Tuesday, July 26, 2022

ਲਿਬਰੇਸ਼ਨ ਸਮੇਤ ਕਈ ਖੱਬੇ ਪੱਖੀ ਸੰਗਠਨਾਂ ਵੱਲੋਂ ਸੁਰਜੀਤ ਗੱਗ ਦੀ ਤਿੱਖੀ ਆਲੋਚਨਾ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ 'ਤੇ ਟੋਪੀ ਦਿਖਾਉਂਦੀ ਫੋਟੋ ਛਾਪੀ 

ਲੁਧਿਆਣਾ: 26 ਜੁਲਾਈ 2022: (ਪੰਜਾਬ ਸਕਰੀਨ//ਕਾਮਰੇਡ ਸਕਰੀਨ ਬਿਊਰੋ)::
ਗੱਗ ਦੀ ਇਹ ਇਹ ਫੋਟੋ ਵਿਕੀਮੀਡੀਆ ਕਾਮਨਜ਼ ਤੋਂ ਧੰਨਵਾਦ ਸਹਿਤ
ਫੋਟੋ ਉੱਪਰ ਟੈਕਸਟ ਪੰਜਾਬ ਸਕਰੀਨ ਟੀਮ ਵੱਲੋਂ ਇਨਪੁਟ 
ਸਿਆਸੀ ਆਧਾਰ 'ਤੇ ਸ਼ਰਨ ਲੈ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਕਈ ਹੋਰ ਖੱਬੇ ਪੱਖੀ ਸੰਗਠਨਾਂ ਨੇ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜਾਹਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਅਤੇ  ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ  ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ। ਪਾਰਟੀ ਆਗੂਆਂ ਨੇ ਇਸਨੂੰ ਬੇਹੱਦ ਮੰਦਭਾਗਾ ਆਖਿਆ ਹੈ। ਇਨਕਲਾਬੀ ਕੇਂਦਰ ਪੰਜਾਬ ਅਤੇ ਪਲਸ ਮੰਚ ਨੇ ਵੀ ਗੱਗ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਇਸ ਫੋਟੋ ਤੇ ਸਖਤ ਇਤਰਾਜ਼ ਕੀਤਾ ਹੈ। ਕਹਾਣੀਕਾਰ ਅਤਰਜੀਤ ਸਿੰਘ ਅਤੇ ਹੋਰਨਾਂ ਨੇ ਵੀ ਇਸ ਫੋਟੋ ਦੇ ਪ੍ਰਕਾਸ਼ਨ ਨੂੰ ਇਤਰਾਜ਼ਯੋਗ ਅਤੇ ਸ਼ਰਾਰਤਪੂਰਨ ਦੱਸਿਆ ਹੈ। 
ਲਿਬਰੇਸ਼ਨ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ਉਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਦੇ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।
    
ਸੁਖਦਰਸ਼ਨ ਨੱਤ ਅਤੇ ਹਰਭਗਵਾਨ ਭੀਖੀ 
ਬਿਆਨ ਵਿਚ ਕਿਹਾ ਗਿਆ ਹੈ ਕਿ
ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸ਼ਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜ਼ੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ। ਕਾਮਰੇਡ ਹਰਭਗਵਾਨ ਭੀਖੀ ਨੇ ਵੀ ਇਸਦੀ ਸਖਤ ਨਿਖੇਧੀ ਕੀਤੀ ਹੈ। 

ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਹੈ ਕਿ ਸਾਥੀਓ, ਅਪਣੀ ਇਕ ਕਵਿਤਾ ਨਾਲ ਗੱਗ ਨੇ  ਸਿੱਖ ਭਾਈਚਾਰੇ ਨੂੰ ਭੜਕਾਉਣ ਵਾਲੀ ਬਾਬੇ ਨਾਨਕ ਦੀ ਇਹ ਫੋਟੋ ਫੇਸ ਬੁੱਕ ਉਤੇ ਪਾਈ ਹੈ। ਉਹ ਗੈਰ ਜ਼ਿੰਮੇਵਾਰ ਬੰਦਾ ਖੁਦ ਤਾਂ ਕਨੇਡਾ ਬੈਠਾ ਹੈ, ਪਰ ਹੇਠ "ਇਨਕਲਾਬ ਜ਼ਿੰਦਾਬਾਦ" ਲਿਖ ਕੇ ਉਹ ਆਪਣੀ ਇਸ ਕਰਤੂਤ ਨਾਲ ਸਿੱਖ ਨੌਜਵਾਨਾਂ ਨੂੰ ਸਮੁੱਚੇ ਕਾਮਰੇਡਾਂ ਖ਼ਿਲਾਫ਼ ਭੜਕਾਉਣ ਦੀ ਸਾਜਿਸ ਕਰ ਰਿਹਾ ਹੈ। ਸਾਨੂੰ ਉਸ ਦੀ ਇਸ ਕੋਝੀ ਹਰਕਤ ਦੀ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਅਪਣੇ ਆਪ ਨੂੰ ਇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲੈਣਾ ਚਾਹੀਦਾ ਹੈ। ਉਸ ਦੀ ਇਹ ਹਰਕਤ ਫਾਸ਼ੀਵਾਦ ਖ਼ਿਲਾਫ਼ ਮੋਰਚੇ ਵਿਚ ਘੱਟਗਿਣਤੀਆਂ , ਦਲਿਤਾਂ ਤੇ ਹੋਰ ਜਮਹੂਰੀ ਅਨਸਰਾਂ ਨੂੰ ਜੋੜਨ ਦੇ ਸਾਡੇ ਯਤਨਾਂ ਨੂੰ ਬੁਰੀ ਤਰਾਂ ਸਾਬੋਤਾਜ ਕਰਨ ਵਾਲੀ ਹੈ। ਇਸ ਲਈ ਸਾਰੇ ਆਗੂ ਸਾਥੀਆਂ ਨੂੰ ਇਸ ਦਾ ਤੁਰੰਤ ਨੋਟਿਸ ਲੈਦਿਆਂ ਇਸ ਬਾਰੇ ਹਰ ਜਿਲੇ 'ਚੋਂ ਪ੍ਰੈਸ ਅਤੇ ਸੋਸ਼ਲ ਮੀਡੀਆ ਉਤੇ ਨਿਖੇਧੀ ਦੇ ਬਿਆਨ ਜਾਰੀ ਕਰਨੇ ਚਾਹੀਦੇ ਨੇ। 

No comments: