Saturday, December 29, 2018

ਨਵੰਬਰ-84 ਦੇ ਮੁੱਦੇ ਨੂੰ ਲੈ ਕੇ ਨਾਮਧਾਰੀ ਖੁੱਲ ਕੇ ਆਏ ਮੀਡੀਆ ਵਿੱਚ

ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਿਲਣ ਵਾਲੇ ਗੋਸ਼ਾ ਦੀ ਸਿੱਧੀ ਹਮਾਇਤ 
ਲੁਧਿਆਣਾ: 29 ਦਸੰਬਰ 2018: (ਪੰਜਾਬ ਸਕਰੀਨ ਬਿਊਰੋ):: 
ਨਵੰਬਰ-1984 ਦੀ ਅਣਮਨੁੱਖੀ ਕਤਲੇਆਮ ਦੇ ਮੁੱਦੇ ਨੂੰ ਲੈ ਕੇ ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠਲੇ ਨਾਮਧਾਰੀ ਖੁੱਲ ਕੇ ਕਾਂਗਰਸ ਪਾਰਟੀ  ਦੇ ਖਿਲਾਫ ਉਤਰ ਆਏ ਹਨ। ਇਸ ਮਾਮਲੇ ਨੂੰ ਲੈ ਕੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਖ ਮਲਣ ਵਾਲੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਵੀ ਇਹਨਾਂ ਨਾਮਧਾਰੀਆਂ ਨੇ ਖੁੱਲ ਕੇ ਹਮਾਇਤ ਕੀਤੀ ਹੈ ਅਤੇ ਗੋਸ਼ਾ ਨੂੰ ਇੱਕ ਯੋਧਾ ਦੱਸਿਆ ਹੈ। 
ਨਾਮਧਾਰੀ ਸੰਗਤ ਨੇ ਲੁਧਿਆਣਾ ਪੁਲਿਸ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਬਰ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਦੇ ਖਿਲਾਫ ਸਿਆਸੀ ਆਕਾਵਾਂ ਦੀ ਸ਼ਹਿ ਤੇ ਪਰਚਾ ਦਰਜ ਕਰਨ ਅਤੇ ਰਿਮਾਂਡ ਦੌਰਾਨ ਅਣਮਨੁੱਖੀ ਵਿਹਾਰ ਕਰਦੇ ਹੋਏ ਦਸਤਾਰਾਂ ਤੱਕ ਲਾਹ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਨਾਮਧਾਰੀਆਂ ਨੇ ਕਿਹਾ ਕਿ 3000 ਸਿੱਖਾਂ ਦੇ ਕਾਤਲਾਂ ਨੂੰ ਹੁਣ ਤੱਕ ਕਾਨੂੰਨ ਦੀ ਗਰਿਫਤ ਤੋਂ ਬਚਾਉਂਦੀ ਆ ਰਹੀ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਇਸ ਮੰਦਭਾਗੀ ਘਟਨਾ ਨਾਲ ਇਕ ਵਾਰ ਫਿਰ ਨੰਗਾ ਹੋਇਆ ਹੈ। ਦੁੱਖ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਂਗਰਸ ਸਰਕਾਰ ਨੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸ਼ਖਸ ਦੇ ਬੁੱਤ ਨੂੰ ਕਾਲਖ ਪੋਤ ਕੇ ਆਪਣੀਆਂ ਭਾਵਨਾਵਾਂ ਪਰਗਟਾਉਣ ਵਾਲੇ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਨੂੰ ਗਰਿਫ਼ਤਾਰ ਕਰਨ ਵਿੱਚ ਤਾਂ ਬਹੁਤ ਫੁਰਤੀ ਵਿਖਾਈ ਹੈ, ਜਦੋਂ ਕਿ ਨਵੰਬਰ 1984 ਵਾਲੇ ਦੰਗਿਆਂ ਦੇ ਚਸ਼ਮਦੀਦ ਗਵਾਹਾਂ ਨੂੰ ਮੁਕਰਾਉਣ ਅਤੇ ਕੇਸ ਤੋਂ ਪਿੱਛੇ ਹਟਣ ਲਈ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਵਾਲੇ ਕਾਂਗਰਸ ਦੇ ਪਰਮੁੱਖ ਆਗੂ ਐਚ.ਐਸ. ਹੰਸਪਾਲ ਵਿਰੁੱਧ ਅੱਜ ਤੱਕ ਕੋਈ ਵੀ ਕਾਰਵਾਈ ਨਾ ਕਰਕੇ ਆਪਣੀ ਦੋਗਲੀ ਨੀਤੀ ਦਾ ਸਬੂਤ ਹੀ ਦਿੱਤਾ ਹੈ। 
ਨਾਮਧਾਰੀ ਸੰਗਤ ਨੇ ਕਿਹਾ ਕਿ ਗੋਸ਼ਾ ਅਤੇ ਦੁੱਗਰੀ ਨੇ ਤਾਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਹੀ ਕੀਤੀ ਹੈ, ਜਦੋਂ ਕਿ ਹੰਸਪਾਲ ਵੱਲੋਂ ਗਵਾਹਾਂ ਨੂੰ ਮੁਕਰਾਉਣਾ, ਕਾਨੂੰਨੀ ਅਮਲ ਵਿੱਚ ਦਖਲ ਅੰਦਾਜ਼ੀ ਅਤੇ ਕੇਸ ਨੂੰ ਪਰਭਾਵਿਤ ਕਰਨ ਦੇ ਬੱਜਰ ਗੁਨਾਹ ਕਰਕੇ ਸਿੱਖ ਭਾਵਨਾਵਾਂ ਨੂੰ ਹੋਰ ਜ਼ਖਮੀ ਕੀਤਾ ਹੈ, ਲੇਕਿਨ ਉਸਦੀ ਇਸ ਕਾਰਵਾਈ ਵਿਰੁੱਧ ਕਾਂਗਰਸ ਪਾਰਟੀ ਅਤੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਨਾਮਧਾਰੀ ਸੰਗਤ ਨੇ ਮੰਗ ਕੀਤੀ ਕਿ ਦੋਵਾਂ ਅਕਾਲੀ ਆਗੂਆਂ ਖਿਲਾਫ ਦਰਜ ਕੇਸ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਸਮੁੱਚੀ ਨਾਮਧਾਰੀ ਸੰਗਤ ਉਕਤ ਆਗੂਆਂ ਦੇ ਹੱਕ ਵਿੱਚ ਖੜੇ ਹੋਣ ਅਤੇ ਸਿੱਖ ਹਿਤਾਂ ਲਈ ਲੜਨ ਵਾਲੀਆਂ ਸਿੱਖ ਜਥੇਬੰਦੀਆਂ ਵੱਲੋਂ ਵਿੱਢੇ ਜਾਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਡੱਟ ਕੇ ਸਾਥ ਦੇਵੇਗੀ। ਇਸ ਮੌਕੇ ਨਵਤੇਜ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਗੁਰਦੀਪ ਸਿੰਘ, ਮਨਿੰਦਰ ਸਿੰਘ, ਸੁਰਿੰਦਰ ਸਿੰਘ, ਅਜਮੇਰ ਸਿੰਘ, ਜਸਵੰਤ ਸਿੰਘ ਸੋਨੂੰ ਅਤੇ ਅਰਵਿੰਦਰ ਸਿੰਘ ਲਾਡੀ ਹਾਜ਼ਰ ਸਨ।   
ਕਾਂਗਰਸ ਹੀ ਨਹੀਂ ਅਕਾਲੀਦਲ ਦਾ ਰੋਲ ਵੀ ਵਿਵਾਦਿਤ ਰਿਹਾ
ਗਦਰੀ ਯੋਧੇ ਬਾਬਾ ਗੁਰਮੁਖ ਸਿੰਘ
ਲਲਤੋਂ ਦੇ ਬੁੱਤ ਦੀ ਬੇਹੁਰਮਤੀ
 
ਦੂਜੇ ਪਾਸੇ ਅਕਾਲੀਦਲ ਦੀ ਭੂਮਿਕਾ ਵੀ ਨਵੰਬਰ-84 ਦੇ ਮੁੱਦੇ ਨੂੰ ਲੈ ਕੇ ਪੂਰੀ ਤਰਾਂ ਵਿਵਾਦਿਤ ਬਣੀ ਰਹੀ ਸੀ। ਦੋ ਸਰਗਰਮ ਸਿੱਖ ਸੰਗਠਨਾਂ ਨੇ ਅਪਰੈਲ-2011 ਦੱਸਿਆ ਸੀ ਕਿ ਸਰਹੂਮ ਸੁਰਿੰਦਰ ਸਿੰਘ ਜੋ ਕਿ ਕਈ ਗੁਰਦੁਆਰਿਆਂ ਵਿਚ ਗਰੰਥੀ ਰਹੇ ਸੀ ਤੇ ਜਗਦੀਸ਼ ਟਾਈਟਲਰ ਦੇ ਖਿਲਾਫ ਗਵਾਹ ਸਨ ਨੂੰ ਦਿੱਲੀ ਵਿਚ ਜਾਨੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਦੇ ਕਾਰਨ ਸ਼ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਨੇ ਪੰਜਾਬ ਵਿਚ ਗਰੰਥੀ ਵਜੋਂ ਪੱਕੀ ਨੌਕਰੀ ਦੇਣ ਦਾ ਵਾਅਦਾ ਕੀਤਾ। ਪਰ ਸ਼ਰੋਮਣੀ ਕਮੇਟੀ ਸੁਰਿੰਦਰ ਸਿੰਘ ਨੂੰ ਪੰਜਾਬ ਵਿਚ ਗਰੰਥੀ ਵਜੋਂ ਪੱਕੀ ਨੌਕਰੀ ਦੇਣ ਵਿਚ ਨਾਕਾਮ ਰਹੀ ਸੀ ਤੇ ਉਹਨਾਂ ਨੂੰ ਦਿੱਲੀ ਵਿਚ ਹੀ ਜਗਦੀਸ਼ ਟਾਈਟਲਰ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਗਿਆ ਸੀ। ਨਤੀਜਾ ਇਹ ਹੋਇਆ ਕਿ ਸੁਰਿੰਦਰ ਸਿੰਘ ਨੂੰ 14 ਜੁਲਾਈ 2009 ਨੂੰ ਮਾਰ ਦਿੱਤਾ ਗਿਆ ਸੀ।
ਕਾਬਿਲ-ਏ-ਜ਼ਿਕਰ ਹੈ ਕਿ ਅਪਰੈਲ 2011 ਵਿੱਚ "ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ" ਅਤੇ "ਸਿਖਸ ਫਾਰ ਜਸਟਿਸ" ਨੇ ਵੀ ਮੰਗ ਕੀਤੀ ਸੀ ਕਿ ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਗਵਾਹਾਂ ’ਤੇ ਦਬਾਅ ਪਾਉਣ ਲਈ ਐਚ. ਐਸ. ਹੰਸਪਾਲ ਤੇ ਸੱਜਣ ਕੁਮਾਰ ਦੇ ਖਿਲਾਫ ਅਪਰਾਧਕ ਮੁਕੱਦਮਾ ਦਰਜ ਕੀਤਾ ਜਾਵੇ। ਹੁਣ ਸੰਨ 1918 ਵਿੱਚ ਹੰਸਪਾਲ ਦਾ ਮੁਦ੍ਦਾ ਉਠਾ ਕੇ ਨਾਮਧਾਰੀਆਂ ਨੇ ਕਾਂਗਰਸ ਪਾਰਟੀ ਲਈ ਇੱਕ ਵਾਰ ਫੇਰ ਸਮੱਸਿਆ ਖੜੀ ਕਰ ਦਿੱਤੀ ਹੈ। ਹੁਣ ਦੇਖਣਾ ਹੈ ਕਿ ਇਸ ਮੁੱਦੇ 'ਤੇ ਸਿਆਸਤ ਕੀ ਰੁੱਖ ਲੈਂਦੀ ਹੈ। 
ਇਸੇ ਦੌਰਾਨ ਗਦਰੀ ਯੋਧੇ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੇ ਹਥ ਤੋੜੇ ਜਾਣ ਦੇ ਮਾਮਲੇ ਵਿੱਚ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ ਹਾਲਾਂਕਿ ਖੱਬੀਆਂ ਜੱਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕਈ ਵਾਰ ਰੋਸ ਵਖਾਵੇ ਅਤੇ ਰੈਲਿਆਂ ਵੀ ਕੀਤੀਆਂ ਸਨ। ਇਸ ਮਾਮਲੇ ਵਿੱਚ ਵੀ ਇੱਕ ਸਰਗਰਮ ਸਿਆਸਤਦਾਨ ਦਾ ਨਾਮ ਆਉਂਦਾ ਰਿਹਾ ਸੀ। ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ ਮਲੇ ਜਾਣ 'ਤੇ ਜਿਸ ਤਰਾਂ ਸਾਰੀ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆਈ ਹੈ ਉਸਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਰਾਜੀਵ ਗਾਂਧੀ ਦਾ ਬੁੱਤ ਅਤੇ ਇਸਦੀ ਹਿਫ਼ਾਜ਼ਤ ਜ਼ਿਆਦਾ ਅਹਿਮੀਅਤ ਰੱਖਦੀ ਹੈ ਅਤੇ ਗਦਰੀ ਬਾਬੇ ਸ਼ਾਇਦ ਉਸਦੇ ਮੁਕਾਬਲੇ ਕੁਝ ਵੀ ਨਹੀਂ। ਕਿਸਾਰ੍ਕਾਰੀ ਮਸ਼ੀਨਰੀ ਬਾਬਾ ਲਲਤੋਂ ਦੇ ਮਾਮਲੇ ਵਿੱਚ ਵੀ ਅਜਿਹੀ ਹੀ ਤੇਜ਼ੀ ਦਿਖਾਏਗੀ?

ਬਾਬਾ ਗੁਰਮੁਖ ਸਿੰਘ ਦੇ ਬੁੱਤ ਦੀ ਭੰਨਤੋੜ ਇੱਕ ਚੁਨੌਤੀ 

No comments: