ਲੁਧਿਆਣਾ : 21 ਅਪ੍ਰੈਲ (ਮਨਜਿੰਦਰ ਸਿੰਘ ਧਨੋਆ):ਪੰਜਾਬੀ ਲੇਖਕ ਸਭਾ ਲੁਧਿਆਣਾ ਵਲੋਂ ਉੱਘੇ ਗ਼ਜ਼ਲਕਾਰ ਤ੍ਰੈਲੋਚਨ ਲੋਚੀ ਦੇ ਗ਼ਜ਼ਲ ਸੰਗ੍ਰਹਿ ‘ਦਿਲ ਦਰਵਾਜ਼ੇ’ ਦਾ ਪੰਜਾਬੀ ਭਵਨ ਵਿਖੇ ਦੂਜਾ ਐਡੀਸ਼ਨ ਲੋਕ-ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਤ੍ਰੈਲੋਚਨ ਲੋਚੀ ਕੋਲ ਤਰਲ ਸੰਵੇਦਨਸ਼ੀਲ ਮਨ ਹੈ, ਜਿਸ ਰਾਹੀਂ ਉਹ ਵਕਤ ਦੀਆਂ ਪੇਚਦਗੀਆਂ ਅਤੇ ਕਸ਼ੀਦਗੀਆਂ ਨੂੰ ਆਤਮਸਾਤ ਕਰਕੇ ਗ਼ਜ਼ਲ ਦੀਆਂ ਰੇਸ਼ਮੀ ਤੰਦਾਂ ਕੱਤਦਾ ਹੈ। ਉਨਾਂ ਆਖਿਆ ਕਿ ਸਾਦਗੀ, ਸੰਵੇਦਨਾ, ਸਰਲਤਾ, ਸਾਰਥਕਤਾ ਅਤੇ ਸੁਰੀਲੇ ਬੋਲਾਂ ਨੂੰ ਜੇ ਪੁਸਤਕ ਰੂਪ ਵਿਚ ਵੇਖਣਾ ਹੋਵੇ ਤਾਂ ‘ਦਿਲ ਦਰਵਾਜ਼ੇ’ ਪੜਨੀ ਚਾਹੀਦੀ ਹੈ। ਇਸ ਕਿਤਾਬ ਬਾਰੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਆਖਿਆ ਕਿ ਨਵੀਂ ਪੀੜੀ ਦੇ ਸਮਰੱਥ ਗ਼ਜ਼ਲਕਾਰ ਵਜੋਂ ਤ੍ਰੈਲੋਚਨ ਲੋਚੀ ਹੁਣ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ। ਉਸ ਦੇ ਬੋਲ ਕਾਇਨਾਤ ਵਿਚ ਸੁਨੇਹਾ ਬਣ ਕੇ ਥਾਂ ਥਾਂ ਖੁਸ਼ਬੋਈ ਵੰਡ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਜ ਸਰਕਾਰ ਵਲੋਂ ਸਨਮਾਨਿਤ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. -- ਨੇ ਤ੍ਰੈਲੋਚਨ ਲੋਚੀ ਦੀ ਸ਼ਾਇਰੀ ਨੂੰ ਵਕਤ ਨਾਲ ਵਾਰਤਾਲਾਪ ਅਤੇ ਸੁਰੀਲਾ ਸੰਵਾਦ ਕਿਹਾ। ਡਾ. ਜਗਵਿੰਦਰ ਜੋਧਾ ਨੇ ਤ੍ਰੈਲੋਚਨ ਲੋਚੀ ਦੀ ਗ਼ਜ਼ਲ ਦੇ ਲੋਕ-ਗੀਤਕ ਮੁਹਾਂਦਰੇ ਦੀ ਪ੍ਰਸੰਸਾ ਕੀਤੀ। ਡਾ. ਗੁਰਇਕਬਾਲ ਸਿੰਘ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਨੇ ਲੋਚੀ ਦੀ ਔਰਤ ਪ੍ਰਤੀ ਸੰਵੇਦਨਸ਼ੀਲ ਪਹੁੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਦੀ ਮਰਿਆਦਾ ਵੀ ਇਹੀ ਹੈ। ਕੈਨੇਡਾ ਤੋਂ ਆਏ ਕਵੀ ਇਕਬਾਲ ਖ਼ਾਨ, ਸਤੀਸ਼ ਗੁਲਾਟੀ, ਜਨਮੇਜਾ ਸਿੰਘ ਜੌਹਲ, ਡਾ. ਬਲਵਿੰਦਰ ਸਿੰਘ ਭੀਖੀ, ਡਾ. ਗੁਲਜ਼ਾਰ ਸਿੰਘ ਪੰਧੇਰ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਉੱਘੇ ਕਵੀ ਸਵਰਨਜੀਤ ਸਵੀ ਅਤੇ ਕਵਿੱਤਰੀ ਜਸਲੀਨ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਤ੍ਰੈਲੋਚਨ ਲੋਚੀ ਨੇ ਆਖਿਆ ਕਿ ਧਰਤੀ ਦੇ ਦੁੱਖ-ਸੁੱਖ ਦਾ ਅਹਿਸਾਸ ਜਿਉਦਾ ਰੱਖ ਕੇ ਹੀ ਮੈਂ ਹਮੇਸ਼ਾਂ ਸਾਹਿਤ ਸਿਰਜਣਾ ਕੀਤੀ ਹੈ ਅਤੇ ਭਵਿੱਖ ’ਚ ਵੀ ਇਹ ਧਰਮ ਇਵੇਂ ਹੀ ਨਿਭੇਗਾ।
ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਪਾਠਕਾਂ ਦੀ ਸਮੱਸਿਆ ਦਾ ਸ਼ਿਕਵਾ ਕਰਨ ਵਾਲੇ ਲੇਖਕ ਦੋਸਤਾਂ ਨੂੰ ਇਹ ਪੁਸਤਕ ਤਸੱਲੀ ਦੇਵੇਗੀ ਕਿ ਜੇਕਰ ਸ਼ਬਦਾਂ ਵਿਚ ਜਾਨ ਅਤੇ ਸਾਰਥਕ ਸੁਨੇਹਾ ਹੋਵੇ ਤਾਂ ਪਾਠਕ ਹੁੰਗਾਰਾ ਭਰਦੇ ਹਨ। ਸਿਰਫ਼ ਡੇਢ ਸਾਲ ’ਚ ਹੀ ਪਹਿਲੇ ਐਡੀਸ਼ਨ ਦਾ ਵਿਕ ਜਾਣਾ ਪੰਜਾਬੀ ਸਾਹਿਤ ਲਈ ਤਸੱਲੀ ਬਖ਼ਸ਼ ਗੱਲ ਹੈ।
ਫ਼ੋਟੋ : ਪੰਜਾਬੀ ਭਵਨ ਵਿਖੇ ਤ੍ਰੈਲੋਚਨ ਦਾ ਗ਼ਜ਼ਲ ਸੰਗ੍ਰਹਿ ‘ਦਿਲ ਦਰਵਾਜ਼ੇ’ ਨੂੰ ਲੋਕ ਅਰਪਨ ਕਰਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰ ਲੇਖਕ
+copy.jpg)
No comments:
Post a Comment