Showing posts with label Shashi Kant IPS. Show all posts
Showing posts with label Shashi Kant IPS. Show all posts

Sunday, January 12, 2014

ਸਾਬਕਾ ਡੀਜੀਪੀ(ਜੇਲ੍ਹ) ਸ਼ਸ਼ੀ ਕਾਂਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿਰੁਧ ਲੋਕ ਰੋਹ ਭਖਿਆ

CPI ਨੇ ਕੀਤਾ ਲੁਧਿਆਣਾ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ 
ਲੁਧਿਆਣਾ: 12 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ//ਰਵੀ ਨੰਦਾ):
ਗਰਮੀਆਂ ਦੇ ਕਹਿਰ ਤੋਂ ਬਾਅਦ ਹੁਣ ਸਰਦੀਆਂ ਦਾ ਕਹਿਰ ਵੀ ਸਿਖਰਾਂ ਤੇ ਹੈ ਪਰ ਮੌਸਮ ਦੀ ਸਖਤੀ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀਆਂ ਦੀਆਂ ਸਰਗਰਮੀਆਂ ਲਗਾਤਾਰ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਸੀਪੀਆਈ ਨੇ ਲੁਧਿਆਣਾ ਵਿੱਚ ਇੱਕ ਰੋਹ ਭਰਿਆ ਮੁਜ਼ਾਹਰਾ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਹਰਕਤਾਂ ਵਿਰੁਧ ਰੋਹ ਪ੍ਰਗਟਾਇਆ। ਇਹ ਜ਼ੋਰਦਾਰ ਵਖਾਵਾ ਸਾਬਕਾ ਡੀਜੀਪੀ(ਜੇਲ੍ਹ) ਸ਼ਸ਼ੀ ਕਾਂਤ ਨੂੰ ਅਗਵਾ ਕੀਤੇ ਜਾਣ ਦੀ ਨਾਕਾਮ ਕੋਸ਼ਿਸ਼ ਦੇ ਖਿਲਾਫ਼ ਲੋਕ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਗਿਆ ਸੀ।  ਇਹ ਪ੍ਰੋਟੈਸਟ ਮਾਰਚ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਘੰਟਾਘਰ  ਤੱਕ ਗਿਆ ਅਤੇ ਐਤਵਾਰ ਦਾ ਦਿਨ ਹੋਣ ਕਾਰਨ ਇਸ ਇਲਾਕੇ ਦੀ ਭਾਰੀ ਭੀੜ ਤੱਕ ਆਪਣਾ ਸੁਨੇਹਾ ਬਹੁਤ ਹੀ ਕਾਮਯਾਬੀ ਨਾਲ ਪਹੁੰਚਾਇਆ। ਇਸ ਰੋਸ ਮਾਰਚ ਦੀ ਅਗਵਾਈ ਪਾਰਟੀ ਦੀ ਜ਼ਿਲਾ ਲੁਧਿਆਣਾ ਇਕਾਈ ਦੇ ਸਹਾਇਕ ਸਕੱਤਰ ਡਾਕਟਰ ਅਰੁਣ ਮਿੱਤਰਾ ਅਤੇ ਹੋਰ ਕਮਿਊਨਿਸਟ ਆਗੂਆਂ ਨੇ ਕੀਤੀ।  ਵਖਾਵਾਕਾਰੀਆਂ  ਇਸ ਗੈਰ ਲੋਕਰਾਜੀ ਹਰਕਤ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਦੱਸਿਆ ਕਿ ਲੋਕ ਰਾਜ ਦੇ ਹਮਾਇਤੀ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਭਾਰਤੀ ਕਮਿਉਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਸਾਬਕਾ ਡੀ ਜੀ ਪੀ ਜੇਲ੍ਹ ਸ਼੍ਰੀ ਸ਼ਸ਼ੀ ਕਾਂਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਫ਼ੌਰਨ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਹ ਉਦੋਂ ਵਾਪਰਿਆ ਹੈ ਜਦੋਂ ਡਰਗਜ਼ ਦੇ ਕੇਸ ਵਿੱਚ ਗ੍ਰਿਫ਼ਤਾਰ ਅੰਤਰਰਾਸ਼ਟ੍ਰੀ ਡਰਗ ਸਮਗਲਰ ਜਗਦੀਸ਼ ਭੋਲਾ ਵਲੋਂ ਸ: ਬਿਕਰਮਜੀਤ ਸਿੰਘ ਮਜੀਠੀਆ 'ਤੇ ਇਸ ਰੈਕਟ ਦਾ ਸਰਪ੍ਰਸਤ ਹੋਣ ਦਾ ਦੋਸ਼ ਲਾਇਆ ਗਿਆ ਹੈ। ਪਾਰਟੀ ਨੇ ਇਹਨਾਂ ਦੋਸ਼ਾਂ ਦੀ ਕੇਂਦਰੀ ਏਜੰਸੀ ਸੀ ਬੀ ਆਈ ਵਲੋਂ ਬਿਨਾ ਕਿਸੇ ਦਬਾਅ ਦੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਅੱਜ ਰੇਲਵੇ ਸਟੇਸ਼ਨ ਤੋਂ ਘੰਟਾਘਰ ਚੌਕ ਤੱਕ ਇੱਕ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਸਹਾਇਕ ਸਕੱਤਰ ਡਾ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਓ ਪੀ ਮਹਿਤਾ ਨੇ ਕਿਹਾ ਕਿ ਨਸ਼ਾ ਵਪਾਰ ਬਿਨਾ ਰਾਜਨੀਤਿਕ ਸ਼ੈਅ ਦੇ ਵੱਧ ਫ਼ੁੱਲ ਹੀ ਨਹੀਂ ਸਕਦਾ। ਪੰਜਾਬ ਅੰਦਰ ਲੱਖਾਂ ਨੌਜਵਾਨ ਨਸ਼ਿਆਂ ਦੇ ਕਹਿਰ ਤੋਂ ਪ੍ਰਭਾਵਿਤ ਹਨ। ਸਾਡੀ ਜਵਾਨੀ ਬਰਬਾਦ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਛੋਟੀਆਂ ਮੱਛੀਆਂ ਦੇ ਨਾਲ ਨਾਲ ਵੱਡੇ ਮਗਰਮੱਛ ਜਦੋਂ ਤੱਕ ਨਹੀਂ ਫ਼ੜੇ ਜਾਂਦੇ ਉਦੋਂ ਤੱਕ ਇਸ ਮਾਫ਼ੀਆ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਸ: ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਇਸ ਜਾਂਚ ਵਿੱਚ ਪੂਰਨ ਸਹਿਯੋਗ ਦੇਣ। ਨਸ਼ਿਆਂ ਦਾ ਵਪਾਰ ਅਪਰਾਧ ਨੂੰ ਵਧਾਉਂਦਾ ਹੈ ਤੇ ਲੋਕਤੰਤਰ ਲਈ ਗੰਭੀਰ ਖਤਰਾ ਹੈ।
ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਰਣਧੀਰ ਸਿੰਘ ਧੀਰਾ, ਕਾਮਰੇਡ ਕੁਲਦੀਪ ਬਿੰਦਰ, ਕਾਮਰੇਡ ਰਾਮਾਧਾਰ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਨਗੀਨਾ, ਕਾਮਰੇਡ ਆਨੋਦ ਕੁਮਾਰ, ਕਾਮਰੇਡ ਮਨਜੀਤ ਸਿੰਘ ਬੂਟਾ ਅਤੇ ਕਈ ਹੋਰ। 

Saturday, January 11, 2014

ਨਸ਼ਿਆਂ ਦੀ ਸਮਗਲਿੰਗ ਵਿੱਚ ਅਕਾਲੀ ਵੀ ਸ਼ਾਮਿਲ ਅਤੇ ਕਾਂਗਰਸੀ ਵੀ

ਸਾਬਕਾ ਡੀਜੀਪੀ ਸ਼ਸ਼ੀਕਾਂਤ ਅਦਾਲਤ ਵਿੱਚ ਹੀ ਕਰਨਗੇ ਨਾਵਾਂ ਦਾ ਖੁਲਾਸਾ 
ਪਟਿਆਲਾ: 10ਜਨਵਰੀ 2014:(ਪੰਜਾਬ ਸਕਰੀਨ): 
ਆਖਿਰ ਜਿਸ ਗੱਲ ਦਾ   ਸੀ ਖਦਸ਼ਾ ਉਹੀ ਹੋਈ। ਪਹਿਲਾਂ ਸਾਬਕਾ ਡੀ. ਜੀ. ਪੀ. (ਜੇਲ੍ਹ) ਸ਼੍ਰੀ ਸ਼ਸ਼ੀਕਾਂਤ  ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਤੇ ਫੇਰ ਉਹਨਾਂ ਨੂੰ ਉਹਨਾਂ ਦੀ  ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਉਹਨਾਂ ਦੀ ਨਜ਼ਰਬੰਦੀ।ਇਸ ਸਭਕੁਝ ਦੇ ਬਾਵਜੂਦ ਸ਼ਸ਼ੀਕਾਂਤ ਨੇ ਜਾਰੀ ਰੱਖਿਆ ਆਪਣਾ ਮਿਸ਼ਨ। ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਪਟਿਆਲਾ ਵਿਖੇ ਫੋਨ 'ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਸਾਫ ਕਰ ਦਿੱਤਾ ਕਿ ਉਹ ਹਰ ਹਾਲ ਵਿਚ ਨਸ਼ਿਆਂ ਦੀ ਸਮਗਲਿੰਗ ਵਿਚ ਸ਼ਾਮਲ ਸਿਆਸੀ ਆਗੂਆਂ ਅਤੇ ਪੁਲਸ ਅਧਿਕਾਰੀਆਂ ਦੇ ਨਾਮ ਜਨਤਕ ਕਰਨਗੇ। 
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਵਾਰ-ਵਾਰ ਪੰਜਾਬ ਪੁਲਸ ਅਤੇ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਨਸ਼ਿਆਂ ਦੀ ਸਮਗਲਿੰਗ ਦੇ ਇਸ ਕਾਰੋਬਾਰ ਵਿਚ ਸ਼ਾਮਲ ਆਗੂਆਂ ਅਤੇ ਪੁਲਸ ਅਫਸਰਾਂ ਦੇ ਨਾਮ ਮਾਨਯੋਗ ਅਦਾਲਤ ਦੇ ਸਾਹਮਣੇ ਹੀ ਜਨਤਕ ਕਰਨਗੇ, ਕਿਉਂਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਤੋਂ ਕਿਸੇ ਤਰ੍ਹਾਂ ਦੇ ਇਨਸਾਫ ਦੀ ਕੋਈ ਆਸ ਨਹੀਂ ਹੈ। ਇਸ ਲਈ ਪੰਜਾਬ ਪੁਲਸ ਜਾਂ ਕਿਸੇ ਹੋਰ ਏਜੰਸੀ ਦੇ ਸਾਹਮਣੇ ਕਿਸੇ ਦਾ ਨਾਂ ਲੈਣ ਦਾ ਕੋਈ ਲਾਭ ਹੀ ਨਹੀਂ ਹੈ। ਉਹਨਾਂ ਇਹ ਗੱਲ ਪੂਰੀ ਗੰਭੀਰਤਾ ਅਤੇ ਸਹਿਜ ਨਾਲ ਕਹੀ। 

ਜ਼ਿਕਰਯੋਗ ਹੈ ਕਿ ਸ਼੍ਰੀ ਸ਼ਸ਼ੀਕਾਂਤ ਐੱਨ. ਐੱਸ. ਯੂ. ਆਈ. ਦੇ ਸਾਬਕਾ ਸੂਬਾ ਪ੍ਰਧਾਨ ਅਤੇ ਐਂਟੀ ਟੈਰੇਰਿਸਟ ਫਰੰਟ ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਪ੍ਰਧਾਨ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਵਿਚ ਹਿੱਸਾ ਲੈਣ ਲਈ ਜਾਣ ਵਾਲੇ ਸਨ, ਜਿਸ ਸਮੇਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਫੋਨ 'ਤੇ ਵਿਸਥਾਰ ਨਾਲ ਵਾਰਤਾਲਾਪ ਕੀਤੀ ਅਤੇ ਕਈ ਗੰਭੀਰ ਇਸ਼ਾਰੇ ਵੀ ਦਿੱਤੇ। ਸਾਬਕਾ ਡੀ. ਜੀ. ਪੀ. ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੈ। ਪੰਜਾਬ ਸਰਕਾਰ ਜਾਂ ਫਿਰ ਪੰਜਾਬ ਪੁਲਸ ਕਿਸੇ ਵੀ ਸਮੇਂ ਉਨ੍ਹਾਂ ਨੂੰ ਅਗਵਾ ਕਰਕੇ ਮਰਵਾ ਸਕਦੀ ਹੈ। ਸਰਕਾਰ ਦੀਆਂ ਹਰਕਤਾਂ ਤੋਂ ਸਾਫ ਹੈ ਕਿ ਕਦੇ ਵੀ ਉਨ੍ਹਾਂ ਨਾਲ ਧੱਕਾ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਨਸ਼ਿਆਂ ਦੀ ਸਮਗਲਿੰਗ ਵਿਚ ਸ਼ਾਮਲ ਵਿਅਕਤੀਆਂ ਦੇ ਨਾਮ ਸਾਹਮਣੇ ਨਾ ਲਿਆ ਸਕਣ।

ਸਾਬਕਾ ਡੀ. ਜੀ. ਪੀ. ਨੇ ਸਾਫ ਕੀਤਾ ਕਿ ਪੰਜਾਬ ਦੇ ਕਈ ਨੇਤਾ ਏਸ ਨਸ਼ਾ ਤਸਕਰੀ 'ਚ ਸ਼ਾਮਲ ਹਨ, ਜਿਨ੍ਹਾਂ ਵਿਚ ਸੱਤਾਧਾਰੀ ਗਠਜੋੜ ਦੇ ਆਗੂ, ਕਾਂਗਰਸ ਦੇ ਆਗੂ ਅਤੇ ਏਥੋਂ ਤੱਕ ਕਿ ਪੰਜਾਬ ਪੁਲਸ ਦੇ ਕਈ ਅਫਸਰ ਵੀ ਸ਼ਾਮਲ ਹਨ। ਇਸ ਦੌਰਾਨ ਪੱਤਰਕਾਰਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਹ ਕੋਈ ਇਕ-ਦੋ ਨਾਮ ਦੱਸ ਦੇਣ ਪਰ ਉਨ੍ਹਾਂ ਨੇ ਨਾਂ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਜਿਹੜੀ ਸਰਕਾਰੀ ਰਿਪੋਰਟ ਦੀ ਉਹ ਗੱਲ ਕਰ ਰਹੇ ਹਨ, ਉੁਸ ਨੂੰ ਜਨਤਕ ਕਿਉਂ ਨਹੀਂ ਕਰ ਦਿੰਦੇ ਤਾਂ ਸਾਬਕਾ ਡੀ. ਜੀ. ਪੀ. ਨੇ ਕਿਹਾ ਕਿ  ਨਿਯਮਾਂ-ਕਾਨੂੰਨਾਂ ਦੇ ਮੁਤਾਬਿਕ ਬਤੌਰ ਅਫਸਰ ਉਹ ਕਿਸੇ ਵੀ ਸਰਕਾਰੀ ਦਸਤਾਵੇਜ਼ ਨੂੰ ਜਨਤਕ ਨਹੀਂ ਕਰ ਸਕਦੇ ਪਰ ਉਹ ਮਾਨਯੋਗ ਅਦਾਲਤ ਦੇ ਸਾਹਮਣੇ ਐਫੀਡੇਵਿਟ ਲਗਾ ਕੇ ਉਨ੍ਹਾਂ ਲੋਕਾਂ ਦੇ ਨਾਮ ਜ਼ਰੂਰ ਦੇਣਗੇ, ਜੋ ਨਸ਼ੇ ਦੇ ਸੌਦਾਗਰਾਂ ਨਾਲ ਮਿਲ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਦਲਦਲ ਵਿਚ ਧਕੇਲਣ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਉਹ ਹੁਣ ਪਿਛੇ ਨਹੀਂ ਹਟਣਗੇ। 

ਇਸ ਤੋਂ ਬਾਅਦ ਐਂਟੀ ਟੈਰੇਰਿਸਟ ਫਰੰਟ ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਪ੍ਰਧਾਨ ਨੇ ਕਿਹਾ ਕਿ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਇਕ ਸਮਾਜ ਸੁਧਾਰਕ ਮੁਹਿੰਮ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਇਸ ਕਾਰੋਬਾਰ ਵਿਚ ਭਾਵੇਂ ਕਿਸੇ ਵੀ ਪਾਰਟੀ ਦਾ ਆਗੂ ਜਾਂ ਕਿਸੇ ਵੀ ਵਿਭਾਗ ਦਾ ਅਧਿਕਾਰੀ ਕਿਉਂ ਨਾ ਸ਼ਾਮਲ ਹੋਵੇ, ਉਹ ਉਸ ਦਾ ਵਿਰੋਧ ਕਰਨਗੇ ਅਤੇ ਕੋਈ ਵੀ ਵਿਅਕਤੀ ਜਿਹੜਾ ਨਸ਼ਿਆਂ ਦੇ ਖਿਲਾਫ ਲੜਾਈ ਲੜੇਗਾ ਉਸ ਦਾ ਸਾਥ ਦੇਣਗੇ। ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ, ਅਮਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਅਮਰਜੀਤ ਸਿੰਘ ਟਰੱਕ ਯੂਨੀਅਨ, ਅਮਰਿੰਦਰ ਸਿੰਘ ਘੁੰਮਣ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਕਈ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਭੋਲਾ ਦੇ ਬਿਆਨ ਤੋਂ ਬਾਅਦ ਪੈਦਾ ਹੋਆ ਸਥਿਤੀ ਅਤੇ ਹੁਣ ਸਾਬਕਾ ਡੀਜੀਪੀ ਦੀ ਨਜ਼ਰਬੰਦੀ ਕੁਲ ਮਿਲਾ ਕੇ ਪੰਜਾਬ ਦੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ? 

ਬੱਚ ਬੁਰੇ ਹਲਾਤਾ ਤੋ ਪੱਤਾ ਪੱਤਾ ਸਿੰਘਾ ਦਾ ਵੈਰੀ
ਨਜ਼ਰਬੰਦੀ ਤੋਂ ਬਾਅਦ ਦੇਰ ਰਾਤ ਨੂੰ ਉਹਨਾਂ ਆਪਣੇ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ :
Friends,
Now a days Punjab is being ruled by Massa Rangar.
Yes, this morning there was an attempt by 18-20 goons of Punjab police to kidnap me from my house in Chandigarh. They were in civil clothes and in private vehicles.

Chandigarh police said that it was non cognizance
Lolz
Hun assi sariyan nu apni izzat aap he bachauni paigi.
Waheguru ji kirpa karan.
15
Like ·  · 
ਕਰੀਬ 144 ਟਿੱਪਣੀਆਂ ਵਿੱਚੋਂ ਇੱਕ ਇਹ ਵੀ ਹੈ :
Prabh Dhaliwal ਬੱਚ ਬੁਰੇ ਹਲਾਤਾ ਤੋ ਪੱਤਾ ਪੱਤਾ ਸਿੰਘਾ ਦਾ ਵੈਰੀ

Saturday, October 19, 2013

ਅਪਰਾਧਾਂ ਤੇ ਨਸ਼ਿਆਂ ਦੇ ਖ਼ਿਲਾਫ਼ ਜਨ ਅੰਦੋਲਨ ਦੀ ਲੋੜ

ਲੁਧਿਆਣਾ ਸੈਮੀਨਾਰ ਦੌਰਾਨ ਸਾਹਮਣੇ ਆਈਆਂ ਕਈ ਕੌੜੀਆਂ ਹਕੀਕਤਾਂ 

ਸ਼੍ਰੀ ਸ਼ਸ਼ੀ ਕਾਂਤ
ਲੁਧਿਆਣਾ19ਅਕਤੂਬਰ2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ):ਸੋਸ਼ਲ ਥਿੰਕਰਜ਼ ਫ਼ੋਰਮ ਅਤੇ ਲੋਕ ਸਾਹਿਤ ਮੰਚ ਵਲੋਂ "ਵੱਧ ਰਹੇ ਅਪਰਾਧ-ਕਾਰਣ ਅਤੇ ਹੱਲ" ਵਿਸ਼ੇ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸੈਮੀਨਾਰ ਵਿੱਚ ਸ਼ਾਮਲ ਲੋਕਾਂ ਨੇ ਦਿਨੋਂ ਦਿਨ ਵਧ ਰਹੀ ਅਪਰਾਧ ਦੀ ਦਰ ਤੇ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਪੰਜਾਬ ਪ੍ਰਾਂਤ ਅਸੁਰਖਿਅਤ ਹੁੰਦਾ ਜਾ ਰਿਹਾ ਹੈ। ਲੁੱਟਾਂ-ਖੋਹਾਂ, ਚੋਰੀਆਂ ਅਤੇ ਡਕੈਤੀਆਂ ਦੇ ਨਾਲ-ਨਾਲ ਔਰਤਾਂ ਤੇ ਬੱਚਿਆਂ ਦੇ ਵਿਰੁੱਧ ਹੁੰਦੇ ਜੁਰਮਾਂ ਵਿੱਚ ਵੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਕੁੱਝ ਰਾਜਨੇਤਾਵਾਂ, ਪੁਲਿਸ ਅਤੇ ਅਫ਼ਸਰਸ਼ਾਹੀ ਦੀ ਸਰਪਰਸਤੀ ਕਰਕੇ ਮਾਫ਼ੀਏ ਦੇ ਪੈਰ ਜੰਮ ਗਏ ਹਨ। ਇਸ ਮੌਕੇ ਤੇ ਬੋਲਦਿਆਂ ਸਾਬਕਾ ਡੀ ਜੀ ਪੀ ਜੇਲ੍ਹ ਪੰਜਾਬ ਸ਼੍ਰੀ ਸ਼ਸ਼ੀ ਕਾਂਤ ਨੇ ਚੇਤਾਵਨੀ ਦਿੱਤੀ ਕਿ ਮਾਫ਼ੀਆ ਖਾਸ ਕਰ ਕੇ ਡਰਗ ਮਾਫ਼ੀਆ ਬਹੁਤ ਮਜ਼ਬੂਤ ਹੋ ਚੁੱਕਾ ਹੈ ਅਤੇ ਇਸਨੇ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਲਾ ਕੇ ਬਰਬਾਦ ਕਰ ਦਿੱਤਾ ਹੈ ਜੋ ਕਿ ਪੰਜਾਬ ਵਿੱਚ ਅਪਰਾਧਾਂ ਦੀ ਦਰ ਵਧਣ ਦਾ ਇੱਕ ਵੱਡਾ ਕਾਰਣ ਬਣ ਗਿਆ ਹੈ। ਉਹਨਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰਾਂ ਦਾ ਮਾਫ਼ੀਆ ਰਾਜਨੀਤਿਕ ਸ਼ਹਿ ਅਤੇ ਸਰਪ੍ਰਸਤੀ ਤੋਂ ਬਿਨਾ ਵੱਧ ਫ਼ੁੱਲ ਨਹੀਂ ਸਕਦਾ। ਅਪਰਾਧੀ ਪ੍ਰਵਿਰਤੀ ਦੇ ਲੋਕਾਂ ਦੇ ਵਲੋਂ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕਰਕੇ, ਜਾਤ ਪਾਤ ਅਤੇ ਫ਼ਿਰਕੂ ਨਾਅਰਿਆਂ ਕਰਕੇ ਚੋਣਾਂ ਜਿੱਤ ਕੇ ਸੰਸਦ ਅਤੇ ਅਸੈਂਬਲੀਆਂ ਵਿੱਚ ਆਉਣ ਦੇ ਕਾਰਣ ਲੋਕਤੰਤ੍ਰਿਕ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਲੋਕਾਂ ਦਾ ਇਹਨਾਂ ਸੰਸਥਾਵਾਂ ਵਿੱਚ ਵਿਸ਼ਵਾਸ ਡੋਲਦਾ ਜਾ ਰਿਹਾ ਹੈ। ਇਹ ਦੇਸ਼ ਅਤੇ ਸਮਾਜ ਦੇ ਲਈ ਘਾਤਕ ਹੈ।
ਸ਼੍ਰੀ ਵਿਜੈ ਸਿਮਹਾ
ਤਹਿਲਕਾ ਡਾਟ ਕਾਮ ਦੇ ਸਾਬਕਾ ਕਾਰਜਕਾਰੀ ਸੰਪਾਦਕ ਸ਼੍ਰੀ ਵਿਜੈ ਸਿਮਹਾ ਜੋ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਹਨ, ਦਿੱਲੀ ਤੋਂ ਉਚੇਚੇ ਤੌਰ ਤੇ ਇਸ ਗੋਸ਼ਟੀ ਵਿੱਚ ਸ਼ਾਮਲ ਹੋਏ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਵਧਣ ਦਾ ਪ੍ਰਮੁੱਖ ਕਾਰਨ ਹੈ ਕਿ ਉਹਨਾਂ ਦੇ ਸਾ੍ਹਮਣੇ ਕੋਈ ਰੋਲ ਮਾਡਲ ਨਹੀਂ ਤੇ ਨਸ਼ੇ ਅਸਾਨੀ ਨਾਲ ਮੁੱਹਈਆ ਹੋਣ ਕਰਕੇ ਉਹ ਇਹਨਾਂ ਦਾ ਸ਼ਿਕਾਰ ਬਣ ਜਾਂਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਸੂਬਾਈ ਸਰਕਾਰ ਨਸ਼ਿਆਂ ਦੇ ਮਾਫ਼ੀਆ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਨਿਸ਼ਾਨਾਂ ਬਣਾ ਰਹੀ ਹੈ ਅਤੇ ਉਹਨਾਂ ਨੂੰ ਮਰਵਾਇਆ ਵੀ ਜਾ ਸਕਦਾ ਹੈ, ਉਹਨਾਂ ਨੇ ਕਿਹਾ। ਸ਼੍ਰੀ ਸਿਮਹਾ ਨੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੁਝ ਨੁਕਤੇ ਸੁਝਾਏ। ਜਿਵੇਂ ਕਿ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਸਮਾਜ ਦਾ ਦੁਸ਼ਮਣ ਸਮਝਿਆ ਜਾਵੇ। ਇਹ ਵਿਸ਼ਾ ਕਿਤਾਬਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਇਸਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸਮਝਾਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਵਰਤਾਉ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਸੂਬੇ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਧੰਦਿਆਂ ਦੇ ਨੈਟਵਰਕ ਨੂੰ ਤਹਿਸ ਨਹਿਸ ਕਰੇ ਭਾਵੇਂ ਉਸ ਵਿੱਚ ਜਿੱਨੇਂ ਮਰਜ਼ੀ ਅਸਰ ਰਸੂਖ ਵਾਲੇ ਲੋਕ ਸ਼ਾਮਲ ਹੋਣ।
ਸ਼੍ਰੀ ਮਿੱਤਰ ਸੈਨ ਮੀਤ
ਸ਼੍ਰੀ ਮਿੱਤਰ ਸੈਨ ਮੀਤ, ਸਾਬਕਾ ਜ਼ਿਲ੍ਹਾ ਅਟਾਰਨੀ ਲੁਧਿਆਣਾ ਨੇ ਬੋਲਦਿਆਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਵਿੱਚ ਚੋਰ ਮੋਰੀਆਂ ਹੋਣ ਕਰਕੇ ਮੁਜਰਮ ਗਵਾਹਾਂ ਦੀ ਅਣਹੋਂਦ ਕਰਕੇ ਬਚ ਜਾਂਦੇ ਹਨ। ਨਸ਼ਾਖੋਰੀ ਦੇ ਕੋਹੜ ਨੂੰ ਰੋਕਣ ਲਈ ਕਾਨੂੰਨੀ ਪ੍ਰਕਿਰਿਆ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਇਸ ਪ੍ਰਕਿਰਿਆ ਦੀ ਪਹਿਲੀ ਕੜੀ ਪੁਲਿਸ ਹੈ ਜੋ ਮੁੱਢਲੇ ਕਾਨੂੰਨਾਂ ਦੀ ਪੂਰੀ ਜਾਣਕਾਰੀ ਨਾਂ ਹੋਣ ਕਰਕੇ ਕੋਰਟਾਂ ਵਿੱਚ ਕਮਜ਼ੋਰ ਚਾਰਜਸ਼ੀਟ ਦਾਇਰ ਕਰਦੀ ਹੈ। ਗੈਰ ਵਿਗਿਆਨਿਕ ਤਰੀਕੇ ਨਾਲ ਕੀਤੀ ਤਫ਼ਤੀਸ਼ ਕਰਕੇ ਮੁਜਰਮ ਫ਼ਾਇਦਾ ਲੈ ਜਾਂਦੇ ਹਨ ਤੇ ਬਰੀ ਹੋ ਜਾਂਦੇ ਹਨ। ਦੂਸਰੀ ਕੜੀ ਹੈ ਕਚਿਹਰੀ ਅਤੇ ਇੱਥੇ ਵੀ ਬਹੁਤ ਵੇਰ ਤਕਨੀਕੀ ਕਾਰਨਾ ਕਰਕੇ ਸੰਗੀਨ ਜੁਰਮ ਕਰਣ ਵਾਲੇ ਅਪਰਾਧੀ ਵੀ ਛੁੱਟ ਜਾਂਦੇ ਹਨ। ਇਸ ਤਰਾਂ ਪੇਸ਼ੇਵਰ ਅਪਰਾਧੀਆਂ ਦੇ ਹੌਸਲੇ ਵਧਦੇ ਹਨ ਅਤੇ ਉਹ ਹੋਰ ਜੁਰਮ ਕਰਦੇ ਹਨ। ਤੀਜੀ ਕੜੀ ਜੇਲ ਵੀ ਆਪਣੀ ਜੁੰਮੇਵਾਰੀ ਠੀਕ ਢੰਗ ਨਾਲ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਅਮੀਰ ਤੇ ਅਸਰ ਰਸੂਖ ਵਾਲੇ ਅਤੇ ਅਪਰਾਧੀ ਰਾਜਨੇਤਾਵਾਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਕੈਦ ਵਿੱਚ ਰੱਖਣ ਦੇ ਮਕਸਦ ਨੂੰ ਹੀ ਨਕਾਰ ਦਿੰਦੀਆਂ ਹਨ।
ਡਾ ਅਰੁਣ ਮਿੱਤਰਾ 
ਡਾ ਅਰੁਣ ਮਿੱਤਰਾ ਨੇ ਕਿਹਾ ਕਿ ਨਵ ਉਦਾਰਵਾਦੀ ਆਰਥਿਕ ਨੀਤੀਆਂ ਕਰਕੇ ਹਰ ਖੇਤਰ ਵਿੱਚ ਹੋਏ ਨਿੱਜੀਕਰਨ ਕਾਰਣ ਤੇਜੀ ਨਾਲ ਪੈਸਾ ਕਮਾਉਣ ਦੀ ਦੌੜ ਵਿੱਚ ਵਾਧਾ ਹੋਇਆ ਹੈ। ਇਸ ਨਾਲ ਕਿਸੇ ਵੀ ਚੰਗੇ ਭੈੜੇ ਤਰੀਕੇ ਨਾਲ ਵੱਧੋ ਵੱਧ ਮੁਨਾਫ਼ਾ ਕਮਾਉਣ ਦੀ ਲਾਲਸਾ ਵੱਧ ਰਹੀ ਹੈ। ਆਰਥਿਕ ਜੁਰਮਾਂ ਤੇ ਅਧਾਰਿਤ ਹੋਰ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਸਾਰੀ ਦੁਨੀਆਂ ਵਿੱਚ ਨਸ਼ੇ ਦਾ ਵਪਾਰ ਸਭ ਤੋਂ ਵੱਡਾ ਵਪਾਰ ਬਣ ਗਿਆ ਹੈ। ਅਤੀ ਅਮੀਰ ਸ਼੍ਰੇਣੀ ਵਿੱਚ ਅੱਤ ਦਾ ਲੋਭ ਪੈਦਾ ਹੋ ਗਿਆ ਹੈ ਅਤੇ ਪੈਸੇ ਦੀ ਹੱਵਸ ਵਧ ਗਈ ਹੈ। ਮੱਧ ਵਰਗ ਅਮੀਰ ਬਣਨ ਦੇ ਸੁਪਨੇ ਲੈਂਦਾ ਹੈ ਤੇ ਕੇਵਲ ਭਰਮ ਪਾਲਦਾ ਰਹਿੰਦਾ ਹੈ । ਅਮੀਰ ਸ਼੍ਰੇਣੀ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਜੁਰਮ ਕਰਦੀ ਹੈ ਜਦੋਂ ਕਿ ਗਰੀਬ ਸ਼੍ਰੇਣੀ ਹੱਢ ਭੰਨਵੀਂ ਮਿਹਨਤ ਦੇ ਬਾਵਜੂਦ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਾਂ ਹੋਣ ਤੇ ਕਈ ਵੇਰ ਜੁਰਮ ਕਰਨ ਲਈ ਮਜਬੂਰ ਹੋ ਜਾਂਦੀ ਹੈ।
ਸ਼੍ਰੀ ਐਮ ਐਸ ਭਾਟੀਆ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਵਿਸ਼ੇ ਤੇ ਆਮ ਬਹਿਸ ਨੂੰ ਅਰੰਭਿਆ ਜਿਸ ਵਿੰਚ ਅਨੇਕਾਂ ਲੋਕ ਸ਼ਾਮਲ ਹੋਏ।
ਡਾ ਐਲ ਐਸ ਚਾਵਲਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸੰਸਥਾਪਕ ਉਪ ਕੁਲਪਤੀ ਨੇ ਪਰਬੰਧਕਾਂ ਦੇ ਇਸ ਉਦੱਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਪਰਾਧ ਇੱਕ ਗੰਭੀਰ ਮੈਡੀਕਲ ਸਮੱਸਿਆ ਵੀ ਹਨ।
ਅੰਤ ਵਿੱਚ ਜੁਰਮਾਂ ਨੂੰ ਰੋਕਣ ਦੇ ਲਈ ਹੇਠ ਲਿਖੇ ਸੁਝਾਅ ਦਿੱਤੇ ਗਏ।
1. ਪੁਰਾਣੇ ਕਾਨੂੰਨਾਂ ਨੂੰ ਬਦਲ ਕੇ ਨਵੇਂ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਤਾਂ ਜੋ ਮੁਕੱਦਮਿਆਂ ਦੇ ਨਿਪਟਾਰੇ ਵਿੱਚ ਸਮਾਂ ਬਰਬਾਦ ਨਾ ਹੋਵੇ ਤੇ ਦੋਸ਼ੀਆਂ ਨੂੰ ਤੁਰੰਤ ਸਜਾਵਾਂ ਹੋਣ ।
2. ਤਫਤੀਸ਼ ਵਿਗਿਆਨਕ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀ ਨੂੰ ਬਰੀ ਹੋਣ ਦੇ ਮੌਕੇ ਨਾ ਮਿਲਣ ।
3. ਪੁਲਸ, ਖਾਸ ਕਰ ਤਫਤੀਸ਼ ਕਰਨ ਵਾਲੀ ਸ਼ਾਖਾ ਪੂਰੀ ਤਰ੍ਹਾਂ ਸਿਆਸੀ ਦਖ਼ਲ ਤੋਂ ਮੁਕਤ ਹੋਣੀ ਚਾਹੀਦੀ ਹੈ ।
4. ਚੋਣ ਪ੍ਰਕਿਰਿਆ ਵਿੱਚ ਪੈਸੇ ਅਤੇ ਤਾਕਤ ਦੀ ਦੁਰਵਰਤੋਂ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ । ਇਸ ਉਦੇਸ਼ ਦੀ ਪ੍ਰਾਪਤੀ ਲਈ ਚੋਣ ਪ੍ਰਕਿਰਿਆ ਸਬੰਧੀ ਨਿਯਮਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ।
5. ਆਰਥਿਕ ਨੀਤੀਆਂ ਲੋਕ ਪੱਖੀ ਹੋਣੀਆਂ ਚਾਹੀਦੀਆਂ ਹਨ ਨਾ ਕਿ ਮੁਨਾਫ਼ਾ ਪੱਖੀ ।
6. ਅਖੌਤੀ ਵੀ ਆਈ ਪੀਆਂ ਨਾਲ ਲਗਿੱਆ ਅਮਲਾ ਫ਼ੈਲਾ ਹਟਾ ਕੇ ਆਮ ਲੋਕਾਂ ਦੀ ਸੇਵਾ ਵਿੱਚ ਲਾਇਆ ਜਾਣਾ ਚਾਹੀਦਾ ਹੈ।
7. ਨਾਗਰਿਕਾਂ ਨੂੰ ਹਥਿਆਰਾਂ ਦੇ ਲਾਇਸੰਸ ਦੇਣੇ ਬੰਦ ਕੀਤੇ ਚਾਹੀਦੇ ਹਨ। ਆਮ ਨਾਗਰਿਕਾਂ ਦੀ ਸੁੱਰਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ।
ਬਹਿਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਪ੍ਰਮੁੱਖ ਸਨ ਨਵਲ ਛਿੱਬੜ ਐਡਵੋਕੇਟ, ਡੀ ਪੀ ਮੌੜ, ਮੇਜਰ ਰਿਟਾ ਸ਼ੇਰ ਸਿੰਘ ਔਲਖ, ਡਾ ਰਾਜਿੰਦਰ ਪਾਲ ਸਿੰਘ ਔਲਖ, ਗੁਰਚਰਨ ਕੌਰ ਕੋਚਰ, ਰਮੇਸ਼ ਰਤਨ, ਮਨਜੀਤ ਸਿੰਘ ਬੂਟਾ, ਕੁਲਦੀਪ ਸਿੰਘ ਬਿੰਦਰ ਅਦਿ।