Sunday, March 19, 2017

ਰਾਸ਼ਟਰਵਾਦ ਦੇ ਨਾਮ ਹੇਠ ਹੋ ਰਹੇ ਕਾਰਿਆਂ ਨੂੰ ਬੇਨਕਾਬ ਕੀਤਾ ਸੈਮੀਨਾਰ ਵਿੱਚ

ਪ੍ਰੋਫੈਸਰ ਜਗਮੋਹਨ ਸਿੰਘ ਨੇ ਬਣਾਇਆ ਜਾਅਲੀ ਦੇਸ਼ਭਗਤਾਂ ਨੂੰ ਨਿਸ਼ਾਨਾ 
ਲੁਧਿਆਣਾ: 18 ਮਾਰਚ 2017: (ਪ੍ਰਦੀਪ ਸ਼ਰਮਾ//ਵੀ ਕੇ ਬੱਤਰਾ//ਪੰਜਾਬ ਸਕਰੀਨ ):: 
ਰਾਸ਼ਟਰਵਾਦ ਦੇ ਬਹਾਨੇ ਨਾਲ ਜੋ ਜੋ ਕੀਤਾ ਜਾ ਰਿਹਾ ਹੈ ਉਸਨੂੰ ਬੇਨਕਾਬ ਕੀਤਾ ਗਿਆ ਅੱਜ ਲੁਧਿਆਣਾ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ। ਇਹ ਸੈਮੀਨਾਰ ਸੀਪੀਆਈ ਵੱਲੋਂ  ਬਾਕਾਇਦਾ ਆਪਣੇ ਜ਼ਿਲਾ ਦਫਤਰ ਵਿੱਚ ਕੀਤਾ ਗਿਆ ਸੀ ਅਤੇ ਇਸਦੇ ਮੁੱਖ ਬੁਲਾਰੇ ਸਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ। 
ਜਿਹਨਾਂ ਉਦੇਸ਼ਾਂ ਲਈ ਸ਼ਹੀਦਾਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਅੱਜ ਉਹਨਾਂ ਵਿਚਾਰਾਂ ਨੂੰ ਸੱਤਾ ਤੇ ਕਾਬਿਜ਼ ਲੋਕਾਂ  ਵਲੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ  87ਵੇਂ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਨ ਲਈ  ਦੇਸ਼ ਪਰੇਮ ਅਤੇ ਸਮਾਜਿਕ ਪਰੀਵਰਤਨ ਬਾਰੇ ਸ਼ਹੀਦ ਭਗਤ ਸਿਘ ਦੇ ਵਿਚਾਰ ਵਿਸ਼ੇ ਤੇ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਕਾ: ਚਰਨ ਸਰਾਭਾ ਅਤੇ ਕਾ: ਗੁਰਨਾਮ ਗਿੱਲ ਦੀ ਪਰਧਾਨਗੀ ਹੇਠ ਆਯੋਜਿਤ ਇੱਕ ਵਿਚਾਰ ਗੋਸ਼ਟੀ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਬੋਲਦਿਆਂ ਪ੍ਰੋ: ਜਗਮੋਹਨ ਸਿੰਘ ਨੇ ਇਹ ਗੱਲ ਕਹੀ  ਕਿ ਜਿਹਨਾਂ ਨੇ ਅਜ਼ਾਦੀ ਸੰਗ੍ਰਾਮ ਵਿੱਚ ਕੋਈ ਹਿੱਸਾ ਨਹੀਂ ਪਾਇਆ ਅੱਜ ਉਹ ਆਪਣੇ ਆਪ ਨੂੰ ਦੇਸ਼ ਭਗਤ  ਦੱਸ ਰਹੇ ਹਨ  ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਦੇਸ਼ ਧਰੋਹੀ ਕਰਾਰ ਦੇ ਰਹੇ ਹਨ। ਇਹਨਾਂ ਨੇ ਦੇਸ਼ ਭਗਤੀ ਨੂੰ ਸੌੜੇ ਰਾਸ਼ਟਰਵਾਦ ਨਾਲ ਜੋੜ ਕੇ ਰੱਖ ਦਿੱਤਾ ਹੈ ਜਿਸਦੇ ਕਿ ਭਗਤ ਸਿੰਘ ਘੋਰ ਵਿਰੋਧੀ ਸਨ।  ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਭਾਰਤ ਵਿੱਚ ਰਹਿ ਰਹੇ ਹਰ ਧਰਮ, ਜਾਤ ਅਤੇ ਅਕੀਦੇ ਦੇ ਲੋਕ ਬਰਾਬਰ ਦੇ ਅਧਿਕਾਰਾਂ ਅਤੇ ਸਮਾਜੀ ਤੇ ਆਰਥਿਕ ਨਿਆਂ ਦੇ ਹੱਕਦਾਰ ਹਨ। ਪਰ ਮੌਜੂਦਾ ਕੇਂਦਰ ਤੇ ਕਾਬਜ਼ ਹਾਕਮਾਂ ਨੇ ਕਦੇ ਵੀ ਇਹ ਗੱਲ ਪ੍ਰਵਾਨ ਨਹੀਂ ਕੀਤੀ ਤੇ ਲਗਾਤਾਰ ਭਾਰਤ ਨੂੰ ਹਿੰਦੂ ਰਾਸ਼ਟਰ ਦੀ ਪਰਿਭਾਸ਼ਾ ਦੇਣ ਵਿੱਚ ਲੱਗੇ ਰਹੇ। ਇਹੋ ਕਾਰਨ ਹੈ ਕਿ ਜਦੋਂ ਲੱਖਾਂ ਲੋਕ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਸਨ, ਇਹਨਾਂ ਦੇ ਇੱਕ ਵੀ ਵਿਅਕਤੀ ਨੇ ਦੇਸ਼ ਦੀ ਅਜ਼ਾਦੀ ਵਿੱਚ ਕੋਈ ਹਿੱਸਾ ਨਹੀਂ ਪਾਇਆ। ਭਾਰਤ ਦੀ ਅਜ਼ਾਦੀ ਦੀ ਲਹਿਰ, ਜੋ ਕਿ ਪਹਿਲਾਂ ਤੋ ਹੀ ਚਲ ਰਹੀ ਸੀ,  ਉਹ  ਸੰਨ 1857 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਵਜੋ ਇੱਕ ਮੁਠ ਹੋ ਗਈ। ਇਸ ਉਪਰੰਤ ਲਗਾਤਾਰ ਚੱਲੇ ਸੁਤੰਤਰਤਾ ਸੰਘਰਸ਼ ਵਿੱਚ  ਹਰ ਧਰਮ, ਜਾਤ, ਖੇਤਰ ਤੇ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।  ਉਹਨਾਂ ਸਭ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਬਰਤਾਨਵੀ ਸਾਮਰਾਜ ਨੂੰ ਇੱਥੋਂ ਕੱਢਣਾ ਤੇ ਖ਼ੁਦਮੁਖ਼ਤਾਰ, ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਕਰਨਾ।  ਇਸ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ।  ਪਰ ਅੱਜ ਆਰ ਐਸ ਐਸ ਤੇ ਇਸਦੇ ਸਹਿਯੋਗੀ ਜਿਹੜੇ ਲੋਕ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ  ਉਹਨਾਂ ਨੇ ਇਸ ਲੰਮੇ ਚੱਲੇ ਸੁਤੰਤਰਤਾ ਸੰਗਰਾਮ ਵਿੱਚ ਅੰਗ੍ਰੇਜੀ ਸਾਮਰਾਜ ਦੇ ਵਿਰੁੱਧ ਇਕ ਵੀ ਨਾਅਰਾ ਨਹੀ ਮਾਰਿਆ ਸਗੋ ਅੰਗੇ੍ਰਜੀ ਸਰਕਾਰ ਦੀ ਮੁਖਬਰੀ ਕੀਤੀ ਤੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ਨੂੰ ਫੜਵਾਇਆ। ਇਹੋ ਕਾਰਨ ਹੈ ਕਿ ਗਾਂਧੀ ਦੇ ਕਾਤਲ ਗੌਡਸੇ ਦੇ ਨਾਮ ਤੇ ਮੰਦਰ ਬਣਾਏ ਜਾ ਰਹੇ ਹਨ। ਪੋ੍ਰ: ਜਗਮੋਹਨ ਨੇ ਕਿਹਾ ਕਿ ਦਾਮੋਦਰ ਸਾਵਰਕਰ, ਜਿਸਦੀ ਇਹ ਲੋਕ ਬਹੁਤ ਵਡਿਆਈ ਕਰਦੇ ਹਨ ਅੰਡੇਮਾਨ ਜੇਲ੍ਹ ਵਿਚੋਂ ਇਹ ਮਾਫੀ ਮੰਗ ਕੇ ਬਾਹਰ ਆਇਆ ਸੀ ਕਿ ਉਹ ਬਰਤਾਨਵੀ ਸਰਕਾਰ ਦੇ ਨਾਲ ਸਹਿਯੋਗ ਕਰੇਗਾ।  ਉਸਨੇ ਸਭ ਤੋਂ ਪਹਿਲਾਂ ਇਹ ਸਿਧਾਂਤ ਦਿੱਤਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ। ਇਸ ਸਿਧਾਂਤ ਨੇ ਦੋ ਰਾਸ਼ਟਰ ਦੇ ਵਿਚਾਰ ਨੂੰ ਜਨਮ ਦਿੱਤਾ ਤੇ ਭਾਰਤ ਦੀ ਵੰਡ ਹੋਈ। ਜਦੋਂ ਕਿ ਪਾਕਿਸਤਾਨ ਇੱਕ ਇਸਲਾਮੀ ਦੇਸ਼ ਦੇ ਤੌਰ ਤੇ ਬਣਿਆ ਪਰ ਭਾਰਤ ਇੰਨਕਲਾਬੀਆਂ, ਗਾਂਧੀ , ਨਹਿਰੂ ਅਤੇ ਕਮਿਉਨਿਸਟਾਂ ਦੀ ਦੂਰਦਰਸ਼ਿਤਾ ਦੇ ਨਤੀਜੇ ਵਜੋ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਵਿਕਸਿਤ ਹੋਇਆ। ਇਹੀ ਕਾਰਨ ਸੀ ਕਿ ਅਜ਼ਾਦੀ ਉਪਰੰਤ ਪਹਿਲੀਆਂ ਆਮ ਚੋਣਾਂ ਵਿੱਚ ਇਹਨਾਂ ਫ਼ਿਰਕੂ ਸ਼ਕਤੀਆਂ ਦੀ ਬੁਰੀ ਤਰਾਂ ਹਾਰ ਹੋਈ ਸੀ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਸੱਤਾ ਤੇ ਕਾਬਿਜ਼ ਹਨ। ਸਾਡੀ ਵਿਭਿੰਨਤਾ, ਆਰਥਿਕ, ਸਭਿਆਚਾਰਕ ਤੇ ਸਮਾਜਿਕ ਇੱਕਮੁਠਤਾ ਹੀ ਸਾਡੇ ਰਾਸ਼ਟਰ ਦਾ ਅਧਾਰ ਬਣਿਆ।  ਪਰ ਇਹ ਸਾਫ਼ ਹੈ ਕਿ ਅਜ਼ਾਦੀ ਤੋ ਬਾਅਦ ਸਾਡੇ ਦੇਸ਼ ਨੇ ਪੰੂਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਉਸਦੇ ਕਾਰਨ ਸਮਾਜ ਵਿੱਚ ਨਾਬਰਾਬਰੀ, ਆਰਥਿਕ ਪਾੜਾ, ਅਸੰਤੁਲਿਤ  ਇਲਾਕਾਈ ਵਿਕਾਸ ਹੋਣਾ ਸੁਭਾਵਿਕ ਹੀ ਸੀ।  ਇਸਦੇ ਨਤੀਜੇ ਵਜੋ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਮਸਲੇ ਪੈਦਾ ਹੋਏ ਜੋ ਕਿ ਇਸ ਪ੍ਰਬੰਧ  ਵਲੋ ਹੱਲ  ਨਹੀ ਹੋ ਸਕੇ। ਪਰ ਅਜ਼ਾਦੀ ਤੋ ਤੁਰੰਤ ਬਾਅਦ ਦੇ ਸਮੇ ਵਿੱਚ ਸਮਾਜਵਾਦੀ ਦਿਸ਼ਾ ਦੀਆਂ ਗੱਲਾਂ ਕੀਤੀਆਂ ਗਈਆਂ। ਸਮੂਚੇ ਤੌਰ ਤੇ ਕਾਬਿਜ਼ ਪੂੰਜੀਵਾਦੀ ਪ੍ਰਬੰਧ ਵਿੱਚ ਇਹ ਹੋਣਾ ਸੰਭਵ ਨਹੀ ਸੀ। ਪਰ ਦੇਸ਼ ਦੇ ਕੁਝ ਸੋਮਿਆਂ ਦੇ ਰਾਸ਼ਟ੍ਰੀਕਰਨ ਕਰਨ ਵਰਗੇ ਐਸੇ ਕਦਮ ਚੁੱਕੇ ਗਏ ਜਿਹਨਾਂ ਨੇ  ਅਜਾਰੇਦਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ। ਇਸੇ ਸਮੇ ਵਿੱਚ ਹੀ ਰਾਜਿਆਂ ਦੇ ਭੱਤੇ ਬੰਦ ਕੀਤੇ ਗਏ।  ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਵੇਂ ਬੈਂਕਾਂ ਦਾ ਕੌਮੀਕਰਣ ਹੋਵੇ, ਖਾਨਾ ਦਾ ਕੌਮੀਕਰਣ ਹੋਵੇ ਜਾਂ ਰਾਜਿਆਂ ਦੇ ਭੱਤੇ ਬੰਦ ਕਰਨ ਦਾ ਸੁਆਲ ਹੋਵੇ ਆਰ ਐਸ ਐਸ ਨੇ ਇਹਨਾਂ ਦਾ ਵਿਰੋਧ ਕੀਤਾ। ਸੰਬੋਧਨ ਕਰਦਿਆਂ  ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ: ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਅਜੋਕੇ ਹਾਲਾਤ 1930ਵੇ ਦੇ ਜਰਮਨੀ ਦੀਆਂ ਘਟਨਾਵਾਂ ਯਾਦ ਦਿਲਾਉੰਦੇ ਹਨ ਜਦੋ ਜਰਮਨੀ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਖੜਾ ਕੀਤਾ ਅਤੇ ਜਰਮਨ ਕੌਮ ਦੇ ਸਰਵ ਉੱਚ ਆਰਿਅਨ ਕੌਮ ਹੋਣ ਦਾ ਨਾਅਰਾ ਦਿੱਤਾ ਅਤੇ  ਬਨਾਵਟੀ ਜਰਮਨ ਕੌਮਵਾਦ ਨੂੰ ਉਭਾਰਿਆ।  ਇਹ ਅਸਲ ਵਿੱਚ ਜਰਮਨ ਕਾਰਪੋਰੇਟ ਖੇਤਰ ਦੀ ਦੁਨੀਆਂ ਦੇ ਅਰਥਚਾਰੇ ਤੇ ਗ਼ਲਬਾ ਪਾਉਣ ਦੀ ਖ਼ਾਹਿਸ਼ ਸੀ।  ਅੱਜ ਉਸੇ ਕਿਸਮ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਘਟ ਰਹੀਆਂ ਹਨ। ਇੱਕੋ ਵਿਅਕਤੀ ਨੂੰ ਉਭਾਰਿਆ ਜਾ ਰਿਹਾ ਹੈ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਭਾਰਤ ਨੰੂ ਦੁਨੀਆਂ ਦੀ ਮਹਾਨ ਸ਼ਕਤੀ ਬਣਾ ਦੇਵੇਗਾ।  ਇਸ ਲਈ ਇੱਕੋ ਕਿਸਮ ਦੇ ਸਭਿਆਚਾਰ ਨੂੰ ਪ੍ਰਫ਼ੁਲਿੱਤ ਕਰਕੇ ਥੋਪਿਆ ਅਤੇ ਦੂਸਰੇ ਵਿਚਾਰਾਂ ਨੂੰ ਦਬਾਇਆ ਜਾ ਰਿਹਾ ਹੈ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਇਹ ਬੜੀ ਗੰਭੀਰ ਗੱਲ ਹੈ ਕਿ ਜਿਹੜੇ ਸੱਤਾ ਵਿੱਚ ਬੈਠੇ ਇਹਨਾਂ ਕੱਟੜਪੰਥੀ ਹਿੰਦੂਤਵ ਵਾਦੀਆਂ ਨਾਲ ਸਹਿਮਤ ਨਾਂ ਹੋਣ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਾਨੋ ਵੀ ਮਾਰਿਆ ਜਾ ਰਿਹਾ ਹੈ। ਪਿਛਲੇ ਸਮੇ ਦਭੋਲਕਰ, ਪੰਸਰੇ ਅਤੇ ਕੁਲਬਰਗੀ ਦੀਆਂ ਹੱਤਿਆਵਾਂ ਇਸਦੀਆਂ ਜਿਊਦੀਆਂ ਜਾਗਦੀਆਂ ਮਿਸਾਲਾਂ ਹਨ। ਜਿਹੜੇ ਤਰਕਸ਼ੀਲ ਤੇ ਵਿਗਿਆਨਿਕ ਸੋਚ ਰਖਦੇ ਹਨ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਊਨਾਂ ਵਿਖੇ ਦਲਿਤਾਂ ਦੇ ਨਾਲ ਕੁੱਟਮਕਾਰ ਤੇ ਦਾਦਰੀ ਵਿਖੇ ਅਖ਼ਲਾਕ ਦਾ ਕਤਲ ਅਤੀ ਘਿਨੌਣੀਆਂ ਘਟਨਾਵਾਂ ਹਨ। ਹਿਟਲਰ ਦੇ ਪ੍ਰਚਾਰ ਸਕੱਤਰ ਗੋਏਬੈਲ ਦੇ ਸਿਧਾਂਤ ਕਿ ਇੱਕ ਝੂਠ ਨੰੂ ਵਾਰ ਵਾਰ ਬੋਲੋ ਤਾਂ ਉਹ ਸੱਚ ਬਣ ਜਾਂਦਾ ਹੈ, ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਲਈ ਆਪਾਂ ਦੇਖ ਸਕਦੇ ਹਾਂ ਕਿ 15 ਲੱਖ  ਜਾਂ ਵਿਦੇਸ਼ੀ ਬੈਂਕਾਂ ਤੋਂ ਪੈਸੇ ਲਿਆਣ ਤੋਂ ਲੈਕੇ ਨੋਟਬੰਦੀ ਤੱਕ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਤੇ ਪਰਚਾਰ ਤੰਤਰ ਰਾਹੀਂ ਇਸਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚੁਣੇ ਹੋਏ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ   ਕਨ੍ਹਈਆਂ ਕੁਮਾਰ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਫਸਾਉਣ ਦੇ ਲਈ ਘਟਨਾਵਾਂ ਦੇ ਤੱਥਾਂ ਨੰੂ ਝੂਠੀ ਵੀਡੀਓ ਫ਼ਿਲਮ  ਬਣਾ ਕੇ ਕੁਝ ਚੈਨਲਾਂ ਦੀ ਮਦਦ ਨਾਲ ਤੋੜ ਮਰੇੜ ਕੇ ਇੰਝ ਪੇਸ਼ ਕੀਤਾ ਗਿਆ ਜਿਵੇ ਕਿ ਉਹ ਦੋਸ਼ੀ ਹੈ। ਇਹ ਝੂਠ ਹੁਣ ਸ੍ਹਾਮਣੇ ਆਗਿਆ ਹੈ ਕਿਉੰਕਿ ਪੁਲਿਸ ਵਲੋਂ ਤਿਆਰ ਚਾਰਜਸ਼ੀਟ ਵਿੱਚ ਕਨ੍ਹਈਆ ਦਾ ਨਾਮ ਨਹੀਂ ਹੈ ਅਤੇ ਹੁਣੇ ਜਿਹੇ ਦੇਸ਼ ਦੇ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ।  ਘਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ ਤੇ ਇਹਨਾਂ ਕਤਲਾਂ ਨੂੰ ਗਊ ਦੇ ਮਾਂਸ ਦਾ ਬਹਾਨਾ ਲਗਾ ਕੇ ਸਹੀ ਠਹਿਰਾਇਆ ਜਾ ਰਿਹਾ ਹੈ। ਪਰ ਭਾਰਤ  ਜਰਮਨੀ ਨਹੀ ਹੈ। ਸਾਡੇ ਦੇਸ਼ ਦੇ ਉਸ ਨਾਲੋ ਬਹੁਤ ਸਾਰੇ ਵਖਰੇਵੇ ਹਨ।  ਸਾਡੇ ਇੱਥੇ ਬਹੁਪੱਖੀ ਸਭਿਆਚਾਰ ਹੈ। ਦੂਜੇ ਸਭਿਆਚਾਰਾਂ ਦੇ ਲੋਕ ਵੀ ਹੁਣ ਹਰ ਤਰਾਂ ਦੀ ਜ਼ਿਆਦਤੀ ਦੇ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰ ਰਹੇ ਹਨ। ਇਸਤੋ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਅਜ਼ਾਦੀ ਦੇ ਸੰਗਰਾਮ ਦੇ ਦੌਰਾਨ ਸਾਮਰਾਜ ਵਿਰੋਧੀ ਵਿਚਾਰਧਾਰਾ ਸਾਡੇ ਅੰਦਰ ਘਰ ਕਰ ਗਈ ਹੈ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਲੰਮੇਂ ਸਮੇਂ ਵਿੱਚ ਆਰ ਐਸ ਐਸ ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀੰ ਹੋਣਗੇ। ਪਰ ਅਵੇਸਲੇ ਹੋਣ ਦਾ ਸਮਾਂ ਨਹੀ ਅਤੇ ਇਹਨਾਂ ਕੱਟੜਪੰਥੀਆਂ ਅਤੇ ਰੂੜ੍ਹੀਵਾਦੀਆਂ ਨੂੰ  ਘਟਾ ਕੇ ਨਹੀ ਦੇਖਿਆ ਜਾਣਾ ਚਾਹੀਦਾ। ਇਹਨਾਂ ਦੇ ਖਿਲਾਫ਼ ਸਾਰੇ ਦੇਸ਼ ਭਗਤ ਤੇ ਅਗਾਂਹਵਧੂ ਲੋਕਾਂ ਵਲੋ ਲਗਾਤਾਰ ਵਿਸ਼ਾਲ ਵਿਚਾਰਧਾਰਕ, ਰਾਜਨੀਤਿਕ ਤੇ ਸਮਾਜਿਕ ਸੰਘਰਸ਼ ਜਾਰੀ ਰੱਖਣਾ ਸਮੇ ਦੀ ਲੋੜ ਹੈ।  ਭਾ ਕ ਪਾ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਅੱਜ ਸੰਘਰਸ਼ ਦਾ ਸਮਾਂ ਹੈ ਤੇ ਇੱਕ ਵਿਸ਼ਾਲ ਏਕੇ ਦੇ ਨਾਲ ਹੀ ਇਹਨਾਂ ਅੱਤ ਦੀਆਂ ਪਿਛਾਂਹ ਖਿੱਚੂ ਸ਼ਕਤੀਆਂ ਨੂੰ ਰੋਕਿਆ ਜਾ ਸਕਦਾ ਹੈ।  
ਇਸ ਮੌਕੇ ਤੇ ਕਨ੍ਹਈਆ ਕੁਮਾਰ ਵਲੋਂ ਲਿਖੀ ਕਿਤਾਬ ਬਿਹਾਰ ਤੋਂ ਤਿਹਾੜ ਤੱਕ ਵੀ ਰਿਲੀਜ਼ ਕੀਤੀ ਗਈ। ਇਸਦੀਆਂ ਕਾਪੀਆਂ ਪ੍ਰਬੰਧਕਾਂ ਨੇ ਕੁਝ ਚੋਣਵੇਂ ਮੀਡੀਆ ਵਾਲਿਆਂ ਨੂੰ ਹੀ ਦਿੱਤੀਆਂ ਉਹ ਵੀ ਪਰਦੇ ਨਾਲ।        
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਕਾਮਰੇਡ  ਗੁਰਨਾਮ ਸਿੱਧੂ, ਕਾਮਰੇਡ, ਡਾ: ਗੁਲਜ਼ਾਰ ਪੰਧੇਰ, ਕਾਮਰੇਡ, ਕੇਵਲ ਬਨਵੈਤ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਕਾਮੇਸ਼ਵਰ, ਕਾਮਰੇਡ ਲਲਿਤ ਕੁਮਾਰ ਅਤੇ ਕਈ  ਹੋਰ ਵੀ।   ਬੁਲਾਰਿਆਂ ਨੇ ਬਹੁਤ ਕੁਝ ਸਰੋਤਿਆਂ ਸਾਹਮਣੇ ਰੱਖਿਆ ਪਰ ਲੱਗਦਾ ਸੀ ਕਿ ਜਿਵੇਂ ਇਹਨਾਂ ਸਰੋਤਿਆਂ ਨੂੰ ਇਸ ਵਿਸ਼ੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਕੋਈ ਉਬਾਸੀਆਂ ਲੈ ਰਿਹਾ ਸੀ, ਕੋਈ ਸੋ ਰਿਹਾ ਸੀ, ਕੋਈ ਮੋਬਾਈਲ 'ਤੇ ਵਟਸਐਪ ਦੇਖ ਰਿਹਾ ਸੀ...। ਅਜਿਹੀਆਂ ਕਮੀਆਂ ਦੇ ਬਾਵਜੂਦ ਇਹ ਇੱਕ ਸਫਲ ਪ੍ਰੋਗਰਾਮ ਸੀ ਜਿਸ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਰਵਾਇਤੀ ਅੰਦਾਜ਼ ਨਾਲੋਂ ਹਟ ਕੇ ਮਨਾਇਆ ਅਤੇ ਸ਼ਸ਼ੀਦਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਲਿਜਾਣ ਦਾ ਇੱਕ ਠੋਸ ਉਪਰਾਲਾ ਕੀਤਾ। 

No comments: