Wed, Oct 15, 2014 at 7:16 PM
ਅੱਗ ਲੱਗਣ ਦੀ ਅਫ਼ਵਾਹ ਨਾਲ ਤੁਰੰਤ ਹਰਕਤ 'ਚ ਆਏ ਸੰਬੰਧਤ ਵਿਭਾਗ
ਲੁਧਿਆਣਾ: 15 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਕਿਸੇ ਵੀ ਤਰਾਂ ਦੀ ਕੁਦਰਤੀ ਆਫ਼ਤ ਨਾਲ ਸਫ਼ਲਤਾ ਪੂਰਵਕ ਨਜਿੱਠਣ ਦੇ ਜ਼ਿਲਾਪ੍ਰਸਾਸ਼ਨ ਕੋਲ ਪੁਖ਼ਤਾ ਇੰਤਜ਼ਾਮ ਹਨ ਅਤੇ ਕਿਸੇ ਵੀ ਹੰਗਾਮੀ ਹਾਲਾਤ ਨੂੰ ਧੀਰਜ ਅਤੇ ਸਹੀ ਕਦਮਾਂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਪ੍ਰਮਾਣ ਉਸ ਵੇਲੇ ਲੱਗਾ ਜਦੋਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ 'ਤੇ ਸਥਾਪਤ ਕੀਤੇ ਗਏ 'ਡਿਜਾਸਟਰ ਮੈਨੇਜਮੈਂਟ ਵਿਭਾਗ' ਵੱਲੋਂ ਸਥਾਨਕ ਫਿਰੋਜ਼ਪੁਰ ਸੜਕ ਸਥਿਤ ਵੈੱਸਟਐਂਡ ਮਾਲ ਵਿਖੇ ਅੱਗ ਲੱਗਣ ਦੀ ਝੂਠੀ ਖ਼ਬਰ ਸੰਬੰਧੀ ਸੰਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਤਾਂ ਸਾਰੇ ਵਿਭਾਗਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਰਿਹਰਸਲ ਤਹਿਤ ਕੀਤੀ ਗਈ ਇਸ ਕਾਰਵਾਈ ਤਹਿਤ ਅੱਜ ਸਵੇਰੇ 9.45 ਵਜੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਉਪਰੋਕਤ ਮਾਲ ਵਿੱਚ ਪਹੁੰਚ ਕੇ ਜ਼ਿਲਾ ਪ੍ਰਸਾਸ਼ਨ, ਫਾਇਰ ਬ੍ਰਿਗੇਡ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ, ਐੱਨ. ਡੀ. ਆਰ. ਐੱਫ. (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਅਤੇ ਹੋਰ ਸੰਬੰਧਤ ਵਿਭਾਗਾਂ ਨੂੰ ਹੰਗਾਮੀ ਨੰਬਰਾਂ 'ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਮਾਲ ਦੀ ਦੂਜੀ ਮੰੰਜਿਲ 'ਤੇ ਅਚਾਨਕ ਅੱਗ ਲੱਗ ਗਈ ਹੈ। ਇਸ ਫੋਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਵਿਭਾਗਾਂ ਨੇ ਕਰੀਬ 15 ਮਿੰਟ ਵਿੱਚ ਮਾਲ ਵਿੱਚ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਅਤੇ ਮੌਕੇ 'ਤੇ ਹਾਜ਼ਰ 200 ਤੋਂ ਵਧੇਰੇ ਲੋਕਾਂ ਨੂੰ ਮਾਲ ਵਿੱਚੋਂਂ ਸੁਰੱਖਿਅਤ ਬਾਹਰ ਕੱਢਿਆ। ਇਸ ਰਿਹਰਸਲ ਤੋਂ ਬਾਅਦ ਮਾਲ ਵਿੱਚ ਹਾਜ਼ਰ ਲੋਕਾਂ ਅਤੇ ਕਰਮਚਾਰੀਆਂ ਨੂੰ ਅਜਿਹੀ ਹੰਗਾਮੀ ਹਾਲਤ ਨਾਲ ਨਿਪਟਣ ਸੰਬੰਧੀ ਸਿੱਖਿਅਤ ਵੀ ਕੀਤਾ ਗਿਆ।
ਇਸ ਸਾਰੇ ਆਪਰੇਸ਼ਨ ਦੀ ਅਗਵਾਈ ਐੱਸ. ਡੀ. ਐੱਮ. ਪੱਛਮੀ ਸ੍ਰ. ਕੁਲਜੀਤਪਾਲ ਸਿੰਘ ਮਾਹੀ ਨੇ ਕੀਤੀ ਅਤੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਅਜਿਹੀਆਂ ਰਿਹਰਸਲਾਂ ਭਵਿੱਖ ਵਿੱਚ ਵੀ ਕਰਾਈਆਂ ਜਾਂਦੀਆਂ ਰਹਿਣਗੀਆਂ ਤੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਣ ਬਾਰੇ ਸਿੱਖਿਅਤ ਕੀਤਾ ਜਾਂਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ, ਏ. ਸੀ. ਪੀ. ਸ੍ਰ. ਜਸਕੀਰਤ ਸਿੰਘ, ਤਹਿਸੀਲਦਾਰ ਸ੍ਰੀਮਤੀ ਸਵਿਤਾ, ਜ਼ਿਲਾ ਕੋਆਰਡੀਨੇਟਰ ਸ੍ਰੀ ਸੁਰੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਉਮੀਦ ਕਰਨੀ ਚਾਹੀਦੀ ਹੈ ਕਿ ਜੇ ਰੱਬ ਨਾ ਕਰੇ ਕਿਤੇ ਕੋਈ ਅਸਲੀ ਮੁਸੀਬਤ ਵੀ ਆ ਪਵੇ ਤਾਂ ਚੌਕਸ ਹੋਇਆ ਲੁਧਿਆਣਾ ਦੇ ਸਾਰੇ ਵਿਭਾਗਾਂ ਦਾ ਇਹ ਸਾਵਧਾਨ ਸਟਾਫ਼ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਰਹੇਗਾ। ਅਜਿਹੀਆਂ ਰਿਹਰਸਲਾਂ ਸਟਾਫ਼ ਦੀ ਚੌਕਸੀ ਵਿੱਚ ਕਾਫੀ ਸਹਾਇਕ ਸਾਬਿਤ ਹੁੰਦੀਆਂ ਹਨ।
No comments:
Post a Comment