Saturday, August 14, 2010

ਮਸਲੇ ਦਾ ਨਿਪਟਾਰਾ ਜਾਂ ਹੋਰ ਨਵਾਂ ਉਲਝੇਵਾਂ

ਮਸਲੇ ਦੇ ਨਿਪਟਾਰੇ ਵਾਲਾ ਪ੍ਰੈਸਨੋਟ ਜਾਰੀ ਹੋਣ ਤੋਂ ਬਾਅਦ  ਮਾਮਲਾ ਹੋਰ ਉਲਝਿਆ 



ਮੈਨੂੰ ਇੱਕ ਸਦਮਾ ਉਦੋਂ ਲੱਗਿਆ ਸੀ ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਸਤਿੰਦਰ ਸਰਤਾਜ ਨੇ ਕੁਝ ਸ਼ਾਇਰਾਂ ਦੇ ਕਲਾਮ ਨੂੰ ਉਹਨਾਂ ਦਾ ਨਾਮ ਲਏ ਬਿਨਾ ਗਾਇਆ ਹੈ. ਇਹ ਗੱਲ ਕਈ ਵਾਰ ਸਾਬਿਤ ਹੋ ਜਾਣ ਦੇ ਬਾਵਜੂਦ ਵੀ ਮੈਂ ਜਾਣੇ ਜਾਂ ਅਨਜਾਣੇ ਵਿੱਚ ਇੱਕ ਭਰਮ ਪਾਲਿਆ ਹੋਇਆ ਸੀ ਕਿ ਕੁਝ ਵੀ ਕਿਓਂ ਨਾ ਹੋਵੇ ਘਟੋਘੱਟ ਸੂਫ਼ੀ ਸ਼ਾਇਰ ਸਰਤਾਜ ਅਜਿਹਾ ਨਹੀਂ ਕਰ ਸਕਦਾ. ਜ਼ਰੂਰ ਕਿਤੇ ਨਾ ਕਿਤੇ ਕੋਈ ਗੜਬੜੀ ਹੈ. ਜ਼ਰੂਰ ਇਸ ਵਿੱਚ ਕੋਈ ਤਕਨੀਕੀ ਜਾਂ ਫੇਰ ਕਾਗਜ਼ੀ ਉਕਾਈ ਰਹਿ ਗਈ ਹੋਣੀ ਹੈ. ਪਰ ਹੋਲੀ ਹੋਲੀ ਇਹ ਸਭ ਕੁਝ ਸਪਸ਼ਟ ਹੁੰਦਾ ਚਲਾ ਗਿਆ. ਹਰ ਵਾਰ ਨਵਾਂ ਸਬੂਤ ਮਿਲਣ ਨਾਲ ਮੇਰੇ ਦਿਲ ਨੂੰ ਅੰਦਰ ਹੀ ਅੰਦਰ ਕੁਝ ਹੁੰਦਾ ਸੀ. ਮੇਰੇ ਦਿਲ ਵਿੱਚ ਇਬਾਦਤ ਅਤੇ ਸਾਂਈਂ  ਵਾਲੇ ਜਿਸ ਸਰਤਾਜ ਦੀ ਇੱਕ ਸ਼ਖਸੀਅਤ ਬਣੀ ਹੋਈ ਸੀ ਉਹ ਹੋਲੀ ਹੋਲੀ ਤਿੜਕਦੀ ਜਾ ਰਹੀ ਸੀ ਪਰ ਦਿਲ ਅਤੇ ਦਿਮਾਗ ਪੂਰਾ ਯਕੀਨ ਕਰਨ ਲਈ ਫਿਰ ਵੀ ਤਿਆਰ ਨਹੀਂ ਸਨ ਹੋ ਰਹੇ. 
ਮੈਂ ਚਾਹੁੰਦਾ ਸਾਂ ਕਿ ਕਿਸੇ ਤਰਾਂ ਸਰਤਾਜ ਅਤੇ ਜੱਜ ਆਹਮੋ ਸਾਹਮਣੇ ਬੈਠ ਜਾਣ ਤੇ ਮਾਮਲਾ ਪ੍ਰੇਮ ਪਿਆਰ ਨਾਲ ਹਲ ਹੋ ਜਾਵੇ.....ਇਕ ਦੂਜੇ ਦੇ ਖਿਲਾਫ਼ ਦੋਹਾਂ ਦੇ ਸਮਰਥਕਾਂ ਵਲੋਂ ਕਹੀਆਂ ਜਾ ਰਹੀਆਂ ਸਖ਼ਤ ਗੱਲਾਂ ਨਾਲ ਮਾਹੌਲ ਅਜੀਬ ਜਿਹੀ ਉਦਾਸੀ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਪ੍ਰਤੀਤ ਹੁੰਦਾ ਸੀ  ਪਰ ਅਸਲ ਵਿੱਚ ਇਹ ਇੱਕ ਹਕੀਕਤ ਕੜਕਦੀ ਧੁੱਪ ਵਰਗੀ ਹਕੀਕਤ ਪਰ ਚਸ਼ਮਾ ਲਾਉਣ ਵਰਗੀ ਹਾਲਾਤ ਕਾਰਣ ਕੜਕਦੀ ਦੁੱਪ ਵਿੱਚ ਵੀ ਬਸ ਇਹੀ ਜਾਪਦਾ ਸੀ..ਫਿਲਹਾਲ ਹਵਾਵਾਂ ਰੁਮਕਦੀਆਂ, ਜਦੋਂ ਝੱਖੜ ਝੁੱਲੇ ਦੇਖਾਂਗੇ. ਮੈਂ ਚਾਹੁੰਦਾ ਸਾਂ ਲੜਾਈ ਝਗੜੇ ਦਾ ਇਹ ਰੌਲਾ ਗੌਲਾ  ਕੁਝ ਰੁਕ ਜਾਵੇ.
ਮਨ ਦੀ ਇਹੀ ਹਾਲਤ ਕੁਝ 
ਹੋਰਨਾਂ 
ਦੀ ਵੀ ਸੀ ਇਹ ਵੱਖਰੀ ਗੱਲ ਹੈ ਕਿ ਉਹਨਾਂ ਚੋਂ ਕਈਆਂ ਨੇ ਕਹੀ ਕਦੇ ਨਹੀਂ.  ਮੈਨੂੰ ਯਕੀਨ ਸੀ ਕਿ ਜੱਜ ਅਤੇ ਸਰਤਾਜ ਦੋਹਾਂ ਦੀ ਮਿਲਣੀ ਇਸ ਸਾਰੇ ਮਾਹੌਲ ਨੂੰ ਇੱਕ ਵਾਰ ਫੇਰ ਖੁਸ਼ਗਵਾਰ ਬਣਾ ਦੇਵੇਗੀ. ਬੋਲਾਂ ਅਤੇ ਸੁਰਾਂ ਦੇ ਜਾਦੂਗਰ ਜਦੋਂ ਮਿਲ ਬੈਠਣਗੇ  ਤਾਂ ਕੋਈ ਅਜਿਹੀ ਨਵੀਂ ਗੱਲ ਛੇੜਨਗੇ ਜੋ ਸਾਰੇ ਵਾਤਾਵਰਨ ਨੂੰ ਸਾਹਿਤਿਕ ਸੰਗੀਤ ਨਾਲ ਆਨੰਦਿਤ ਕਰ ਦੇਵੇਗੀ. ਪਰ ਇਹ ਸਭ ਕੁਝ ਏਨਾ ਸੌਖਾ ਵੀ ਨਹੀਂ ਸੀ. ਸਾਰੇ ਜਾਣਦੇ ਸਨ ਕਿ ਇਹ ਸੰਭਵ ਹੀ ਨਹੀਂ ਰਿਹਾ ਸ਼ਬਦ ਬਾਣ ਇੱਕ ਦੂਜੇ ਵੱਲ ਤੇਜ਼ੀ ਨਾਲ ਚੱਲ ਰਹੇ ਸਨ. 




ਇਸ ਹਕੀਕਤ ਦੇ ਬਾਵਜੂਦ ਵੀ ਇੱਕ ਉਮੀਦ ਦਾ ਚਿਰਾਗ ਰੋਸ਼ਨ ਸੀ.ਜਦੋਂ ਮੈਨੂੰ ਪਹਿਲੀ ਵਾਰ ਕਿਸੇ ਮਿੱਤਰ ਨੇ ਬਿੱਲੋ ਵਾਲਾ ਗੀਤ ਭੇਜਿਆ ਤਾਂ ਸੂਫ਼ੀ ਸ਼ਾਇਰ ਵਾਲੀ ਇਹ ਤਸਵੀਰ ਮਨ ਚੋਂ ਪੂਰੀ ਤਰਾਂ ਤਿੜਕ ਗਈ ਸੀ.ਇਸ ਸਭ ਕੁਝ ਦੇ ਬਾਵਜੂਦ ਉਸ ਆਪਸੀ ਸਹਿਮਤੀ ਨੂੰ ਸਿਰੇ ਚੜ੍ਹਾਉਣ ਲਈ ਅਸੀਂ ਸਾਰੇ ਜਤਨਸ਼ੀਲ ਰਹੇ ਜੋ ਵੀਰ ਹਰਜਿੰਦਰ ਸਿੰਘ ਲਾਲ ਹੁਰਾਂ ਦੀਆਂ ਬੇਲਾਗ ਕੋਸ਼ਿਸ਼ਾਂ ਕਾਰਣ ਖੰਨਾ ਵਿੱਚ ਅਜੀਤ ਅਖਬਾਰ ਦੇ ਸਬ ਆਫਿਸ ਚ ਹੋਈ ਮੀਟਿੰਗ ਦੌਰਾਨ ਲਿਖਤ ਵਿੱਚ ਆਈ ਸੀ.ਸਰਤਾਜ ਹੁਰਾਂ ਵੱਲੋਂ ਮਨਜੀਤ ਸਿੰਘ ਮਾਂਗਟ ਅਤੇ ਮਨਦੀਪ ਗਰਗ ਨੇ ਇੱਕ ਇੱਕ ਗੱਲ..ਇੱਕ ਇੱਕ ਨੁਕਤੇ ਦੀ ਸਲਾਹ ਟੈਲੀਫੋਨ ਰਾਹੀਂ ਸਰਤਾਜ ਸਾਹਬ ਨਾਲ ਕਰਨ ਮਗਰੋਂ ਹੀ ਇਸ ਲਈ ਹਾਮੀ ਭਰੀ ਸੀ.ਸ਼ਾਇਰ ਤਰਲੋਕ ਸਿੰਘ ਜੱਜ ਜੀ ਨੇ ਚੰਗੇ ਮਿੱਤਰਾਂ ਵਾਂਗ ਸਾਡੀ ਲਾਜ ਰੱਖ ਲਈ ਸੀ. ਉਹਨਾਂ ਸਹਿਮਤੀ ਪੱਤਰ ਦੀ ਹਰ ਇੱਕ ਗੱਲ ਮੰਨ ਲਈ ਸੀ.ਹੁਣ ਜੇ ਕੁਝ ਬਾਕੀ ਰਹਿ ਗਿਆ ਸੀ ਤਾਂ ਉਹ ਸੀ ਸਤਿੰਦਰ ਸਰਤਾਜ ਦੀ ਵਾਪਸੀ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ.ਯਕੀਨ ਵਰਗੀ ਉਮੀਦ ਸੀ ਕਿ ਸਾਰੀ ਕੁੜੱਤਣ ਕਦੋਂ ਮਾਖਿਓਂ ਮਿਠੀ ਬਣ ਜਾਵੇਗੀ ਇਸਦਾ ਪਤਾ ਹੀ ਨਹੀਂ ਲੱਗਣਾ.ਇਸ ਸੂਫ਼ੀ ਸ਼ਾਇਰ ਦੇ ਮੁੜਦਿਆਂ ਸਾਰ ਹੀ ਕੋਈ ਕ੍ਰਿਸ਼ਮਾ ਹੋਵੇਗਾ ਪਰ ਫਰੀਦ ਜੀ ਆਖਦੇ ਨੇ 


ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰੱਬ ਕੀਆਂ....! 





ਵਕ਼ਤ ਦੇ ਨਾਲ ਨਾਲ ਦਿਨ ਹਥਾਂ ਚੋਂ ਕਿਰਦੇ ਗਏ ਤੇ ਫੇਰ ਕੁਝ ਹਫਤੇ ਵੀ ਲੰਘ ਗਏ. ਸਮਾਂ ਆਪਣੀ ਚਾਲੇ ਚਲਦਾ ਗਿਆ ਤੇ ਅਖੀਰ 13 ਅਗਸਤ 2010 ਨੂੰ ਸ਼ੁੱਕਰਵਾਰ ਵਾਲੇ ਦਿਨ ਸਤਿੰਦਰ ਸਰਤਾਜ ਵਲੋਂ ਇੱਕ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਇੱਕ ਹੋਟਲ ਵਿੱਚ ਕੀਤੀ ਗਈ. ਇਸਦਾ ਆਫੀਸ਼ਲ ਸੱਦਾ ਪੱਤਰ ਸਾਡੇ ਚੋਂ ਕਿਸੇ ਨੂੰ ਵੀ ਨਹੀਂ ਸੀ ਜਿਸ ਤੋਂ ਜ਼ਾਹਿਰ ਹੈ ਕਿ ਸਰਤਾਜ ਸਾਹਿਬ ਕੁਝ ਅਜਿਹਾ ਕਰਨਾ ਚਾਹੁੰਦੇ ਸਨ ਜੋ ਸ਼ਾਇਦ ਸਾਡੇ ਹੁੰਦਿਆਂ ਸੰਭਵ ਨਾ ਹੁੰਦਾ.ਵੱਖ ਵੱਖ ਸ਼ਾਇਰਾਂ ਦੇ ਕਲਾਮ ਦੀ ਚੋਰੀ ਦਾ ਮਾਮਲਾ ਰਫ਼ਾ ਦਫ਼ਾ ਕਰਨ ਦੇ ਢੰਗ ਤਰੀਕਿਆਂ ਵਾਂਗ ਚਾਰ ਕੁ ਸਤਰਾਂ ਦਾ ਇੱਕ ਪ੍ਰੈਸਨੋਟ ਵੀ ਜਾਰੀ ਕੀਤਾ ਗਿਆ ਜਿਸ ਦਾ ਸਿਰਲੇਖ ਸੀ....ਮਸਲੇ ਦਾ ਨਿਪਟਾਰਾ  ਬਿਨਾ ਕਿਸੇ ਦਸਖਤ ਦੇ ਜਾਰੀ ਕੀਤੇ ਗਏ ਇਸ ਪ੍ਰੈਸਨੋਟ ਵਿੱਚ ਲਿਖਿਆ ਸੀ ਕੀਤੇ ਵਾਇਦੇ ਮੁਤਾਬਿਕ ਵਿਦੇਸ਼ ਦੌਰੇ ਤੋਂ ਪਰਤਦਿਆਂ ਸਤਿੰਦਰ ਸਰਤਾਜ ਨੇ ਇਹ ਬਿਆਨ ਦਿੱਤਾ. ਕਿ ਅਮੀਰ ਖੁਸਰੋ ਦੇ ਕੌਲ 'ਮਨ ਕੁਨ ਤੋਂ ਮੌਲਾ', ਜਿਸ ਵਿੱਚ ਕਿ ਹੋਰ ਪੰਜਾਬੀ ਸ਼ਾਇਰਾਂ ਦੇ ਵੀ ਸ਼ੇਅਰ ਹਨ. ਉਸ ਵਿੱਚ ਤਰਲੋਕ ਜੱਜ ਦੀਆਂ ਛੇ ਸਤਰਾਂ ਗਾਉਣ ਅਤੇ ਉਸ ਵਿੱਚ ਹੋਈ ਤਬਦੀਲੀ ਲਈ ਉਹ ਖਿਮਾ ਦੇ ਜਾਚਕ ਹਨ. ਇਸ ਤੋਂ ਕੁਝ ਹੇਠਾਂ ਜਾ ਕੇ  ਕੁਝ ਸਤਰਾਂ ਅੰਗ੍ਰੇਜ਼ੀ ਭਾਸ਼ਾ ਵਿੱਚ ਸਨ ਜੋ ਕਿ ਇਸ ਪ੍ਰਕਾਰ ਹਨ.
 As per the promise made to Mr. Tarlok Judge after coming back from abroad tour Satinder Sartaaj issued this statement that Amir Khusro's Qaul 'MAn kun toh molla', which include shaire's (lyrics) of different shayar's that also include six lines of Tirlok Judge we sincerely apologise for singing and tempering with any of those lines.

ਇਸਦਾ ਸਿੱਟਾ ਵੀ ਅਖੀਰ ਉਹੀ ਨਿਕਲਿਆ ਕਿ ਮਾਮਲਾ ਸੁਲਝਣ ਦੀ ਬਜਾਏ ਉਲਝਨ ਵੱਲ ਨਿਕਲ ਤੁਰਿਆ. ਪ੍ਰੈਸ ਕਾਨਫਰੰਸ ਦੇ ਕੁਝ ਕੁ ਘੰਟਿਆਂ ਮਗਰੋਂ ਹੀ ਸ਼ਾਇਰ ਤਰਲੋਕ ਜੱਜ ਹੁਰਾਂ ਨੇ ਇੱਕ ਪ੍ਰਤੀਕਰਮ ਫੇਸਬੁਕ ਤੇ ਪੋਸਟ ਕੀਤਾ ਜਿਸ ਵਿੱਚ ਲਿਖਿਆ ਸੀ...: ਇੱਕ ਢੀਠ ਗਾਇਕ ਸਤਿੰਦਰ ਸਰਤਾਜ ਦੀ ਤਾਜ਼ਾ ਚਲਾਕੀ 
ਸ਼ਾਇਰ ਤਰਲੋਕ ਜੱਜ ਨੇ ਇਸ ਪੋਸਟ ਵਿੱਚ ਵੰਡੇ ਗਏ ਪਰਚੇ ਦਾ ਵੇਰਵਾ ਦੇਣ ਤੋਂ ਬਾਅਦ ਆਪਣੀ ਮੰਗ ਦੀ ਵੀ ਯਾਦ ਤਾਜ਼ਾ ਕਰਵਾਈ ਅਤੇ ਇਸ ਸੰਬੰਧੀ ਹੋਈਆਂ ਕੁਝ ਆਪਸੀ ਗੱਲਾਂਬਾਤਾਂ ਦੀ ਵੀ. ਉਹਨਾਂ ਕਿਹਾ :ਜਦ ਕਿ ਵਿਦੇਸ਼ ਤੋਂ ਵਾਪਿਸ ਆਓਣ ਤੋਂ ਬਾਅਦ ਮੇਰੀ ਮੰਗ ਕਿ "ਵਿਵਾਦਿਤ ਰਚਨਾਂ ਨੂੰ ਸਾਰੇ ਸ਼ਾਇਰਾਂ ਦੇ ਨਾਮ ਲੈ ਕੇ ਦੁਬਾਰਾ ਗਾਇਆ ਜਾਵੇ, ਵਿਗਾੜ ਕੇ ਗਾਏ ਸ਼ੇਅਰ ਦਰੁਸਤ ਕਰਕੇ ਗਏ ਜਾਣ , ਪਹਿਲਾਂ ਹੋਈ ਗਲਤੀ ਦੀ ਮੁਆਫੀ ਮੰਗ ਲਈ ਜਾਵੇ ਤੇ ਯਕੀਨ ਦਿਵਾਇਆ ਜਾਵੇ ਕਿ ਅੱਗੇ ਤੋਂ ਅਜਿਹੀ ਕੋਤਾਹੀ ਨਹੀ ਹੋਵੇਗੀ |" ਠੁਕਰਾ ਦਿੱਤੀ ਗਈ  ਤੇ ਹਰਜਿੰਦਰ ਸਿੰਘ ਲਾਲ ਹੁਰਾਂ ਨੂੰ ਇਸਦੇ ਪੀ ਏ ਮਨਦੀਪ ਗਰਗ ਵਲੋਂ ਕਿਹਾ ਗਿਆ ਕਿ ਬਕੌਲ ਹਰਜਿੰਦਰ ਸਿੰਘ ਲਾਲ , "ਮੈਂ ਜਨਾਬ ਤਰਲੋਕ ਜੱਜ ਤੇ ਉਹਨਾਂ ਦੇ ਮਿੱਤਰਾਂ ਦੀ ਇਹ ਮੰਗ ਜਨਾਬ ਸਤਿੰਦਰ ਸਰਤਾਜ ਦੇ ਪ੍ਰਤੀਨਿਧ ਸ੍ਰੀ ਗਰਗ ਸਾਹਿਬ ਤੱਕ ਪਹੁੰਚਦੀ ਕਰ ਦਿੱਤੀ ਸੀ ਪਰ ਅੱਜ ਦੋ ਹਫਤੇ ਤੂੰ ਵਧੇਰੇ ਬੀਤ ਜਾਣ ਤੇ ਵੀ ਜਨਾਬ ਸਤਿੰਦਰ ਸਰਤਾਜ ਵੱਲੋਂ ਕੋਈ ਉੱਤਰ ਨਹੀਂ ਆਇਆ ਤਾਂ ਅੱਜ ਮੈਂ ਖੁਦ ਫੋਨ ਕਰਕੇ ਸ੍ਰੀ ਗਰਗ ਨੂੰ ਪੁਛਿਆ ਤਾਂ ਓਹਨਾ ਦਾ ਦੋ ਟੁੱਕ ਜਵਾਬ ਸੀ ਕਿ ਜਨਾਬ ਸਤਿੰਦਰ ਸਰਤਾਜ ਪ੍ਰੈਸ ਕਾਨਫਰੰਸ ਕਰਨ ਲਈ ਤਾਂ ਤਿਆਰ ਹਨ ਪਰ ਦੋਬਾਰਾ ਸ਼ੇਅਰ ਦਰੁਸਤ ਕਰ ਕੇ ਗਾਉਣਾ ਓਹਨਾ ਲਈ ਸੰਭਵ ਨਹੀ "
ਜ਼ਿਕਰਯੋਗ ਹੈ ਕਿ ਤਰਲੋਕ ਸਿੰਘ ਜੱਜ ਹੁਰਾਂ ਦੇ ਮੁਤਾਬਿਕ ਸਤਿੰਦਰ ਸਰਤਾਜ ਜੋ ਵਿਦੇਸ਼ ਜਾਣ ਤੋਂ ਪਹਿਲਾਂ 29-3-2010 ਨੂੰ ਫੋਨ ਤੇ ਮਿਨਤਾਂ ਕਰਦਾ ਰਿਹਾ ਕਿ ਉਹ ਵਿਦੇਸ਼ ਤੋਂ ਵਾਪਿਸ ਆਕੇ ਮੇਰੇ ਨਾਲ ਗੱਲਬਾਤ ਕਰੇਗਾ ਤੇ ਮਸਲਾ ਸੁਲਝਾ ਲੈਣ ਵੱਲ ਕਦਮ ਵਧਾਵੇਗਾ ਪਰ ਇਸ ਹੰਕਾਰੇ ਹੋਏ ਗਾਇਕ ਨੇ ਵਿਦੇਸ਼ ਤੋਂ ਵਾਪਿਸ ਆਕੇ ਮੇਰੇ ਨਾਲ ਗਲ ਕਰਨ ਦੀ ਵੀ ਜਹਿਮਤ ਨਹੀਂ ਕੀਤੀ | ਹੁਣ ਜਦੋਂ ਮੇਰੇ ਵਕੀਲਾਂ ਵੱਲੋਂ ਇਸਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਸਨੇ ਇਹ ਬਿਨਾ ਦਸਤਖਤ ਤੋਂ ਪਰਚੇ ਵੰਡਣ ਵਾਲੀ ਨਵੀਂ ਚਾਲ ਖੇਡੀ ਹੈ ਇਸਦੇ ਪਿਛੇ ਇਸਦਾ ਕੀ ਮਕ਼ਸਦ ਲੁਕਿਆ ਹੋਇਆ ਹੈ ਇਹ ਸਰਤਾਜ ਹੀ ਦੱਸ ਸਕਦਾ ਹੈ.
ਹੁਣ ਇਹ ਵਿਵਾਦ ਕਿਧਰ ਨੂੰ ਤੁਰੇਗਾ ਅਤੇ ਕਿਥੇ ਜਾ ਕੇ ਰੁਕੇਗਾ ਇਸ ਬਾਰੇ ਮੈਨੂੰ ਵੀ ਕੋਈ ਅਨੁਮਾਨ ਤੱਕ ਨਹੀਂ ਹੋ ਰਿਹਾ 
ਪਰ ਇੱਕ ਗੱਲ ਸਪਸ਼ਟ ਹੈ ਕਿ ਮਸਲੇ ਦੇ ਨਿਪਟਾਰੇ ਵਾਲੇ ਇਸ ਸ਼ਰਮਨਾਕ ਢੰਗ ਤਰੀਕੇ ਦੇ ਮਜ਼ਾਕ ਨੇ ਅਸਲ ਵਿੱਚ ਮਸਲੇ ਨੂੰ ਹੋਰ ਉਲਝਾ ਦਿੱਤਾ ਹੈ. ਇਸ ਨਾਲ ਸਰਤਾਜ ਦੀ ਸੂਫ਼ੀ ਗਾਇਕ ਵਾਲੀ ਇਮੇਜ ਨੂੰ ਵੀ ਨਾ ਪੂਰਾ ਹੋ ਸਕਣ ਵਾਲਾ ਧੱਕਾ ਲੱਗਿਆ ਹੈ.
  --ਰੈਕਟਰ ਕਥੂਰੀਆ 




No comments: