ਰਸੂਲ ਹਮਜ਼ਾਤੋਵ ਨੇ ਆਪਣੀ ਜਗਤ ਪ੍ਰਸਿਧ ਪੁਸਤਕ ਮੇਰਾ ਦਾਗਿਸਤਾਨ ਵਿੱਚ ਇੱਕ ਥਾਂ ਲਿਖਿਆ ਹੈ ਕਿ ਹਥਿਆਰ ਜਿਨ੍ਹਾਂ ਦੀ ਇੱਕ ਵਾਰ ਹੀ ਲੋੜ ਪਵੇਗੀ, ਜਿੰਦਗੀ ਭਰ ਚੁੱਕਣੇ ਪੈਂਦੇ ਹਨ. ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਏਗੀ, ਇੱਕ ਵਾਰੀ ਵਿਚ ਲਿਖੀ ਜਾਂਦੀ ਹੈ. ਬਹੁਤ ਸਾਰੇ ਕਵੀਆਂ ਅਤੇ ਲੇਖਕਾਂ ਦੀਆਂ ਰਚਨਾਵਾਂ ਅਸੀਂ ਸਦੀਆਂ ਤੋਂ ਪੜ੍ਹ ਰਹੇ ਹਾਂ. ਸਦੀਆਂ ਮਗਰੋਂ ਵੀ ਉਹਨਾਂ ਵਿਚਲਾ ਤੇਜ ਮਧਮ ਨਹੀਂ ਪਿਆ. ਉਹਨਾਂ ਰਚਨਾਵਾਂ ਵਿਚਲਾ ਸਰੂਰ ਅੱਜ ਵੀ ਬੜਾ ਤਿੱਖਾ ਹੈ. ਇਸ ਹਕੀਕਤ ਨੂੰ ਸਾਰੀ ਦੁਨੀਆ ਜਾਣਦੀ ਹੈ ਪਰ ਇਸ ਦੇ ਬਾਵਜੂਦ ਦੁਨੀਆ ਵਿਚ ਹਥਿਆਰਾਂ ਦੀ ਦੌੜ ਅਜੇ ਵੀ ਤੇਜ਼ ਹੈ. ਗਾਲਿਬ ਵਰਗੇ ਕਈ ਮਹਾਨ ਕਵੀ ਅਜਿਹੇ ਹਨ ਜਿਹਨਾਂ ਨੂੰ ਜਿੰਨੀ ਵਾਰ ਵੀ ਪੜ੍ਹਿਆ ਜਾਵੇ ਹਰ ਵਾਰ ਉਹਨਾਂ ਰਚਨਾਵਾਂ ਦੇ ਨਵੇਂ ਨਵੇਂ ਅਰਥ ਸਾਹਮਣੇ ਆਓਂਦੇ ਹਨ. ਦਰਅਸਲ ਇਹ ਸਭ ਕੁਝ ਇੱਕ ਤੋਂ ਜਿਆਦਾ ਅਰਥਾਂ ਕਾਰਣ ਨਹੀਂ ਬਲਕਿ ਸਾਡੀ ਆਪਣੀ ਸਮਝ ਦੇ ਫਰਕਾਂ ਕਾਰਣ ਹੀ ਹੁੰਦਾ ਹੈ. ਕਵਿਤਾ ਦੀ ਰਚਨਾ ਵੇਲੇ ਚੰਗੇ ਕਵੀ ਦੀ ਉੜਾਨ ਤਾਂ ਕਈ ਵਾਰ ਗਈ ਹੁੰਦੀ ਹੈ ਸੱਤਾਂ ਅਸਮਾਨਾਂ ਤੋਂ ਵੀ ਉੱਪਰ. ਸ਼ਾਇਦ ਇਹੀ ਕਾਰਣ ਹੈ ਕਿ ਰਚਨਾ ਤੋਂ ਬਾਅਦ ਕਦੇ ਕਦੇ ਖੁਦ ਕਵੀ ਵੀ ਭੁੱਲ ਜਾਂਦਾ ਹੈ ਕਿ ਉਸ ਨੇ ਇਹ ਕਵਿਤਾ ਆਪਣੇ ਦਿਲ ਦਿਮਾਗ ਅਤੇ ਮਨ ਦੀ ਕਿਸ ਹਾਲਤ ਵਿੱਚ ਲਿਖੀ ਸੀ. ਉਸ ਕਵਿਤਾ ਦੇ ਉਸ ਵੇਲੇ ਦੇ ਅਰਥਾਂ ਨੂੰ ਯਾਦ ਕਰਨ ਲਈ ਕਈ ਵਾਰ ਖੁਦ ਕਵੀ ਨੂੰ ਵੀ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ. ਸਕੂਲਾਂ ਕਾਲਜਾਂ 'ਚ ਵੀ ਕੇਵਲ ਉਹਨਾਂ ਅਧਿਆਪਿਕਾਂ ਵੱਲੋਂ ਕਰਾਏ ਗਏ ਅਰਥ ਹੀ ਵਿਦਿਆਰਥੀਆਂ ਦੇ ਦਿਲ ਨੂੰ ਲੱਗਦੇ ਹਨ ਜਿਹੜੇ ਪੂਰੀ ਤਰਾਂ ਕਵਿਤਾ ਨਾਲ ਇੱਕ ਮਿੱਕ ਹੋ ਕੇ ਉਸਦੇ ਅਰਥਾਂ ਨੂੰ ਸਮਝਾਉਂਦੇ ਹਨ. ਕਈ ਵਿਦਿਅਕ ਅਦਾਰੇ ਤਾਂ ਸਮੇਂ ਸਮੇਂ ਤੇ ਸਿਲੇਬਸ ਵਿਚਲੇ ਕਲਮਕਾਰਾਂ ਨੂੰ ਉਚੇਚੇ ਤੌਰ ਤੇ ਬੁਲਾਉਂਦੇ ਹਨ ਅਤੇ ਉਹਨਾਂ ਨੂੰ ਵਿਦਿਆਰਥੀਆਂ ਦੇ ਨਾਲ ਰੂਬਰੂ ਕਰਾਉਂਦੇ ਹਨ. ਇਸ ਸਭ ਕੁਝ ਦੀ ਯਾਦ ਮੈਨੂੰ ਹੁਣ ਉਦੋਂ ਆਈ ਹੈ ਜਦੋਂ ਮਾਮਲਾ ਪੰਜਾਬੀ ਦੇ ਇੱਕ ਵਿਦਵਾਨ ਸ਼ਾਇਰ ਦੀ ਗ਼ਜ਼ਲ ਦਾ ਸਾਹਮਣੇ ਆਇਆ. ਗੀਤਕਾਰ ਵਲੋਂ ਪੇਸ਼ ਕੀਤੇ ਗਏ ਖੋਜ ਭਰਪੂਰ ਤਥਾਂ ਮੁਤਾਬਕ ਇਸ ਗ਼ਜ਼ਲ ਨੂੰ ਇੱਕ ਪ੍ਰਸਿਧ ਗਾਇਕ ਨੇ ਆਪਣੀ ਗਾਇਕੀ ਦੌਰਾਨ ਇਸਤੇਮਾਲ ਤਾਂ ਕੀਤਾ ਪਰ ਉਸਦਾ ਨਾਮ ਕਿਤੇ ਵੀ ਨਹੀਂ ਲਿਆ. ਇਹ ਸਾਰਾ ਮਾਮਲਾ ਹੁਣ ਕਾਫੀ ਭਖਿਆ ਹੋਇਆ ਹੈ. ਇਸ ਵਿਚ ਨਵਾਂ ਮੋੜ ਉਦੋਂ ਆਇਆ ਜਦੋਂ ਇਸ ਗ਼ਜ਼ਲ ਦੇ ਸ਼ਬਦਾਂ 'ਚ ਕੀਤੀ ਗਈ ਤਬਦੀਲੀ ਦਾ ਮੁੱਦਾ ਵੀ ਇਸ ਨਾਲ ਜੁੜ ਗਿਆ. ਪਹਿਲਾਂ ਸਿਰਫ ਮਾਮਲਾ ਤਰਲੋਕ ਜੱਜ ਦੀ ਗ਼ਜ਼ਲ ਦਾ ਸੀ ਪਰ ਹੁਣ ਇਸ ਵਿੱਚ ਹੋਰ ਮਾਮਲੇ ਵੀ ਸ਼ਾਮਿਲ ਹੋ ਰਹੇ ਹਨ. ਆਸਟਰੇਲੀਆ 'ਚ ਰਹਿ ਰਹੇ ਪ੍ਰਦੀਪ ਰਾਜ ਗਿੱਲ ਨੇ ਇਸ ਮਾਮਲੇ ਚ ਕਿਹਾ ਹੈ ਕਿ ਜਨਾਬ ਡਾਕਟਰ ਸਤਿੰਦਰ ਨੇ ਗੁਰਚਰਨ ਰਾਮਪੁਰੀ ਜੀ ਦਾ ਲਿਖਿਆ ਸ਼ੇਅਰ ਵੀ ਗਾਇਆ ਹੈ ਪਰ ਉਹਨਾਂ ਦਾ ਨਾਮ ਕਿਤੇ ਨਹੀਂ ਲਿਆ. ਮਿੰਟੂ ਮੰਡ ਨੇ ਇਸ ਸਾਰੇ ਮਾਮਲੇ ਦੀ ਸਖਤ ਨਿਖੇਧੀ ਕਰਦਿਆਂ ਇਹ ਨੁਕਤਾ ਵੀ ਚੁੱਕਿਆ ਹੈ ਚੋਰੀ ਦੇ ਇਹਨਾਂ ਸ਼ੇਅਰਾਂ ਨੂੰ ਗਾ ਕੇ ਪੈਸੇ ਵੀ ਤਾਂ ਕਮਾਏ ਗਏ ਹਨ...ਜੇ ਸ਼ਾਇਰ ਉਸ ਪੈਸੇ ਨੂੰ ਨਹੀਂ ਵੀ ਲੈਣਾ ਚਾਹੁੰਦਾ ਤਾਂ ਵੀ ਇਹ ਪੈਸੇ ਕਿਸੇ ਹੋਰ ਚੰਗੇ ਕੰਮ ਲਈ ਖਰਚ ਕੀਤੇ ਜਾਣ. ਇਸ ਨੁਕਤੇ ਦੀ ਹਮਾਇਤ ਸ਼ਸ਼ੀ ਸਮੁੰਦਰਾ ਨੇ ਵੀ ਕੀਤੀ ਹੈ. ਦਿਲਾਂ ਨੂੰ ਛੂਹਣ ਵਾਲੇ ਗੀਤਾਂ ਦੇ ਗੀਤਕਾਰ ਅਮਰਦੀਪ ਗਿੱਲ ਨੇ ਕਿਹਾ ਹੈ ਕਿ ਜੇ ਸਰਤਾਜ ਦੀ ਸਰਜਰੀ ਆਪਾਂ ਕਰਨ ਲਗ ਗਏ ਨਾ ਭਾਅ ਜੀ ਤਾਂ ਉਸ ਕੋਲ ਮੌਲਿਕ ਕੁਝ ਵੀ ਨਹੀਂ ਬਚਨਾ....ਪੀ ਐਚ ਡੀ . ਦਾ ਏਹੋ ਫਾਇਦਾ ਹੁੰਦਾ ਹੈ..ਬਹੁਤ ਸਾਰਾ ਸਾਹਿਤ ਪੜ੍ਹੋ ਤੇ ਜੋ ਚਾਹੀਦਾ ਓਹ ਚੋਰੀ ਕਰ ਲਓ ! ਓਹ ਚਾਹੇ ਬਾਬੂ ਰਜਬ ਅਲੀ ਦਾ ਕਬਿੱਤ ਹੋਵੇ ਯਾ ਉਸਤਾਦ ਦਾਮਨ ਦੀ ਸ਼ਾਇਰੀ ਯਾ ਤੁਹਾਡੀ ਗ਼ਜ਼ਲ ...! ਜੱਸੀ ਸੰਘਾ ਉਦਾਸ ਹੈ ਕਿ ਅਜੇ ਤੱਕ ਸਰਤਾਜ ਹੁਰਾਂ ਵੱਲੋਂ ਕੋਈ ਜੁਆਬ ਕਿਓਂ ਨਹੀਂ ਆਇਆ. ਸ਼ਾਇਦ ਜੱਸੀ ਜੀ ਨੂੰ ਇਹ ਗੱਲ ਭੁੱਲ ਰਹੀ ਹੈ ਕਿ ਇਸ ਝਗੜੇ 'ਚ ਵੀ ਜਿੱਤ ਤਾਂ ਹਕ਼ ਅਤੇ ਸਚ ਦੀ ਹੀ ਹੋਣੀ ਹੈ. ਸਚ ਕਿਸਦੇ ਨਾਲ ਹੈ ਇਹ ਗੱਲ ਵੀ ਹੁਣ ਸਾਬਿਤ ਹੋ ਚੁੱਕੀ ਹੈ. ਜਿੱਤ ਅੱਜ ਹੁੰਦੀ ਹੈ ਜਾਂ ਚਾਰ ਦਿਨ ਬਾਅਦ...ਇਹ ਹੋਵੇਗੀ ਜ਼ਰੂਰ ਹੋਵੇਗੀ ਅਤੇ ਇਸ ਜਿੱਤ ਦੇ ਝੰਡੇ ਵੀ ਲੱਗਣਗੇ. ----ਰੈਕਟਰ ਕਥੂਰੀਆ
No comments:
Post a Comment