Sunday, April 21, 2013

ਗ਼ਦਰ ਪਾਰਟੀ ਦਾ ਸੌ ਸਾਲਾਂ ਸਥਾਪਨਾ ਦਿਵਸ ਸਮਾਗਮ

ਲੋਕ-ਪੱਖੀ ਸਮਾਜ ਲਈ ਤੀਜੇ ਗ਼ਦਰ ਦੀ ਲੋੜ: ਡਾ. ਪਰਮਿੰਦਰ
ਜਲੰਧਰ, 21 ਅਪ੍ਰੈਲ: ਅਜ਼ਾਦੀ ਸੰਗਰਾਮ 'ਚ ਇਨਕਲਾਬੀ ਤਵਾਰੀਖ਼ ਦਾ ਵਿਲੱਖਣ ਅਧਿਆਇ ਸਿਰਜਣ ਵਾਲੀ 21 ਅਪ੍ਰੈਲ 1913 ਨੂੰ ਅਮਰੀਕਾ 'ਚ ਸਥਾਪਤ ਹੋਈ ਗ਼ਦਰ ਪਾਰਟੀ ਦੇ ਸੌ ਸਾਲਾਂ ਸਥਾਪਨਾ ਦਿਹਾੜੇ 'ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਾਮਰਾਜੀ ਅਤੇ ਦੇਸੀ ਹਾਕਮਾਂ ਦੇ ਦਾਬੇ ਤੋਂ ਮੁਕਤ, ਅਜ਼ਾਦ, ਖੁਸ਼ਹਾਲ, ਜਮਹੂਰੀ, ਧਰਮ-ਨਿਰਪੱਖ, ਸਾਂਝੀਵਾਲਤਾ ਅਤੇ ਨਿਆਂ ਭਰੇ ਸਮਾਜ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਸਮੂਹ ਹਾਜ਼ਰੀਨ ਨੂੰ 'ਜੀ ਆਇਆ' ਆਖਦਿਆਂ ਕਿਹਾ ਕਿ ਅੱਜ ਗ਼ਦਰ ਸ਼ਤਾਬਦੀ ਮੌਕੇ ਗ਼ਦਰ ਪਾਰਟੀ ਦੇ ਆਦਰਸ਼ਾਂ ਦੀ ਪਰਸੰਗਕਤਾ ਹੋਰ ਵੀ ਵੱਧ ਗਈ ਹੈ। ਸਾਨੂੰ ਗ਼ਦਰੀਆਂ ਦੇ ਸੁਪਨੇ ਸਾਕਾਰ ਕਰਨ ਲਈ ਗੰਭੀਰਤਾ ਨਾਲ ਅਗੇਰੇ ਤੁਰਨ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਮੀਤ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ 'ਤੇ ਅਧਾਰਤ ਪ੍ਰਧਾਨਗੀ ਮੰਡਲ ਅਤੇ ਹਾਜ਼ਰ ਕਮੇਟੀ ਦੇ ਮੈਂਬਰਾਂ ਕਾਮਰੇਡ ਚੈਨ ਸਿੰਘ ਚੈਨ, ਸੁਰਿੰਦਰ ਕੁਮਾਰੀ ਕੋਛੜ, ਡਾ. ਵਰਿਆਮ ਸਿੰਘ ਸੰਧੂ, ਅਮੋਲਕ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਕੁਲਵੰਤ ਸਿੰਘ, ਦੇਵ ਰਾਜ ਨਈਯਰ, ਕਾਮਰੇਡ ਜਗਰੂਪ, ਪ੍ਰਿਥੀਪਾਲ ਮਾੜੀਮੇਘਾ, ਕੁਲਵੰਤ ਸੰਧੂ, ਪ੍ਰਗਟ ਸਿੰਘ ਜਾਮਾਰਾਏ, ਬਲਬੀਰ ਕੌਰ ਬੁੰਡਾਲਾ, ਕਾਮਰੇਡ ਰਣਜੀਤ ਅਤੇ ਮੰਚ ਸੰਚਾਲਕ ਗੁਰਮੀਤ ਹੋਰਾਂ ਨੇ ਮੰਚ 'ਤੇ ਪਹੁੰਚਕੇ ਗ਼ਦਰੀ ਅਮਰ ਸ਼ਹੀਦਾਂ ਅਤੇ ਗ਼ਦਰੀ ਝੰਡੇ ਨੂੰ ਉਸ ਮੌਕੇ ਪ੍ਰਣਾਮ ਕੀਤਾ ਜਦੋਂ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਡਾ. ਵਰਿਆਮ ਸਿੰਘ ਸੰਧੂ ਦੁਆਰਾ ਲਿਖੀਆਂ ਦੋ ਪੁਸਤਕਾਂ 'ਗ਼ਦਰ ਲਹਿਰ ਦੀ ਗਾਥਾ' ਅਤੇ 'ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ: ਸ਼ਹੀਦ ਕਰਤਾਰ ਸਿੰਘ ਸਰਾਭਾ' ਸਮੇਤ ਗੁਰਚਰਨ ਸਿੰਘ ਸਹਿੰਸਰਾ ਦਾ ਲਿਖਿਆ 'ਗ਼ਦਰ ਪਾਰਟੀ ਦਾ ਇਤਾਸ' ਸੋਹਣ ਲਾਲ ਰਾਹੀ ਵੱਲੋਂ ਅਨੁਵਾਦਤ ਕੀਤਾ ਹਿੰਦੀ ਐਡੀਸ਼ਨ ਜਾਰੀ ਕੀਤਾ ਗਿਆ।
ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਉਪਰੰਤ ਗ਼ਦਰ ਪਾਰਟੀ ਦੇ ਸੌ ਸਾਲਾਂ ਸਥਾਪਨਾ ਦਿਹਾੜੇ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਮੁੱਖ ਬੁਲਾਰੇ ਡਾ. ਪਰਮਿੰਦਰ ਸਿੰਘ ਨੇ ਗ਼ਦਰ ਪਾਰਟੀ ਦੀ ਸਥਾਪਨਾ ਤੋਂ ਪਹਿਲਾਂ ਸਾਡੇ ਮੁਲਕ ਅਤੇ ਪਰਦੇਸਾਂ ਵਿਚਲੇ ਆਰਥਕ, ਰਾਜਨੀਤਕ, ਸਮਾਜਕ ਹਾਲਾਤ ਦਾ ਵਿਸ਼ਲੇਸ਼ਣ ਪੇਸ਼ ਕੀਤਾ।

ਡਾ. ਪਰਮਿੰਦਰ ਨੇ ਕਿਹਾ ਕਿ ਗ਼ਦਰ ਲਹਿਰ ਦਾ ਉਦੇਸ਼ ਸਾਮਰਾਜ, ਜਾਗੀਰਦਾਰੀ ਅਤੇ ਵੱਡੇ ਪੂੰਜੀਪਤੀ ਘਰਾਣਿਆਂ ਦੀ ਲੋਕਾਂ ਦੀ ਜ਼ਿੰਦਗੀ ਉਪਰੋਂ ਜਕੜ ਤੋੜਕੇ ਉਹਨਾਂ ਦੀ ਤਰੱਕੀ, ਖੁਸ਼ਹਾਲੀ, ਸਾਂਝੀਵਾਲਤਾ ਅਤੇ ਇਨਸਾਫ਼ ਉਪਰ ਅਧਾਰਤ, ਲੋਕਾਂ ਦੀ ਪੁੱਗਤ ਵਾਲੇ ਰਾਜ ਅਤੇ ਸਮਾਜ ਦੀ ਸਿਰਜਣਾ ਕਰਨਾ ਸੀ। ਉਹਨਾਂ ਕਿਹਾ ਕਿ ਅੱਜ ਸਾਮਰਾਜੀ ਤਾਕਤਾਂ, ਭਾਰਤ ਦੇ ਵੰਨ-ਸੁਵੰਨੇ ਹਾਕਮਾਂ ਦੀ ਪੂਰੀ ਵਫ਼ਾਦਾਰੀ ਕਾਰਨ, ਸਾਡੇ ਮੁਲਕ ਦੇ ਬੇਜ਼ਮੀਨੀਆਂ, ਕਿਸਾਨਾਂ, ਨੌਜਵਾਨਾਂ, ਦਸਤਕਾਰਾਂ ਅਤੇ ਔਰਤ ਵਰਗ ਨੂੰ ਬੁਰੀ ਤਰਾਂ ਨਿਚੋੜਕੇ ਆਪਣੇ ਧੌਲਰ ਉਸਾਰ ਰਹੀਆਂ ਹਨ।

ਡਾ. ਪਰਮਿੰਦਰ ਨੇ ਤੱਥਾਂ ਸਹਿਤ ਸਾਬਤ ਕੀਤਾ ਕਿ ਸਾਡੇ ਜਲ, ਜੰਗਲ, ਜ਼ਮੀਨ, ਖਣਿਜ ਪਦਾਰਥ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਪਾਣੀ, ਗੱਲ ਕੀ ਮੁੱਢਲੀਆਂ ਜੀਵਨ ਲੋੜਾਂ ਉਪਰ ਵੀ ਝਪਟਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਡਾ. ਪਰਮਿੰਦਰ ਨੇ ਉਹਨਾਂ ਲੇਖਕਾਂ ਨੂੰ ਲੰਮੇ ਹੱਥੀਂ ਲਿਆ ਜਿਹੜੇ ਗ਼ਦਰ ਲਹਿਰ ਦੇ ਮੌਲਿਕ ਇਤਿਹਾਸ ਨੂੰ ਆਪਣੇ ਸੌੜੇ ਹਿੱਤਾਂ ਲਈ ਤਰੋੜ-ਮਰੋੜਕੇ ਪੇਸ਼ ਕਰਨ ਲੱਗੇ ਹੋਏ ਹਨ। ਡਾ. ਪਰਮਿੰਦਰ ਨੇ ਆਪਣੀ ਤਕਰੀਰ ਦੇ ਸਿਖਰ 'ਤੇ ਸੱਦਾ ਦਿੱਤਾ ਕਿ ਭਾਰਤੀ ਲੋਕਾਂ ਦੀ ਮੁਕਤੀ ਲਈ ਹੁਣ 1857, 1913 ਉਪਰੰਤ ਤੀਜੇ ਗ਼ਦਰ ਦੀ ਲੋੜ ਹੈ ਤਾਂ ਜੋ ਗ਼ਦਰੀ ਦੇਸ਼ ਭਗਤਾਂ ਦੇ ਪ੍ਰੋਗਰਾਮ ਵਾਲੇ ਨਿਜ਼ਾਮ ਦੀ ਸਥਾਪਨਾ ਕੀਤੀ ਜਾ ਸਕੇ।

ਇਸ ਵਿਚਾਰ-ਚਰਚਾ 'ਚ ਕਹਾਣੀਕਾਰ ਅਤਰਜੀਤ, ਵਿਜੈ ਸਾਗਰ, ਬਲਵੰਤ ਮਖੂ, ਅਵਤਾਰ ਤਾਰੀ ਬਰਮਿੰਘਮ ਅਤੇ ਡਾ. ਵਰਿਆਮ ਸਿੰਘ ਸੰਧੂ ਨੇ ਭਾਗ ਲਿਆ। 

ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735

No comments: