Thursday, May 12, 2016

ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣ ਦਾ ਫੈਸਲਾ

Thu, May 12, 2016 at 5:50 PM
ਇਨਕਲਾਬੀ ਜੱਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਵਿਸ਼ੇਸ਼ ਤਿਆਰੀਆਂ 
ਲੁਧਿਆਣਾ:  12 ਮਈ 2016: (ਪੰਜਾਬ ਸਕਰੀਨ ਬਿਊਰੋ):
ਆਉਣ ਵਾਲੀ 15 ਮਈ ਨੂੰ ਸ਼ਹੀਦ ਸੁਖਦੇਵ ਦਾ ਜਨਮ ਦਿਨ ਹੈ। ਇਸ ਸਬੰਧੀ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਨ ਹੋਣਗੇ। ਤਿੰਨ ਇਨਕਲਾਬੀ ਜੱਥੇਬੰਦੀਆਂ ਬਿਗੁਲ ਮਜ਼ਦੂਰ ਦਸਤਾ, ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਲੁਧਿਆਣੇ ਵਿਖੇ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਨੌਘਰੇ ਮੁਹੱਲੇ ਵਿੱਚ ਜਨਮ ਦਿਵਸ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬਧੀ ਅੱਜ ਤਿੰਨਾਂ ਜੱਥੇਬੰਦੀਆਂ ਦੀ ਮੀਟਿੰਗ ਪੰਜਾਬੀ ਭਵਨ ਵਿੱਚ ਹੋਈ। 15 ਮਈ ਨੂੰ ਸ਼ਾਮ 4 ਵਜੇ ਨਗਰ ਨਿਗਮ ਦਫਤਰ (ਜੋਨ ਏ), ਨੇੜੇ ਘੰਟਾ ਘਰ ਅੱਗੇ ਇਕੱਠ ਕੀਤਾ ਜਾਵੇਗਾ। ਉੱਥੇ ਇਲਾਕੇ ਵਿੱਚ ਪੈਦਲ ਮਾਰਚ ਕਰਦੇ ਹੋਏ ਨੌਘਰੇ ਮੁਹੱਲੇ ਪਹੁੰਚ ਕੇ ਸ਼ਹੀਦ ਸੁਖਦੇਵ ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਜੱਥੇਬੰਦੀਆਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ 15 ਮਈ ਨੂੰ ਹੋਣ ਵਾਲਾ ਪ੍ਰੋਗਰਾਮ ਰਸਮ ਪੂਰਤੀ ਦੇ ਤੌਰ ‘ਤੇ ਨਹੀਂ ਕੀਤਾ ਜਾ ਰਿਹਾ ਸਗੋਂ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਆਪਣੀ ਇਨਕਲਾਬੀ ਵਿਰਾਸਤ ਨਾਲ਼ ਜੋੜਨ ਦੀ ਬੇਹੱਦ ਲੋੜ ਹੈ। ਜਿਸ ਸਮਾਜ ਦੀ ਉਸਾਰੀ ਦਾ ਸੁਪਨਾ ਲੈ ਕੇ ਸ਼ਹੀਦ ਸੁਖਦੇਵ, ਭਗਤ ਸਿੰਘ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਅਜਾਦੀ ਦੀ ਲੜਾਈ ਲੜੀ ਸੀ ਅਤੇ ਭਰੀ ਜਵਾਨੀ ਵਿੱਚ ਹੱਸਦੇ ਹੋਏ ਫਾਂਸੀ ਦੇ ਰੱਸੇ ਚੁੰਮੇ ਸਨ ਉਹ ਸਮਾਜ ਅਜੇ ਬਣਿਆ ਨਹੀਂ ਹੈ। ਸੰਨ 47 ਦੀ ਅਜਾਦੀ ਲੋਟੂ ਜਮਾਤਾਂ ਦੇ ਮੁੱਠੀ ਭਰ ਪਰਜੀਵੀਆਂ ਦੀ ਅਜਾਦੀ ਹੈ ਜੋ ਲੋਕਾਂ ਦੀ ਮਿਹਨਤ ਦੀ ਭਿਅੰਕਰ ਲੁੱਟ ਕਰ ਰਹੇ ਹਨ ਜਿਸ ਕਾਰਨ ਲੋਕਾਂ ਦੀ ਜਿੰਦਗੀ ਹੱਦੋਂ ਵੱਧ ਭੈੜੀ ਹੋ ਚੁੱਕੀ ਹੈ। ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਲੋਕਾਂ ਨੂੰ ਆਪਣੇ ਪਿਆਰੇ ਇਨਕਲਾਬੀ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ, ਇਨਕਲਾਬੀ ਵਿਰਾਸਤ ਤੋਂ ਸਿੱਖਦੇ ਹੋਏ ਲੋਕਾਂ ਦੀ ਅਸਲ ਅਜਾਦੀ ਦੀ ਲੜਾਈ ਨੂੰ ਅੱਗੇ ਵਧਾਉਣਾ ਪਵੇਗਾ। ਇਸ ਲਈ ਸ਼ਹੀਦ ਸੁਖਦੇਵ ਨੂੰ ਯਾਦ ਕਰਨਾ ਸਿਰਫ਼ ਇਸੇ ਲਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਲੋਕਾਂ ਵਾਸਤੇ ਇਨਕਲਾਬੀ ਘੋਲ਼ ਕਰਦੇ ਹੋਏ ਆਪਣੀ ਜਿੰਦਗੀ ਵਾਰ ਦਿੱਤੀ ਸੀ ਸਗੋਂ ਇਸ ਲਈ ਵੀ ਜ਼ਰੂਰੀ ਹੈ ਕਿਉਂ ਕਿ ਉਹਨਾਂ ਦੇ ਵਿਚਾਰ ਅੱਜ ਵੀ ਪ੍ਰਸੰਗਕ ਹਨ, ਰਾਹ ਦਰਸਾਵੇ ਦਾ ਕੰਮ ਕਰ ਰਹੇ ਹਨ।
ਅੱਜ ਦੀ ਮੀਟਿੰਗ ਵਿੱਚ ਬਿਗੁਲ ਮਜ਼ਦੂਰ ਦਸਤਾ ਵੱਲੋਂ ਲਖਵਿੰਦਰ, ਲੋਕ ਮੋਰਚਾ ਪੰਜਾਬ ਵੱਲੋਂ ਕਸਤੂਰੀ ਲਾਲ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜਸਵੰਤ ਜੀਰਖ ਅਤੇ ਵਿਜੇ ਨਾਰਾਇਣ ਸ਼ਾਮਿਲ ਹੋਏ। ਆਗੂਆਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

No comments: