਹਾਂਨਗਰ ਲੁਧਿਆਣਾ ਦੇ ਵਿਚ ਨਾਟਕ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਥੇ ਲੋਕ ਕਮਰਸ਼ੀਅਲ ਹੀ ਨਹੀਂ ਬਲਕਿ ਜ਼ਿੰਦਗੀ ਨੰੂ ਮੁਹੱਬਤ ਕਰਨ ਵਾਲੇ ਵੀ ਵੱਸਦੇ ਹਨ। ਇਹ ਨਾਟਕ ਇਸ ਗੱਲ ਦਾ ਸਬੂਤ ਹੈ ਕਿ ਜ਼ਿੰਦਗੀ ਨੰੂ ਬਿਨ੍ਹਾਂ ਸਾਧਨਾਂ ਤੋਂ ਵੀ ਜੀਵੀਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੈਲੇ, ਇੰਦਰਜੀਤ ਕੌਰ ਭਿੰਡਰ, ਸਤੀਸ਼ ਗੁਲਾਟੀ, ਸੁਮਿਤ ਗੁਲਾਟੀ, ਗੌਰਵਦੀਪ ਸਾਹਨੀ, ਅਲੀ ਖਾਨ, ਬਾਬਾ ਬਲਜੀਤ ਸਿੰਘ, ਬਾਬਾ ਕੁਲਜੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਦਰਸ਼ਕ ਹਾਜਰ ਸਨ।
No comments:
Post a Comment