Tue, May 31, 2016 at 4:00 PM
ਸੁਲੱਖਣ ਸਰਹੱਦੀ ਨੇ ਪਰਚਾ ਪੜ੍ਹਿਆ
ਲੁਧਿਆਣਾ: 31 ਮਈ 2016:(ਪੰਜਾਬ ਸਕਰੀਨ ਬਿਊਰੋ):
ਮਹਿਮਾ ਸਿੰਘ ਤੂਰ ਦੀਆਂ ਗ਼ਜ਼ਲਾਂ ਮਿੱਟੀ ਨਾਲ ਜੁੜੇ ਲੋਕ ਸਮੂਹ ਵਲਵਲਿਆਂ ਦੀ ਤਰਜਮਾਨੀ ਕਰਦੀਆਂ ਹਨ, ਇਹ ਸਤਰਾਂ ਉਸਤਾਦ ਗਜ਼ਲਗੋ ਅਤੇ ਮੁੱਖ ਮਹਿਮਾਨ ਸ਼੍ਰੀ ਸੁਲੱਖਣ ਸਰਹੱਦੀ ਨੇ ਆਪਣੇ ਪਰਚੇ ਰਾਹੀਂ ਕਹੀਆਂ। ਉਹਨਾਂ ਅੱਗੋਂ ਕਿਹਾ ਕਿ ਮਹਿਮਾ ਸਿੰਘ ਤੂਰ ਦਾ ਪਿੰਡ ਹਲਵਾਰਾ ਕ੍ਰਾਂਤੀਕਾਰੀ ਦੇਸ਼ ਭਗਤਾਂ ਅਤੇ ਉੱਘੇ ਕਵੀਆਂ ਦਾ ਪਿੰਡ ਹੈ ਜਿਸਦਾ ਪ੍ਰਭਾਵ ਉਸਦੀਆਂ ਗ਼ਜ਼ਲਾਂ ਉੱਪਰ ਪ੍ਰਤੱਖ ਪਿਆ ਹੈ।
'ਸੋਨੇ ਦੇ ਪੱਤਰੇ' ਪੁਸਤਕ ਸਿਰਜਣਧਾਰਾ ਵੱਲੋਂ ਸਰਵਸ਼੍ਰੀ ਸੁਰਿੰਦਰ ਕੈਲੇ, ਸੁਲੱਖਣ ਸਰਹੱਦੀ, ਕਰਮਜੀਤ ਔਜਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਜੀਤ ਸਿੰਘ ਅਤੇ ਰਘਬੀਰ ਸਿੰਘ ਸੰਧੂ ਦੇ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿਚ ਮੰਚ ਸੰਚਾਲਨ ਕਰਦਿਆਂ ਰਘਬੀਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੰਚ ਦੀ ਕਾਰਣਾਈ ਸੁਚੱਜੇ ਢੰਗ ਨਾਲ ਚਲਾਈ। ਕਿਤਾਬ ਉੱਪਰ ਸੁਲੱਖਣ ਸਰਹੱਦੀ ਅਤੇ ਡਾ. ਗੁਲਜ਼ਾਰ ਪੰਧੇਰ ਨੇ ਪੇਪਰ ਪੜ੍ਹੇ ਜਿਹਨਾਂ ਵਿਚ ਮਹਿਮਾਂ ਸਿੰਘ ਤੂਰ ਦੀਆਂ ਗ਼ਜ਼ਲਾਂ ਦੇ ਪਾਸਾਰ ਅਤੇ ਪਿੰਗਲ ਤੇ ਅਰੂਜ਼ ਪੱਖੋਂ ਭਰਪੂਰ ਚਰਚਾ ਕੀਤੀ। ਸੁਲੱਖਣ ਮੀਤ, ਬੀਕੇ ਪੁਰੀ, ਸਰੂਪਿੰਦਰ ਸਿੰਘ, ਕਰਨਾਲ ਸਿੰਘ, ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਔਲਖ ਨੇ ਗ਼ਜ਼ਲ ਸੰਗ੍ਰਹਿ ਤੇ ਅਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਹਾਜ਼ਰ ਕਵੀਆਂ ਵਲੋਂ ਕਵਿਤਾ ਪਾਠ ਵੀ ਕੀਤਾ ਗਿਆ ਜਿਸ ਵਿਚ ਤਰਚੋਲਨ ਝਾਂਡੇ, ਤ੍ਰਲੋਚਨ ਲੋਚੀ, ਸੁਰਜਣ ਸਿੰਘ ਅਵਤਾਰ ਸਿੰਘ ਧਾਲੀਵਾਲ, ਸੁਰਜੀਤ ਜੱਜ, ਸੋਮਨਾਥ ਤੇ ਗੁਰਨਾਮ ਸਿੰਘ ਸੀਤਲ ਨੇ ਭਾਗ ਲਿਆ। ਸਰਵਸਿਰੀ ਕਰਮਜੀਤ ਸਿੰਘ ਔਜਲਾ, ਸੁਲੱਖਣ ਸਰਹੱਦੀ, ਮਹਿਮਾ ਸਿੰਘ ਤੂਰ, ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਰਘਬੀਰ ਸਿੰਘ ਸੰਧੂ ਦਾ ਸਿਰਜਣਧਾਰਾ ਵੱਲੋਂ ਵਿਸ਼ੇਸ਼ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਮਾਣ ਕੀਤਾ ਗਿਆ।
ਅੰਤ ਵਿਚ ਪੁਸਤਕ ਲੋਕ ਅਰਪਨ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੁਰਿੰਦਰ ਕੈਲੇ ਨੇ 'ਸੋਨੇ ਦੇ ਪੱਤਰੇ' ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਿਆਂ ਆਏ ਲੇਖਕਾਂ/ਪਾਠਕਾਂ ਦਾ ਧੰਂਨਵਾਦ ਕੀਤਾ।
No comments:
Post a Comment