Thursday, September 02, 2010

ਮਾਮਲਾ ਸਿੰਘ ਸਾਹਿਬ ਦੇ ਅਪਮਾਨ ਦਾ

ਸਿਖਾਂ ਦੀ ਆਨ ਅਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਇੱਕ ਵਾਰ ਫਿਰ ਖਤਰੇ ਵਿੱਚ ਹੈ. ਇਸ ਵਾਰ ਅਪਮਾਨ ਦਾ ਨਿਸ਼ਾਨਾ ਬਣੇ  ਹਨ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ. ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੀ ਕੁਰਕਸ਼ੇਤਰ ਵਿੱਚ ਹੋਈ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਇਸ ਅਪਮਾਨ ਦੀ ਨਿੰਦਿਆ ਦਾ ਮਤਾ ਪਾਸ ਕਰ ਦਿੱਤਾ ਹੈ. ਇਸਨੂੰ ਕੁਝ ਪੰਥ ਦੋਖੀਆਂ ਵੱਲੋਂ ਕੀਤਾ ਗਿਆ ਦੁਰ ਵਿਵਹਾਰ ਆਖਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਓਹ ਅਜਿਹੇ ਪੰਥ ਦੋਖੀਆਂ ਨੂੰ ਮੂੰਹ ਨਾ ਲਾਉਣ. ਡੂੰਘੇ ਦੁੱਖ ਦੀ ਗੱਲ ਹੈ ਕਿ ਇਹ ਸਾਰੀ ਅਪਮਾਨ ਜਨਕ ਗੜਬੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ. ਸਟੇਜ ਤੋਂ ਬਾਰ ਬਾਰ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ ਕਿ ਸਾਧ ਸੰਗਤ ਜੀ ਬੈਠ ਜਾਓ..ਬੈਠ ਜਾਓ...ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਤਿਕਾਰ ਨੂੰ ਕਾਇਮ ਰੱਖੋ ਪਰ ਸੰਗਤ ਬੈਠਣ ਦੀ ਥਾਂ ਤੇ ਹੋਰ ਉਤੇਜਿਤ ਹੋ ਗਈ. ਇਹ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਿੰਘ ਸਾਹਿਬ ਨੂੰ ਸਟੇਜ ਤੇ ਆ ਕੇ ਆਪਣੇ ਵਿਚਾਰ ਰੱਖਣ  ਲਈ  ਬੁਲਾਇਆ ਗਿਆ. 
ਜਿਊਂ ਹੀ ਸਿੰਘ ਸਾਹਿਬ ਮਾਈਕ  ਵੱਲ ਵਧੇ ਸੰਗਤ ਵਿੱਚ ਬੈਠੇ ਬਹੁਤ ਸਾਰੇ ਸੱਜਣਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ. ਸਿੰਘ ਸਾਹਿਬ ਇਸ ਜਾਪ ਦੇ ਬੰਦ ਹੋਣ ਦੀ ਉਡੀਕ ਵਿੱਚ ਮਾਈਕ ਸਾਹਮਣੇ ਹੀ ਖੜੇ  ਰਹੇ. ਲਗਾਤਾਰ ਇਹ ਜਾਪ ਜਾਰੀ ਰਿਹਾ ਤਾਂ ਕਿਤੇ ਪ੍ਰਬੰਧਕਾਂ ਨੂੰ ਸਮਝ ਆਈ ਕਿ ਇਹ ਕੀ ਭਾਣਾ ਵਾਪਰ ਰਿਹਾ ਹੈ. ਪ੍ਰਬੰਧਕਾਂ ਨੇ ਸਭ ਨੂੰ ਬਿਠਾਉਣ ਦੀ ਕੋਸ਼ਿਸ਼ ਵੀ ਕੀਤੀ, ਸਟੇਜ ਤੋਂ ਵੀ ਅਪੀਲਾਂ ਕੀਤੀਆਂ ਪਰ ਸਭ ਵਿਅਰਥ. ਮੈਨੂੰ ਕਿਸੇ ਸੱਜਣ ਨੇ ਇਸ ਗੜਬੜ ਦੀ  ਵੀਡੀਓ ਵਾਲਾ ਲਿੰਕ ਥੋੜੀ ਦੇਰ ਪਹਿਲਾਂ ਹੀ ਭੇਜਿਆ ਹੈ ਜਿਸਨੂੰ ਦੇਖਣ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦਾ ਇਹ ਫੰਕਸ਼ਨ 27 ਅਗਸਤ 2010 ਨੂੰ ਹੋਇਆ ਸੀ. ਇਸ ਸਾਰੇ ਆਯੋਜਨ 'ਚ  ਹੋਈ ਇਸ ਗੜਬੜੀ ਨੇ ਗੈਰ ਸਿੱਖ ਸਮਾਜ ਅਤੇ ਸਿੱਖ ਜਗਤ ਦੀ ਨਵੀਂ ਜਨਰੇਸ਼ਨ ਨੂੰ ਕਿਹੋ ਜਿਹੇ ਕਲਚਰ ਦਾ ਸੁਨੇਹਾ ਦਿੱਤਾ ਹੈ ਇਸ ਦਾ ਅਨੁਮਾਨ ਇਸ ਵੀਡੀਓ ਨੂੰ ਦੇਖ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ. ਪਰ ਇਹ ਸਭ ਕੁਝ ਰਾਤੋ ਰਾਤ ਨਹੀਂ  ਹੋਇਆ. ਇਸ ਵਿਵਾਦ ਬਾਰੇ ਬਾਕਾਇਦਾ ਚਰਚਾ ਹੁੰਦੀ ਰਹੀ ਹੈ. ਦੋਵੇਂ ਧਿਰਾਂ ਇੱਕ ਦੂਜੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੀਆਂ ਰਹੀਆਂ ਹਨ. ਇਹਨਾਂ ਮੀਟਿੰਗਾਂ ਵਿੱਚ ਪੰਥ ਵਿੱਚੋਂ ਵਿਰੋਧੀਆਂ ਨੂੰ ਛੇਕਣ ਅਤੇ ਪਿਛਲੇ ਸੱਤਾਂ ਸਾਲਾਂ ਤੋ ਚਲੇ ਆ ਰਹੇ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੇ ਮਾਮਲੇ ਵੀ ਵਿਚਾਰੇ ਗਏ ਅਤੇ ਡੇਰਾਵਾਦ ਦੇ ਵੀ.ਆਓ ਦੇਖੋ ਜ਼ਰਾ ਇੱਕ ਨਜ਼ਰ ਏਸ ਵੀਡੀਓ ਵੱਲ ਵੀਇਸਦੀ ਚਰਚਾ ਮੀਡੀਆ ਵਿੱਚ ਵੀ ਕਾਫੀ ਹੋਈ. ਅੱਜ ਦਾ ਪੰਜਾਬ ਨੇ ਵੀ ਇਸਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ.  ਤੁਸੀਂ ਇਸ ਸਾਰੇ ਘਟਨਾਕ੍ਰਮ ਬਾਰੇ ਕੀ ਸੋਚਦੇ ਹੋ....ਆਪਣੇ ਵਿਚਾਰ ਜ਼ਰੂਰ ਭੇਜੋ.---ਰੈਕਟਰ ਕਥੂਰੀਆ 

No comments: