Wednesday, October 15, 2014

ਨਕਲੀ ਮਠਿਆਈਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਦਾ ਦਾਅਵਾ

Wed, Oct 15, 2014 at 6:28 PM
ਮੀਡੀਆ ਨਕਲੀ ਮਠਿਆਈਆਂ ਦੇ ਕਾਰੋਬਾਰ ਬਾਰੇ ਕੋਈ ਵੀ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਵਿੱਚ ਲਿਆਵੇ 
ਲੋਕਾਂ ਨੂੰ 'ਸਵੱਛ ਭਾਰਤ ਅਭਿਆਨ' ਨਾਲ ਜੁੜਨ ਦਾ ਸੱਦਾ
ਸਰਕਾਰੀ ਹਸਪਤਾਲਾਂ 'ਚ ਮੁਕੰਮਲ ਸਫਾਈ ਲਈ ਲੋਕ ਵੀ ਸਹਿਯੋਗ ਕਰਨ-ਜਿਆਣੀ
ਲੁਧਿਆਣਾ: 15 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵੇ ਨਾਲ ਕਿਹਾ ਹੈ ਕਿ ਬਹੁਤੇ ਹਸਪਤਾਲਾਂ ਦੇ ਮੁਕਾਬਲੇ ਸੂਬੇ ਦੇ ਸਰਕਾਰੀ ਹਸਪਤਾਲ ਸਾਫ਼ ਸੁਥਰੇ ਹਨ ਅਤੇ ਹਸਪਤਾਲਾਂ ਵਿੱਚ ਮੁਕੰਮਲ ਸਫਾਈ ਬਰਕਰਾਰ ਰੱਖਣ ਵਿੱਚ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਅੱਜ ਸਥਾਨਕ ਅਪੋਲੋ ਹਸਪਤਾਲ ਵਿਖੇ 'ਵਿਸ਼ਵ ਹੱਥ ਧੋਣ ਦਿਵਸ' ਸੰਬੰਧੀ ਕਰਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਬਿਨਾ ਸ਼ੱਕ ਸੂਬੇ ਦੇ ਜਿਆਦਾਤਰ ਹਸਪਤਾਲ ਸਾਫ਼ ਸੁਥਰੇ ਹਨ ਅਤੇ ਬਹੁਤੇ ਹਸਪਤਾਲਾਂ ਨਾਲੋਂ ਚੰਗੇ ਹਨ। ਉਨ੍ਹਾਂ ਸਫਾਈ ਵਿਵਸਥਾ ਨੂੰ ਬਣਾਈ ਰੱਖਣ ਅਤੇ ਹੋਰ ਬੇਹਤਰ ਕਰਨ ਕਰਨ ਸੰਬੰਧੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦਿਸ਼ਾ ਵਿੱਚ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ। 
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਹੀ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ। ਵਿਭਾਗ ਵੱਲੋਂ ਇਹ ਕਵਾਇਦ ਲਗਾਤਾਰ ਜਾਰੀ ਰੱਖੀ ਹੋਈ ਹੈ। ਉਨ੍ਹਾਂ ਮੀਡੀਆ ਅਤੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਨਕਲੀ ਮਠਿਆਈਆਂ ਦੇ ਕਾਰੋਬਾਰ ਬਾਰੇ ਕੋਈ ਵੀ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ, ਉਹ ਜ਼ਰੂਰ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਕਲੀ ਮਠਿਆਈਆਂ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਨੱਥ ਪਾਈ ਹੋਈ ਹੈ। 
ਸਮਾਗਮ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਸਾਲ 2019 ਤੱਕ ਸਾਫ਼ ਸੁਥਰਾ ਅਤੇ ਸੁੰੰਦਰ ਬਣਾਉਣ ਦੇ ਸੰਕਲਪ ਨੂੰ ਦੁਹਰਾਉਂਦਿਆਂ ਸਾਰੇ ਦੇਸ਼ ਵਾਸੀਆਂ ਨੂੰ 'ਸਵੱਛ ਭਾਰਤ ਅਭਿਆਨ' ਨਾਲ ਜੁੜਨ ਦਾ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਦਿਸ਼ਾ ਵਿੱਚ ਸੁਚੱਜੇ ਕਾਰਜ ਕਰਨ। ਸ੍ਰੀ ਜਿਆਣੀ ਨੇ ਕਿਹਾ ਕਿ ੇ 'ਵਿਸ਼ਵ ਹੱਥ ਧੋਣ ਦਿਵਸ' ਨੂੰ ਸਹੀ ਅਰਥਾਂ ਵਿੱਚ ਤਾਂ ਹੀ ਸਹੀ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਕਿ ਜੇਕਰ ਅਸੀਂ ਨਿੱਤ ਦਿਨ ਦੇ ਕਾਰਜ ਵਿਹਾਰ ਵਿੱਚ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਲੋੜ ਸਮੇਂ ਜ਼ਰੂਰ ਹੱਥ ਸਾਫ਼ ਕਰਨੇ ਹਨ। ਜੇਕਰ ਹੱਥ ਸਾਫ਼ ਹੋਣਗੇ ਤਾਂ ਬਿਮਾਰੀ ਮਨੁੱਖ ਦੇ ਨੇੜੇ ਵੀ ਨਹੀਂ ਢੁੱਕ ਸਕਦੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਨਿੱਤ ਦਿਨ ਬਦਲਦੀ ਜੀਵਨ ਸ਼ੈਲੀ ਅਤੇ ਪੱਧਰ ਤੋਂ ਉੱਪਰ ਉੱਠ ਕੇ ਕੁਦਰਤ ਨਾਲ ਇੱਕ ਮਿੱਕ ਹੋ ਕੇ ਚੱਲਣ ਦੀ ਚਾਹਤ ਵੀ ਰੱਖਣ। ਕੁਦਰਤ ਨਾਲ ਨੇੜਤਾ ਹੋਣ ਨਾਲ ਮਨੁੱਖ ਨਿਰੋਗ ਜੀਵਨ ਅਤੇ ਦੇਸ਼ ਦੀ ਬੁਨਿਆਦ ਬਣਾ ਸਕਦਾ ਹੈ। ਇਸ ਮੌਕੇ ਸਮਾਗਮ ਨੂੰ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰ. ਜਗਦੀਪ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਮਧਾਰੀ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਡੀ. ਐੱਸ. ਗਰੇਵਾਲ ਅਤੇ ਹੋਰ ਪ੍ਰਮੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

No comments: