Monday, July 01, 2013

ਪੰਜਾਬੀ ਸਾਹਿਤ ਅਕਾਡਮੀ ਦਾ ਵਫ਼ਦ ਤਿਵਾੜੀ ਨੂੰ ਮਿਲਿਆ

ਪੰਜਾਬੀ ਭਾਸ਼ਾ ਬਾਰੇ ਦਿੱਲੀ ਯੂਨੀਵਰਸਿਟੀ ਦੇ ਫੈਸਲੇ ਦੀ ਤਿੱਖੀ ਵਿਰੋਧਤਾ ਸ਼ੁਰੂ 
ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਨੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ
ਲੁਧਿਆਣਾ : 01 ਜੁਲਾਈ (ਰੈਕਟਰ ਕਥੂਰੀਆ):ਰਸਮੀ ਨਿਖੇਧੀਆਂ ਅਤੇ ਅਖਬਾਰੀ ਵਿਰੋਧਾਂ ਵਾਲੇ ਬਹੁ ਪ੍ਰਚਲਿਤ ਅੰਦਾਜ਼ ਤੋਂ ਇੱਕ ਵਾਰ ਫਿਰ ਉੱਪਰ ਉਠਦਿਆਂ ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਹਿੱਤਾ ਅਤੇ ਹੱਕਾਂ ਲਈ ਇੱਕ ਹੋਰ ਠੋਸ ਕਦਮ ਉਠਾਇਆ ਹੈ। ਅਕਾਦਮੀ ਦੇ ਇੱਕ ਵਫਦ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਨਾਲ ਮੁਲਾਕਾਤ ਕਰਕੇ ਇਹ ਸਾਰਾ ਮਸਲਾ ਉਠਾਇਆ ਅਤੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਭਰੋਸਾ ਵੀ ਹਾਸਿਲ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰਨਾਂ ਸਰਗਰਮ ਅਹੁਦੇਦਾਰਾਂ ਦਾ ਇਹ ਵਫ਼ਦ ਅੱਜ ਇਥੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੂੰ ਮਿਲਿਆ ਅਤੇ ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਇੱਕ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਜਸਵੰਤ ਜ਼ਫ਼ਰ, ਅੰਤ੍ਰਿੰਗ ਬੋਰਡ ਦੇ ਮੈਂਬਰ ਤ੍ਰੈਲੋਚਨ ਲੋਚੀ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਵੀ ਹਾਜ਼ਰ ਸਨ। ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਪਹਿਲਾਂ ਹੀ ਪੜ੍ਹਾਏ ਜਾਂਦੇ ਕੋਰਸਾਂ ਦੀ ਥਾਂ ’ਤੇ ਫ਼ਾਊਂਡੇਸ਼ਨ ਕੋਰਸ ਅਤੇ ਅਪਲਾਈਡ ਕੋਰਸ ਵਾਲੇ ਸਿਲੇਬਸ ਲਾਗੂ ਕਰਕੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਾਂ ’ਤੇ ਦਿਖਾਵੇ ਵਜੋਂ ਪੰਜਾਬੀ ਭਾਸ਼ਾ ਪੜ੍ਹਾਏ ਜਾਣ ਦਾ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਦਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਮੁਨੀਸ਼ ਤਿਵਾੜੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ ਕਿ ਦਿੱਲੀ ਵਿਚ ਇਕ ਪਾਸੇ ਪੰਜਾਬੀ ਦੂਸਰੀ ਭਾਸ਼ਾ ਵਜੋਂ ਪ੍ਰਵਾਣਿਤ ਹੈ ਪਰ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪਹਿਲਾਂ ਮਿਲੇ ਥਾਂ ਤੋਂ ਵੀ ਪਿੱਛੇ ਹਟ ਰਹੀ ਹੈ। ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਹੱਕੀ ਥਾਂ ਦਿਵਾਉਣ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਹੋਰਾਂ ਆਖਿਆ ਕਿ ਦਿੱਲੀ ਯੂਨੀਵਰਸਿਟੀ ਦਾ ਉਪਰੋਕਤ ਫ਼ੈਸਲਾ ਪੰਜਾਬੀਆਂ ਖ਼ਾਸ ਕਰਕੇ ਦਿੱਲੀ ਵਿਚ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਸਿਰਜਣਾਤਮਕ ਸੰਭਾਵਨਾਵਾਂ ਪੈਦਾ ਕਰਨ ਦੇ ਮੌਕਿਆਂ ਦੇ ਐਨ ਉਲਟ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਅਤੇ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਐਸ.ਪੀ. ਸਿੰਘ ਹੋਰਾਂ ਮੰਗ ਕੀਤੀ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਨਾ ਸਿਰਫ਼ ਪਹਿਲਾ ਦਰਜਾ ਹੀ ਮਿਲੇ ਸਗੋਂ ਵਿਸ਼ਵੀਕਰਨ ਦੇ ਸੰਦਰਭ ਵਿਚ ਇਸ ਭਾਸ਼ਾ ਦੀ ਉੱਚ ਵਿੱਦਿਆ ਦਾ ਪ੍ਰਬੰਧ ਕਰਕੇ ਸਿਲੇਬਸ ਨੂੰ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਅਨੁਸਾਰ ਬਣਾ ਕੇ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਗੱਲ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਪਰੋਕਤ ਵਿਚਾਰਾਂ ਨੂੰ ਇਕੱਠੇ ਕੀਤਾ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਅੰਤਰਿੰਗ ਬੋਰਡ ਮੈਂਬਰ ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਅਤੇ ਪ੍ਰੋ. ਨਰਿੰਜਨ ਤਸਨੀਮ, ਸ੍ਰੀ ਮਿੱਤਰ ਸੈਨ ਮੀਤ ਸਮੇਤ ਕਾਫ਼ੀ ਗਿਣਤੀ ਵਿਚ ਲੇਖਕਾਂ ਨੇ ਵਿਚਾਰ ਕੇ ਇਹ ਬਿਆਨ ਪ੍ਰੈੱਸ ਨੂੰ ਜਾਰੀ ਕੀਤਾ। ਹੁਣ ਦੇਖਣਾ ਇਹ ਹੈ ਕਿ ਇਹ ਮਸਲਾ ਕਿੰਨੀ ਜਲਦੀ ਹੱਲ ਕੀਤਾ ਜਾਂਦਾ ਹੈ। 


No comments: