Showing posts with label New Kundan Puri. Show all posts
Showing posts with label New Kundan Puri. Show all posts

Sunday, September 03, 2017

ਗੁਰਦਵਾਰਾ ਦੁੱਖ ਭੰਜਨ ਸਾਹਿਬ ਵਿਚ ਯਾਦਗਾਰੀ ਗੁਰਮਤਿ ਸਮਾਗਮ

ਭਾਜਪਾ ਆਗੂ ਪ੍ਰਵੀਨ ਬਾਂਸਲ ਵੀ ਉਚੇਚੇ ਤੌਰ 'ਤੇ ਪੁੱਜੇ  
ਲੁਧਿਆਣਾ: 2 ਸਤੰਬਰ 2017 (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਰੱਬ ਹੈ ਜਾਂ ਨਹੀਂ ਇਸ ਬਾਰੇ ਵਿਵਾਦ ਸਦੀਆਂ ਤੋਂ ਚਲਿਆ ਆ ਰਿਹਾ ਹੈ ਪਰ ਇੱਕ ਗੱਲ ਸੱਚ ਹੈ ਕਿ ਜਿਸ ਨੂੰ ਪਰਮਾਤਮਾ ਦਾ ਡਰ ਹੋਵੇ ਉਹ ਵਿਅਕਤੀ ਕਿਸੇ ਨਾਲ ਵਧੀਕੀ ਕਰਦਿਆਂ ਕਈ ਵਾਰ ਸੋਚਦਾ ਹੈ।  ਇਸ ਤਰ੍ਹਾਂ ਪਰਮਾਤਮਾ ਦਾ ਡਰ ਦੁਨੀਆ ਦੇ ਇਨਸਾਫ ਨੂੰ ਬਣਾਈ ਰੱਖਣ ਵਿੱਚ ਸਹਾਈ ਸਾਬਿਤ ਹੁੰਦਾ ਹੈ। ਪੂੰਜੀਵਾਦੀ ਦੌਰ ਵਿੱਚ ਜਿਸ ਤਰਾਂ ਇਹ ਡਰ ਘਟਦਾ ਜਾ ਰਿਹਾ ਹੈ ਉਹ ਇੱਕ ਚਿੰਤਾ ਵਾਲੀ ਗੱਲ ਹੈ। ਜਦੋਂ ਤੱਕ ਇਨਸਾਨ ਦੀ ਇਨਸਾਨੀਅਤ ਪੂਰੀ ਤਰ੍ਹਾਂ ਨਹੀਂ ਜਾਗਦੀ ਉਦੋਂ ਤੱਕ ਇਸ ਡਰ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਅਦਿੱਖ ਪ੍ਰਮਾਤਮਾ ਦੇ ਖੌਫ ਅਤੇ ਪ੍ਰੇਮ ਨੂੰ ਬਣਾਈ ਰੱਖਣ ਵਿੱਚ ਅਧਿਆਤਮਿਕ ਪ੍ਰੋਗਰਾਮ ਬਹੁਤ ਸਹਾਈ ਹੁੰਦੇ ਹਨ। ਅਜਿਹਾ ਹੀ ਇੱਕ ਪ੍ਰੋਗਰਾਮ ਸੀ ਨਿਊ ਕੁੰਦਨ ਪੂਰੀ ਦੇ ਗੁਰਦਵਾਰਾ ਦੁੱਖ ਭੰਜਨ ਸਾਹਿਬ ਵਿਖੇ ਬੀਤੀ ਰਾਤ 2 ਸਤੰਬਰ ਨੂੰ। ਨਾਸਤਿੱਕਤਾ ਅਤੇ ਪੈਸੇ ਦੇ ਹੰਕਾਰ ਦੀ ਹਨੇਰੀ ਨੂੰ ਠੱਲ ਪਾਉਣ ਦੇ ਸਫਲ ਜਤਨਾਂ ਵਾਲਾ ਇਹ ਗੁਰਮਤਿ ਸਮਾਗਮ 6 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ ਦੇ 12 ਵਜੇ ਤੱਕ ਚੱਲਿਆ। ਇਸ ਮੌਕੇ ਭਾਈ ਪ੍ਰਿੰਸ ਪਾਲ  ਸਿੰਘ, ਗਿਆਨੀ ਨਿਰਮਲ ਸਿੰਘ, ਭਾਈ ਹਰਵਿੰਦਰ ਸਿੰਘ ਅਤੇ ਭਾਈ ਰਾਣਾ ਪ੍ਰਤਾਪ ਸਿੰਘ ਜੀ ਦੇ ਜੱਥਿਆਂ ਨੇ ਕੀਰਤਨ ਅਤੇ ਕਥਾ ਵਿਖਿਆਨਾਂ ਰਾਹੀਂ ਮਨੁੱਖ ਨੂੰ ਸਮਝਾਇਆ ਅਗਲੇ ਸਾਹ ਦਾ ਵੀ ਕੋਈ ਭਰੋਸਾ ਨਹੀਂ ਇਸ ਲਈ ਦੁਨਿਆਵੀ ਚੀਜ਼ਾਂ 'ਤੇ ਮਨ ਕਰਨ ਦੀ ਬਜਾਏ ਆਪਣੀ ਲਿਵ ਉਸ ਪਰਮਾਤਮਾ ਨਾਲ ਜੋੜਨ ਰਹਿਣ ਨਾਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜਾ ਕਦੇ ਕਿਸੇ ਨੂੰ ਧੋਖਾ ਨਹੀਂ ਦੇਂਦਾ। ਉਸਦੇ ਨਾਮ ਵਿੱਚ ਲੈਣ ਰਹਿਣ ਦੀ ਕੋਸ਼ਿਸ਼ ਨਾਲ ਮਨ ਇਕਾਗਰ ਰਹਿੰਦਾ ਹੈ, ਦਿਮਾਗ ਵੀ ਇੱਕ ਥਾਂ ਟਿਕਿਆ ਰਹਿੰਦਾ ਹੈ ਅਤੇ ਇਸ ਨਾਲ ਮਨੁੱਖ ਦੇ ਦੁਨਿਆਵੀ ਕੰਮ ਵੀ ਠੀਕ ਹੁੰਦੇ ਜਾਂਦੇ ਹਨ। 
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਰਮਨ ਪਿਆਰੇ ਲੋਕ ਆਗੂ ਪ੍ਰਵੀਨ ਬਾਂਸਲ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਉਹਨਾਂ ਕਾਫੀ ਸਮੇਂ ਤੱਕ ਇਲਾਹੀ ਬਾਣੀ ਕੀਰਤਨ ਦਾ ਆਨੰਦ ਮਾਣਿਆ।  
ਇਹ ਬਹੁਤ ਹੀ ਤੱਸਲੀ ਵਾਲੀ ਗੱਲ ਹੈ ਕਿ ਇਸ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਜਿਹੇ ਪ੍ਰੋਗਰਾਮ ਅਕਸਰ ਕਰਾਉਂਦੀ ਰਹਿੰਦੀ ਹੈ। ਅਜਿਹੇ ਪ੍ਰੋਗਰਾਮਾਂ ਦੇ ਲਗਾਤਾਰ ਹੋਣ ਨਾਲ ਸਰੱਬਤ ਦੇ ਭਲੇ ਵਾਲੀ ਭਾਵਨਾ ਦਾ ਸੁਨੇਹਾ ਦੇਣ ਵਾਲੀ ਸਿੱਖੀ ਵੀ ਪ੍ਰਫੁਲਿਤ ਹੁੰਦੀ ਹੈ। ਅੱਜ ਕੱਲ੍ਹ ਮਹਿੰਗਾਈ ਅਤੇ ਜੀ ਐਸ ਟੀ ਦੇ ਜ਼ਮਾਨੇ ਵਿੱਚ ਵੀ ਗੁਰਦਵਾਰਾ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਲਗਾਇਆ ਗਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ ਗਈ।  ਚਾਹ ਦੇ ਲੰਗਰ ਵੀ ਲੱਗੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। 

Monday, September 14, 2015

ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਫਿਰ ਗੁੰਡਾਗਰਦੀ

ਲੁਧਿਆਣਾ ਦੀ ਨਿਊ ਕੁੰਦਨਪੁਰੀ 'ਚ ਹੋਇਆ ਦੋ ਗੁੱਟਾਂ ਵਿਚਾਲੇ ਟਕਰਾਓ 
ਲੁਧਿਆਣਾ: 14 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਅਮਨ ਕਾਨੂੰਨ ਦੇ ਅਨੇਕ ਪ੍ਰਬੰਧਾਂ ਦੇ ਬਾਵਜੂਦ ਗੁੰਡਾਗਰਦੀ ਦੀਆਂ ਘਟਨਾਵਾਂ ਜਾਰੀ ਹਨ। ਸਿਵਲ ਲਾਈਨਜ਼ ਵਿੱਚ ਪੈਂਦੇ ਥਾਣਾ  ਨੰਬਰ ਚਾਰ ਦੇ ਇਲਾਕੇ ਨਿਊ ਕੁੰਦਨਪੁਰੀ ਵਿਚ ਦੋ ਗੁੱਟਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ ਵਿਚ ਘਟੋਘੱਟ 6 ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਵਿਅਕਤੀਆਂ ਵਿਚ ਕਾਲਾ ਸਹੋਤਾ, ਉਸਦਾ ਲੜਕੇ ਕੁੰਦਨ ਵਿਸ਼ਾਲ ਅਤੇ ਦੋਸਤ ਸ਼ੈਕੀ ਤੋਂ ਇਲਾਵਾ ਦੋ ਹੋਰ ਨੌਜਵਾਨਾਂ ਦੇ ਵੀ ਸੱਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ। ਕੁੰਦਨ ਅਤੇ ਵਿਸ਼ਾਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਲਾ ਸਹੋਤਾ ਦੀ ਪਤਨੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਕੁਝ ਨੌਜਵਾਨ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸਦੇ ਪਤੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਇਹ ਨੌਜਵਾਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਅੱਜ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਆ ਗਏ ਅਤੇ ਘਰ ਦੇ ਬਾਹਰ ਖੜੇ ਉਸਦੇ ਲੜਕੇ ਕੁੰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਸਦੇ ਪਤੀ ਕਾਲਾ ਅਤੇ ਹੋਰ ਲੋਕ ਉਥੇ ਆਏ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਲੜਾਈ ਦੌਰਾਨ ਬੋਤਲਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ | ਇਸ ਲੜਾਈ ਵਿਚ ਹਮਲਾਵਰਾਂ ਦੇ ਵੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਹਮਲਾਵਰ ਉਥੋਂ ਫਰਾਰ ਹੋ ਗਏ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਸੀ ਹੋ ਸਕੀ।ਹੁਣ ਦੇਖਣਾ ਹੈ ਪੁਲਿਸ ਦੇ ਹੱਥ ਅਸਲੀ ਦੋਸ਼ੀਆਂ ਤੱਕ ਕਦੋਂ ਤੱਕ ਪਹੁੰਚਦੇ ਹਨ?