Sunday, August 29, 2010

ਇਸ ਸਾਂਝ ਨੂੰ ਕਿਸਦੀ ਨਜ਼ਰ ਲੱਗ ਗਈ..?

ਸਮੇਂ ਸਮੇਂ ਤੇ ਪੰਜਾਬ ਲਈ ਕੁਰਬਾਨੀਆਂ ਉਹਨਾਂ ਪੰਜਾਬੀਆਂ ਨੇ ਹੀ ਦਿੱਤੀਆਂ ਜਿਹਨਾਂ ਦੀ ਇਸ ਧਰਤੀ ਮਾਂ ਨਾਲ ਵੀ ਜਜ਼ਬਾਤੀ ਸਾਂਝ ਸੀ ਅਤੇ ਇਸ ਧਰਤੀ ਤੇ ਰਹਿਣ ਵਾਲਿਆਂ ਨਾਲ ਵੀ. ਸ਼ਬਦ ਪੰਜਾਬੀਆਂ ਦੀ ਵਰਤੋਂ ਮੈਂ ਇਸ ਲਈ ਕੀਤੀ ਹੈ ਕਿਓਂਕਿ ਬਹੁਤ ਸਾਰੇ ਪੰਜਾਬੀ ਦੋਖੀ ਬਹੁਤ ਪਹਿਲਾਂ ਹੀ  ਪੰਜਾਬੀਅਤ ਤੋਂ ਪੂਰੀ ਤਰਾਂ ਮੁਨਕਰ ਹੋ ਗਏ ਸਨ. ਪੰਜਾਬ ਦੇ ਹਿੱਤਾਂ ਅਤੇ ਹੱਕਾਂ ਲਈ ਅੰਦੋਲਨ ਭਾਵੇਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸ਼ੁਰੂ ਹੋਇਆ ਤੇ ਭਾਵੇਂ  ਇੰਨਕ਼ਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ; ਹਰ ਵਾਰ ਇਹੀ ਲੋਕ ਅੱਗੇ ਆਏ.  

ਝੰਡਾ ਲਾਲ ਸੀ ਜਾਂ ਕੇਸਰੀ ਇਸ ਝੰਡੇ ਦਾ ਸਨਮਾਣ ਕਰਨ ਵਾਲਿਆਂ ਨੇ ਜਾਨਾਂ ਦੀ ਬਾਜ਼ੀ ਲਗਾ ਕੇ ਵੀ ਆਪਣਾ ਕੌਲ ਨਿਭਾਇਆ. ਝੰਡੇ ਭਾਵੇਂ ਅੱਡੋ ਅੱਡ ਸਨ , ਇਹਨਾਂ ਦੇ ਰੰਗ ਵੱਖੋ ਵੱਖ ਸਨ.ਪਰ ਸਾਂਝ ਦੋਹਾਂ ਧਿਰਾਂ ਦੀ ਪੱਕੀ ਹੁੰਦੀ ਸੀ. ਮੈਨੂੰ ਯਾਦ ਹੈ ਕਿ ਲੋਕ ਟੋਹੜਾ ਸਾਹਿਬ ਨੂੰ ਕਾਮਰੇਡ ਗੁਰਚਰਨ ਸਿੰਘ ਟੋਹੜਾ ਅਤੇ ਕਾਮਰੇਡ ਸੁਰਜੀਤ ਨੂੰ ਜਥੇਦਾਰ ਹਰਕਿਸ਼ਨ ਸਿੰਘ ਸੁਰਜੀਤ ਤੱਕ ਆਖਣ ਲੱਗ ਪਏ ਸਨ. ਜਦੋਂ ਵੀ ਪੰਜਾਬ ਲਈ ਜਾਨ ਦੀ ਬਾਜ਼ੀ ਲਾਉਣ ਦਾ ਵੇਲਾ ਆਇਆ ਤਾਂ ਇਹਨਾਂ ਦੋਹਾਂ ਧਿਰਾਂ ਦੇ ਕਾਰਕੁੰਨ ਹੀ ਅੱਗੇ ਆਏ. ਹਰ ਤਰਾਂ ਦੀ ਸਖਤੀ ਝੱਲੀ, ਹਰ ਤਰਾਂ ਦੀ ਕੁੱਟ ਖਾਧੀ ਪਰ ਨਾ ਤਾਂ ਕਦੇ ਇਸ ਸਾਂਝ ਵਿੱਚ ਕੋਈ ਕਮੀ ਆਉਣ ਦਿੱਤੀ ਅਤੇ ਨਾ ਹੀ ਬੁਲੰਦ ਆਵਾਜ਼ ਦੀ ਸੁਰ ਨੀਵੀਂ ਹੋਣ ਦਿੱਤੀ. ਹਿੰਦੀ ਅਖਬਾਰ ਜਨਸੱਤਾ ਲਈ ਕੰਮ ਕਰਦਿਆਂ ਮੈਨੂੰ ਜ਼ਿਲਾ ਸੰਗਰੂਰ ਵਿੱਚ ਸੀ ਪੀ ਐਮ ਅਖਬਾਰ ਦੇ ਕਾਮਰੇਡਾਂ ਵੱਲੋਂ ਵੀ ਬਹੁਤ ਹੀ ਪਿਆਰ ਅਤੇ ਸਹਿਯੋਗ ਦਿੱਤਾ ਜਾਂਦਾ ਸੀ. ਉਦੋਂ ਨਾਂ ਤਾਂ ਫੈਕਸਾਂ ਹੁੰਦੀਆਂ ਸਨ ਅਤੇ ਨਾਂ ਹੀ ਇੰਟਰਨੈਟ ਪਰ ਮੈਨੂੰ ਖਬਰਾਂ ਭੇਜਣ ਲਈ ਆਉਂਦੀਆਂ ਬਹੁਤ ਸਾਰੀਆਂ ਦਿੱਕਤਾਂ ਕਾਮਰੇਡਾਂ ਦੇ ਦਫਤਰ ਪੁੱਜ ਕੇ ਦੂਰ ਹੋ ਜਾਂਦੀਆਂ ਸਨ. ਖਬਰ ਦਾ ਪੈਕੇਟ ਰੋਡਵੇਜ਼ ਯੂਨੀਅਨ ਵਾਲਾ ਬੰਦਾ ਲੈ ਜਾਂਦਾ ਸੀ ਤੇ ਇਹ ਕਦੇ ਵੀ ਵੇਲਿਓਂ ਨਹੀਂ ਸੀ ਖੁੰਝੀ; ਹਾਲਾਂਕਿ ਕਈ ਵਾਰ ਇਸ ਪੈਕੇਟ ਵਿਚਲੀਆਂ ਖਬਰਾਂ ਪੂਰੀ ਤਰਾਂ ਕਾਮਰੇਡਾਂ ਦੇ ਉਲਟ ਵੀ ਹੁੰਦੀਆਂ ਸਨ. ਮੇਰਾ ਆਉਣ ਜਾਣ ਕਾਮਰੇਡਾਂ ਦੇ ਵਿਰੋਧੀਆਂ ਨਾਲ ਵੀ ਸੀ. ਪਰ ਕਦੇ ਕਿਸੇ ਨੇ ਮੱਥੇ ਤੇ ਤਿਊੜੀ ਨਹੀਂ ਸੀ ਪਾਈ. ਉਦੋਂ ਉਸ ਦਫਤਰ ਵਿੱਚ ਮੇਰੇ ਲਈ ਸਭ ਤੋਂ ਵਧ ਹੈਰਾਨੀ ਵਾਲੀ ਗੱਲ ਹੁੰਦੀ ਸੀ ਅੰਮ੍ਰਿਤਧਾਰੀ ਕਾਮਰੇਡਾਂ ਨਾਲ ਵਿਚਰਨਾ. ਲੰਮੇ ਲੰਮੇ ਕਛਹਿਰੇ, ਕੁਰਤੇ-ਪਜਾਮੇ ਅਤੇ ਗਾਤਰੇ ਵਾਲੀਆਂ ਕਿਰਪਾਨਾ. ਇਹਨਾਂ ਸਾਰੇ ਕਕਾਰਾਂ ਦੀ ਸੰਭਾਲ ਓਹ ਸ਼ਾਇਦ ਉਸ ਵੇਲੇ ਦੇ ਅਕਾਲੀਆਂ ਨਾਲੋਂ ਵੀ ਵਧੇਰੇ ਸਤਿਕਾਰ ਨਾਲ ਕਰਦੇ ਸਨ. ਨੇਮ ਨਾਲ ਪੰਜਾਂ ਬਾਣੀਆਂ ਦਾ ਪਾਠ ਉਹ ਕਦੇ ਨਹੀਂ ਸਨ ਭੁੱਲਦੇ. ਜਦੋਂ ਨਕਸਲਬਾੜੀ ਲਹਿਰ ਪੰਜਾਬ ਵਿੱਚ  ਸ਼ੁਰੂ ਹੋਈ ਤਾਂ ਇੱਕ ਪਰਚੇ ਦਾ ਨਾਮ ਸੀ ਰੋਹਲੇ ਬਾਣ, ਫਿਰ ਇੱਕ ਹੋਰ ਦਾ ਨਾਮ ਸੀ ਜੈਕਾਰਾ, ਇੱਕ ਹੋਰ ਪਰਚਾ ਨਿਕਲਿਆ ਕਰਦਾ ਸੀ ਉਸਦਾ ਨਾਮ ਸੀ ਜ਼ਫਰਨਾਮਾ. ਕਿੰਨੀ ਨੇੜਤਾ ਸੀ ਗੁਰੂਘਰ  ਦੀ ਗੁਰਬਾਣੀ ਅਤੇ ਲਾਲ ਝੰਡੇ ਵਾਲਿਆਂ ਦੇ ਦਰਮਿਆਨ...! ਪਤਾ ਨਹੀਂ; ਕਿਰਤੀਆਂ ਅਤੇ ਧਰਮੀਆਂ ਦੀਆਂ ਇਹਨਾਂ ਪਾਰਟੀਆਂ ਦੀ ਸਾਂਝ ਨੂੰ ਕਿਸਦੀ ਨਜ਼ਰ ਲੱਗ ਗਈ. ਕਾਮਰੇਡਾਂ ਤੇ ਹਮਲੇ ਹੋਏ, ਉਹਨਾਂ ਦੇ ਪਰਿਵਾਰਾਂ ਤੇ ਹਮਲੇ ਹੋਏ, ਕਿੰਨੇ ਹੀ ਖੱਬੇ ਪੱਖੀ ਸ਼ਹੀਦ ਹੋਏ.....ਅੱਗੋਂ ਕਾਮਰੇਡਾਂ ਨੇ ਵੀ ਮੋਰਚੇ ਖੋਹਲੇ.....ਅਖੀਰ ਉਹੀ ਹੋਇਆ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ. ਜਬਰ ਜ਼ੁਲਮ ਦੇ  ਖਿਲਾਫ਼ ਟੱਕਰ ਲੈਣ ਵਾਲੀਆਂ ਦੋਵੇਂ ਧਿਰਾਂ ਹੀ ਇੱਕ ਦੂਜੇ ਦੇ ਖਿਲਾਫ਼ ਆ ਗਈਆਂ. ਹੋਲੀ ਹੋਲੀ ਹਾਲਤ ਏਥੋਂ ਤੀਕ ਪੁੱਜ ਗਈ ਕਿ ਧਰਮ ਲਈ ਮਰ ਮਿਟਣ ਵਾਲੀ ਇਸ ਬਹਾਦਰ ਕੌਮ ਦੀ ਪਾਰਟੀ ਨੇ ਉਹਨਾਂ ਨਾਲ ਹੀ ਆਪਣੀ ਸਾਂਝ ਪਾ ਲਈ ਜਿਹੜੇ ਆਖਦੇ ਸਨ ਕਿ ਹਾਂ ਅਸੀਂ ਇੰਦਰਾਂ ਨੂੰ ਮਜਬੂਰ ਕੀਤਾ ਕਿ ਉਹ ਹਰਿਮੰਦਰ ਸਾਹਿਬ ਤੇ ਹਮਲਾ ਕਰੇ. ਇਹ ਉਹੀ ਲੋਕ ਸਨ ਜਿਹਨਾਂ ਬਲਿਊ ਸਟਾਰ ਆਪ੍ਰੇਸ਼ਨ ਦੇ ਮੌਕੇ ਤੇ ਮਠਿਆਈਆਂ ਵੰਡੀਆਂ ਸਨ, ਇੰਦਰਾਂ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ. ਇਸ ਸਾਰੇ ਵਰਤਾਰੇ ਵਿੱਚ ਕਿਰਤੀ ਕਿਸਾਨਾਂ ਦੇ ਇਹ ਦੋਵੇਂ ਵਰਗ ਕਦੋਂ ਇੱਕ ਦੂਜੇ ਦੇ ਦੁਸ਼ਮਣ ਬਣ ਖਲੋਤੇ ਕਿਸੇ ਨੂੰ ਕੁਝ ਪਤਾ ਤੱਕ ਵੀ ਨਹੀਂ ਲੱਗਾ. ਮੈਨੂੰ ਇਹ ਸਭ ਕੁਝ ਯਾਦ ਆਇਆ ਜਦੋਂ ਅਚਾਨਕ ਹੀ ਕੁਝ ਸਤਰਾਂ ਮੇਰੀ ਨਜ਼ਰੀਂ ਪਈਆਂ. ਆਪਣੀਆਂ ਇਹਨਾਂ ਸਤਰਾਂ ਵਿੱਚ Navtej Kalsi ਹੁਰਾਂ ਨੇ ਕਿਹਾ ਕਿ ਸਿਖਇਜ਼ਮ  ਦੇ ਬਾਨੀ ਬਾਬੇ ਨਾਨਕ ਨੇ ਤਿੰਨ ਮੂਲ ਸਿਧਾਂਤ ਦਿਤੇ 1. ਕਿਰਤ ਕਰੋ 2. ਨਾਮ ਜਪੋ 3. ਵੰਡ ਕੇ ਛਕੋ। ਜੇਕਰ ਸਿਧਾਂਤ 2 ਨੂੰ ਕੱਢ ਦੇਈਏ ਤਾਂ ਬਾਕੀ ਦੇ ਦੋ ਸਿਧਾਂਤ ਹੀ ਤਾਂ ਮਾਰਕਸਿਜ਼ਮ ਦੇ ਬਾਨੀ ਬਾਬੇ ਮਾਰਕਸ ਨੇ ਵੀ ਦਿਤੇ ਹਨ। ਸੋ ਹੈ ਕਿ ਨਹੀਂ ਸਿਖਿਜ਼ਮ ਤੇ ਮਾਰਕਸਿਜ਼ਮ ਦੇ ਮੂਲ ਸਿਧਾਂਤਾਂ ਵਿਚ ਨੇੜਲਾ ਸੰਬੰਧ? ਮਹਾਨ ਫਿਲਾਸਫਰਾਂ ਦੀਆਂ ਵਿਚਾਰਧਾਰਾਵਾਂ ਮਨੁਖਤਾ ਦਾ ਭਲਾ ਈ ਲੋਚਦੀਐਂ, ਸ਼ਬਦ ਕਿਵੇਂ ਵੀ ਵਰਤੇ ਜਾਣ। ਪਰ ਸਾਡੀ ਨਜ਼ਰ ਦਾ ਟੀਰ ਸਾਨੂੰ ਸਾਵਾਂ ਨਹੀਂ ਰਹਿਣ ਦਿੰਦਾ ਤੇ ਇਕ ਹੀ ਵਿਚਾਰਧਾਰਾ ਦਾ ਝੋਲੀਚੁਕ ਬਣਾ ਦਿੰਦੈ।

ਏਸੇ ਦੌਰਾਨ ਇੱਕ ਹੋਰ ਲਿਖਤ ਨਜਰੀਂ ਪਈ ਪ੍ਰਭਸ਼ਰਣਬੀਰ  ਸਿੰਘ ਹੁਰਾਂ ਦੀ. ਉਹਨਾਂ ਆਪਣੀ ਇਸ ਜੁਆਬੀ ਲਿਖਤ ਵਿੱਚ ਕਿਹਾ ਹੈ, "ਜਦੋਂ ਵੀ ਮੈਂ ਪੰਜਾਬ ਦੇ ਪਿਛਲੀ ਅੱਧੀ ਸਦੀ ਦੇ ਇਤਿਹਾਸ ਉੱਤੇ ਨਿਗਾਹ ਮਾਰਦਾ ਹਾਂ ਤਾਂ ਅਨੇਕਾਂ ਸੁਆਲ ਮੇਰੇ ਜ਼ਿਹਨ ਵਿੱਚ ਆ ਖੜ੍ਹਦੇ ਹਨ। ਉਨ੍ਹਾਂ ਸਵਾਲਾਂ ਵਿੱਚੋਂ ਇੱਕ ਸਭ ਤੋਂ ਵੱਧ ਅਹਿਮ ਸੁਆਲ ਇਹ ਹੈ ਕਿ ਪੰਜਾਬ ਦੀ ਧਰਤੀ ਉੱਤੇ ਜਨਮੇ ਅਤੇ ਇੱਥੋਂ ਦੀ ਹਵਾ ਵਿੱਚ ਸਾਹ ਲੈਣ ਵਾਲੇ, ਇੱਥੋਂ ਦਾ ਪਾਣੀ ਪੀਣ ਵਾਲੇ ਅਤੇ ਪੰਜਾਬ ਦਾ ਅੰਨ ਖਾਣ ਵਾਲੇ ਪੰਜਾਬ ਦੇ ਕਾਮਰੇਡਾਂ ਦੇ ਮਨਾਂ ਅੰਦਰ ਪੰਜਾਬ ਦੀ ਸਭ ਤੋਂ ਸੁੱਚੀ ਵਿਰਾਸਤ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖੀ ਵਿਰੁੱਧ ਏਨੀ ਕਹਿਰਾਂ ਭਰੀ ਨਫਰਤ ਕਿੱਥੋਂ ਆਈ। ਇਸ ਬੇ-ਪਨਾਹ ਨਫਰਤ ਦੀਆਂ ਜੜ੍ਹਾਂ ਕਿੱਥੇ ਹਨ? 1849 ਈ. ਵਿੱਚ ਅੰਗਰੇਜ਼ਾਂ ਵਲੋਂ ਧੋਖੇ ਅਤੇ ਮੱਕਾਰੀ ਨਾਲ ਸਿੱਖ ਰਾਜ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਅੱਜ ਤੱਕ ਸਿੱਖਾਂ ਦੇ ਹੱਥ ਤਾਂ ਤਾਕਤ ਕਦੇ ਆਈ ਹੀ ਨਹੀਂ। ਉਦੋਂ ਤੋਂ ਲੈ ਕੇ ਹੁਣ ਤੱਕ ਪੂਰੀ ਡੇਢ ਸਦੀ ਦੌਰਾਨ ਸਿੱਖਾਂ ਤਾਂ ਹਮੇਸ਼ਾਂ ਹੀ ਸਥਾਪਤ ਤਾਕਤਾਂ ਦੇ ਵਿਰੁੱਧ ਮਜ਼ਲੂਮਾਂ ਦੀ ਧਿਰ ਬਣ ਕੇ ਲੜਦੇ ਆਏ ਹਨ ਅਤੇ ਲੜ ਰਹੇ ਹਨ। ਡੇਢ ਸਦੀ ਦੌਰਾਨ ਕਹਿਰਾਂ ਭਰੇ ਤਸ਼ੱਦਦਾਂ ਦੇ ਦੌਰਾਂ ਨੂੰ ਆਪਣੇ ਪਿੰਡੇ ਉੱਤੇ ਝੱਲਣ ਦੇ ਬਾਵਜੂਦ ਵੀ ਕਿਉਂ ਪੰਜਾਬ ਦੇ ਕਾਮਰੇਡਾਂ ਨੂੰ ਸਿੱਖ ਵਿਹੁ ਵਰਗੇ ਲਗਦੇ ਹਨ। ਕਾਮਰੇਡਾਂ ਵਲੋਂ ਪੰਜਾਬ ਦੇ ਇਤਿਹਾਸ ਅਤੇ ਇੱਥੋਂ ਦੀ ਸਮਾਜਿਕ-ਆਰਥਿਕ ਬਣਤਰ ਦੀ ਕੀਤੀ ਗਈ ਵਿਆਖਿਆ ਵਿੱਚੋਂ ਵੀ ਸਿੱਖ ਵਿਰੋਧੀ ਨਫਰਤ ਡੁੱਲ੍ਹ ਡੁੱਲ੍ਹ ਕੇ ਪੈਂਦੀ ਹੈ। ਪੰਜਾਬ ਦੇ ਇਤਿਹਾਸ ਦੀ ਕਾਮਰੇਡਾਂ ਵਲੋਂ ਕੀਤੀ ਗਈ ਵਿਆਖਿਆ ਏਨਾ ਡੂੰਘਾ ਅਸਰ ਛੱਡ ਗਈ ਹੈ ਕਿ ਪੰਜਾਬ ਦੇ ਸੁਹਿਰਦ ਨੌਜਵਾਨ ਵਰਗ ਦਾ ਉਹ ਹਿੱਸਾ, ਜੋ ਇਮਾਨਦਾਰੀ ਨਾਲ ਅਜੋਕੇ ਭਾਰਤ ਦੇ ਭ੍ਰਿਸ਼ਟ ਸਿਆਸੀ ਨਿਜ਼ਾਮ ਨੂੰ ਸਮਝਣ ਅਤੇ ਉਸਨੂੰ ਵੰਗਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਵੀ ਅਚੇਤ ਹੀ ਕਾਮਰੇਡਾਂ ਵਲੋਂ ਫੈਲਾਏ ਗਏ ਅਤੇ ਫੈਲਾਏ ਜਾ ਰਹੇ ਇਸ ਮਾਰੂ ਜ਼ਹਿਰ ਦਾ ਪ੍ਰਭਾਵ ਕਬੂਲ ਕਰੀ ਬੈਠਾ ਹੈ। ਭਾਵੇਂ ਇਸ ਗੰਭੀਰ ਸਮੱਸਿਆ ਦਾ ਪੂਰਾ ਵਿਸ਼ਲੇਸ਼ਣ ਕਰਨ ਲਈ ਤਾਂ ਇੱਕ ਪੂਰੀ ਕਿਤਾਬ ਲਿਖਣ ਦੀ ਲੋੜ ਹੈ ਪਰ ਫਿਰ ਵੀ ਮੈਂ ਇਸ ਲੇਖ ਰਾਹੀਂ ਕੁਝ ਇਸ਼ਾਰੇ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ।
ਹਥਲੇ ਲੇਖ ਨੂੰ ਲਿਖਣ ਦਾ ਸਬੱਬ ਯਾਦਵਿੰਦਰ ਕਰਫਿਊ ਦੇ ਲੇਖ ‘ਮਾਮਲਾ ਸਿੱਖ ਵਿਰੋਧੀ ਧਮਕੀ ਪੱਤਰਾਂ ਦਾ - ਆਰ. ਐਸ. ਐਸ. ਦੀ ਕਸ਼ਮੀਰ ਖਿਲਾਫ ਨਵੀਂ ਸਾਜ਼ਿਸ਼ ਬੇਨਕਾਬ’ ਪੜ੍ਹਨ ਤੋਂ ਬਾਅਦ ਬਣਿਆ। 
ਆਪਣੇ ਲੇਖ ਦੇ ਅਖੀਰ ਵਿੱਚ ਪ੍ਰਭਸ਼ਰਣਬੀਰ  ਸਿੰਘ ਨੇ ਲਿਖਿਆ ਹੈ  ਕਿ ਜੇਕਰ ਕਿਸੇ ਨੇ ਮਾਰਕਸਵਾਦੀ ਵਿਚਾਰਧਾਰਾ ਅਤੇ ਸਿੱਖ ਜੀਵਨ-ਜਾਂਚ ਦੇ ਸੰਤੁਲਨ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਣਾਇਆ ਹੈ ਤਾਂ ਉਹ ਸਨ ਗਦਰੀ ਯੋਧੇ ਅਤੇ ਬੱਬਰ ਅਕਾਲੀ, ਪਰ ਪੰਜਾਬ ਦੀ ਵੰਡ ਤੋਂ ਬਾਅਦ ਕਾਮਰੇਡਾਂ ਦੇ ਨਵੇਂ ਪੋਚਾਂ ਨੇ ਇਨ੍ਹਾਂ ਨੂੰ ਆਪਣਾ ਆਦਰਸ਼ ਮੰਨਣ ਦੀ ਥਾਂ ਸਿੱਖ ਜੀਵਨ-ਜਾਂਚ ਤੋਂ ਇਨਕਾਰੀ ਨਵੇਂ ਨਾਇਕ ਉਭਾਰਨੇ ਸ਼ੁਰੂ ਕਰ ਦਿੱਤੇ। ਨਿਘਾਰ ਦਾ ਇਹ ਸਿਲਸਿਲਾ ਅਜਿਹਾ ਤੁਰਿਆ ਕਿ ਸਿੱਖ ਸੰਘਰਸ਼ ਦੀ ਚੜ੍ਹਤ ਦੌਰਾਨ ਦਿੱਲੀ ਦਰਬਾਰ ਨਾਲ ਗੈਰ-ਸਿਧਾਂਤਕ ਗੱਠਜੋੜ ਤੱਕ ਜਾ ਪਹੁੰਚਿਆ। ਤੁਸੀਂ ਇਸ  ਬਾਰੇ ਕੀ  ਸੋਚਦੇ ਹੋ. ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜੋ....ਰੈਕਟਰ ਕਥੂਰੀਆ 




                     ====



ਕਾਂਗਰਸ ਨੇ ਰੱਜ ਕੇ ਕੀਤੀ ਸੀ ਸ਼ਹੀਦ ਊਧਮ ਸਿੰਘ ਦੇ ਐਕਸ਼ਨ ਦੀ ਨਿਖੇਧੀ


ਇਸਤੋਂ ਖਤਰਨਾਕ ਹਾਲਤ ਕੋਈ ਹੋਰ ਹੋ ਨਹੀਂ ਸਕਦੀ


ਕੁਝ ਪੰਜਾਬ ਬਾਰੇ


ਮਾਓਵਾਦੀਆਂ ਨਾਲ ਗੱਲਬਾਤ ਹੀ ਇਕੋ ਇਕ ਰਾਹ ਹੈ--ਸਵਾਮੀ ਅਗਨੀਵੇਸ਼







ਇੱਕ ਨਜ਼ਰ ਵਿੱਚ


No comments: