Saturday, August 14, 2010

ਮੱਛੀ ਖਾਣੀ ਫਾਇਦੇਮੰਦ ਜਾਂ ਖਤਰਨਾਕ....?

ਮੱਛੀ ਖਾਣ ਦੇ ਸ਼ੌਕੀਨ ਇਸਦੇ ਫਾਇਦਿਆਂ ਦੀ ਲਿਸਟ ਵੀ ਬੜੀ ਲੰਮੀ ਗਿਣਾਉਂਦੇ ਹਨ. ਸਾਰੀ ਉਮਰ ਅੱਖਾਂ ਠੀਕ ਰਹਿੰਦੀਆਂ ਹਨ, ਨਜ਼ਰ ਤੇਜ਼ ਰਹਿੰਦੀ ਹੈ, ਵਾਲ ਕਦੇ ਸਫੇਦ ਨਹੀਂ ਹੁੰਦੇ, ਚੇਹਰੇ ਤੇ ਕਦੇ ਝੁਰੜੀਆਂ ਨਹੀਂ ਪੈਂਦੀਆਂ ਅਤੇ ਸਰੀਰ ਦਾ ਫੁਰਤੀਲਾਪਨ ਵੀ ਬਣਿਆ ਰਹਿੰਦਾ ਹੈ. ਇਹਨਾਂ ਚੋਂ ਕਈ ਗੱਲਾਂ ਮੈਂ ਉਹਨਾਂ ਲੋਕਾਂ ਦੇ ਨੇੜੇ ਰਹਿ ਕੇ ਅਕਸਰ ਦੇਖੀਆਂ ਵੀ ਹਨ ਜਿਹੜੇ ਮੱਛੀ ਨੂੰ ਆਪਣੇ ਭੋਜਨ ਵਿੱਚ ਰੈਗੂਲਰ ਸ਼ਾਮਿਲ ਕਰਦੇ ਹਨ. ਨਿੱਕੇ ਹੁੰਦਿਆਂ ਜਦੋਂ ਮੇਰੇ ਪਿਤਾ ਜੀ ਨੇ ਮੈਨੂੰ ਮੱਛੀ ਦੇ ਤੇਲ ਦੀ ਬੋਤਲ ਲਿਆ ਕੇ ਦੇਣੀ ਤਾਂ ਉਸ ਵਿਚੋ ਚਮਚਾ ਦੋ ਚਮਚੇ ਹਰ ਰੋਜ਼ ਪੀਣੇ ਜ਼ਰੂਰੀ ਹੁੰਦੇ ਸਨ. ਉਸਦਾ ਸੁਆਦ ਬੜਾ ਅਜੀਬ ਜਿਹਾ ਹੁੰਦਾ ਸੀ ਅਤੇ ਪੀਣਾ ਬੜਾ ਮੁਸ਼ਕਿਲ ਪਰ ਪਿਤਾ ਜੀ ਆਖਿਆ ਕਰਦੇ ਸਨ ਕਿ ਤੂੰ ਤਾਂ ਬੜਾ ਬਹਾਦਰ ਹੈਂ. ਬਸ ਬਹਾਦਰੀ ਦੇ ਇਸ ਸਨਮਾਣ ਨੂੰ ਬਚਾਈ ਰੱਖਨ ਲਈ ਮੈਂ ਕਦੇ ਵੀ ਆਪਣੇ ਚੇਹਰੇ ਤੇ ਕੋਈ ਅਜਿਹਾ ਭਾਵ ਨਹੀਂ ਸੀ ਆਉਣ ਦਿੱਤਾ ਜਿਸਤੋਂ ਮੇਰੀ ਬਹਾਦਰੀ ਬਾਰੇ ਕੋਈ ਸ਼ੰਕਾ ਖੜੀ ਹੋਵੇ. ਫਿਰ ਬਚਪਨ ਦੇ ਨਾਲ ਹੀ ਓਹ ਗੱਲਾਂ ਵੀ ਆਈਆਂ ਗਈਆਂ ਹੋ ਗਈਆਂ. ਪਰ ਇਕ ਤੁਕ ਯਾਦ ਰਹਿ ਗਈ. ਇਹ ਤੁਕ ਹੁਣ ਵੀ ਕਈ ਵਾਰ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਦੇ ਮੂੰਹੋਂ ਜਾਂ ਫੇਰ ਕਿਸੇ ਧਾਰਮਿਕ ਅਸਥਾਨ ਤੇ ਅਕਸਰ ਪੜ੍ਹੀ ਸੁਣੀ ਜਾਂਦੀ ਦੁਬਾਰਾ ਜ਼ਿਹਨ ਵਿੱਚ ਆ ਜਾਂਦੀ ਹੈ. ਇਹ ਤੁਕ ਸ਼ਾਇਦ ਕੁਝ ਇਸ ਤਰਾਂ ਹੈ....ਕਬੀਰ ਭਾਂਗ, ਮਾਛੁਲੀ, ਸੁਰਾਪਾਨਿ, ਜੋ ਜੋ ਪ੍ਰਾਣੀ ਖਾਂਹਿ, ਤੀਰਥ, ਬਰਤ ਔਰ ਨੇਮ ਕੀ, ਤੇ ਸਭੈ ਰਸਾਤਲ ਜਾਂਹਿ..! ਹੁਣ ਮੱਛੀ ਖਾਣਾ ਠੀਕ ਹੈ ਜਾਂ ਗਲਤ ਇਸ ਬਾਰੇ ਜਾਂ ਫਿਰ ਇਸਦੇ ਫਾਇਦਿਆਂ ਬਾਰੇ ਮੈਂ ਕੋਈ ਅਧਿਕਾਰਿਤ ਜਾਂ ਪ੍ਰਮਾਣੀਕ ਗੱਲ ਆਖਣ ਦੀ ਸਥਿਤੀ ਵਿੱਚ ਨਹੀਂ ਹਾਂ ਪਰ ਕੁਝ ਤਥ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ ਹਾਂ. ਇੱਕ ਖਬਰ ਕਿਤੇ ਪੜ੍ਹੀ ਕਿ ਮੱਛੀ ਦਿਮਾਗ ਅਤੇ ਯਾਦਾਸ਼ਤ ਤੇਜ਼ ਕਰਦੀ ਹੈ ਕਿਓਂਕਿ ਮੱਛੀ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ. ਸਵੀਟਿਜ਼ਰਲੈਂਡ ਦੇ ਇਕ ਪੰਜਾਬੀ ਪਰਚੇ  ਇੰਡੋ-ਯੂਰੋਪੀਅਨ  ਟਾਈਮਜ਼   ਨੇ ਸਤੰਬਰ 2008 ਵਿੱਚ ਆਪਣੀ ਇੱਕ ਰਿਪੋਰਟ ਦੌਰਾਨ ਦਸਿਆ ਸੀ ਕਿ ਮੱਛੀਆਂ ਬਹੁਤ ਹੀ ਚਾਲਾਕ ਹੁੰਦੀਆਂ ਹਨ. ਇਹ ਗੱਲ ਕਈ ਤਜਰਬਿਆਂ ਮਗਰੋਂ ਬਰਤਾਨਵੀ ਵਿਗਿਆਨੀਆਂ ਨੇ ਆਖੀ.ਏਸੇ ਤਰਾਂ ਇੱਕ ਹੋਰ ਥਾਂ ਪਤਾ ਲੱਗਿਆ ਸੀ ਕਿ ਮੱਛੀਆਂ ਅਸਲ ਵਿੱਚ ਮਨੁੱਖ ਦੀਆਂ ਪੂਰਵਜ ਹਨ . 
ਇਸ ਰਿਪੋਰਟ ਦੇ ਮੁਤਾਬਿਕ ਮੱਛੀਆਂ ਦੇ ਖੰਭਾਂ ਤੋਂ ਹੀ ਮਨੁੱਖ ਦੀਆਂ ਉਂਗਲੀਆਂ ਅਤੇ ਹੱਥਾਂ ਦਾ ਵਿਕਾਸ ਹੋਇਆ. ਹੁਣ ਇੱਕ ਨਵੀਂ ਖਬਰ ਅਖਬਾਰਾਂ ਵਿੱਚ ਆਈ ਹੈ ਕਿ ਮੱਛੀ ਖਾਣ ਵਾਲੇ ਸਾਵਧਾਨ ਹੋ ਜਾਣ.ਪ੍ਰਸਿਧ ਅਖਬਾਰ ਜਗ ਬਾਣੀ ਵੱਲੋ ਇਸ ਪੂਰੀ ਖਬਰ ਨੂੰ ਪੜ੍ਹਨ ਲਈ ਤੁਸੀਂ ਏਥੇ ਵੀ ਕਲਿੱਕ ਕਰ ਸਕਦੇ ਹੋ ਅਤੇ ਇਸ ਖਬਰ ਦੇ ਨਾਲ ਪ੍ਰਕਾਸ਼ਿਤ ਇਸਦੀ ਕਤਰਨ ਵਾਲੀ ਤਸਵੀਰ ਤੇ ਵੀ. ਜੇ ਤੁਹਾਡੇ ਕੋਲ ਵੀ ਮੱਛੀ ਬਾਰੇ ਜਾਂ ਫੇਰ ਕਿਸੇ ਹੋਰ ਮਾਮਲੇ ਬਾਰੇ ਕੋਈ ਨਵੀਂ ਖਬਰ ਹੋਵੇ ਤਾਂ ਸਾਨੂੰ ਜ਼ਰੂਰ ਭੇਜੋ.ਅਸੀਂ ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕਰਾਂਗੇ.    --ਰੈਕਟਰ ਕਥੂਰੀਆ  

No comments: